ਅਮਰੀਕਾ ਦੇ ਇਕ ਮਿਡਲ ਸਕੂਲ ਦੇ 3 ਵਿਦਿਆਰਥੀਆਂ ਵਿਰੁੱਧ ਨਫਰਤੀ ਅਪਰਾਧ ਤਹਿਤ ਮਾਮਲਾ ਦਰਜ

ਅਮਰੀਕਾ ਦੇ ਇਕ ਮਿਡਲ ਸਕੂਲ ਦੇ 3 ਵਿਦਿਆਰਥੀਆਂ ਵਿਰੁੱਧ ਨਫਰਤੀ ਅਪਰਾਧ ਤਹਿਤ ਮਾਮਲਾ ਦਰਜ

* ਵਿਦਿਆਰਥੀਆਂ ਉਪਰ ਸਕੂਲ ਕੈਂਪਸ ਵਿਚ ਦਾਖਲ ਹੋਣ 'ਤੇ ਲਾਈ ਰੋਕ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 12 ਮਾਰਚ (ਸਾਂਝੀ ਸੋਚ ਬਿਊਰੋ)-ਮੈਰੀਲੈਂਡ ਦੇ ਮਿਡਲਟਾਊਨ ਮਿਡਲ ਸਕੂਲ ਦੇ ਸਿਆਹਫਿਆਮ ਵਿਦਿਆਰਥੀਆਂ ਨੂੰ ਧਮਕਾਉਣ ਉਪਰੰਤ ਸਕੂਲ ਦੇ 3 ਨਬਾਲਗ ਵਿਦਿਆਰਥੀਆਂ ਵਿਰੁੱਧ ਨਫਰਤੀ ਅਪਰਾਧ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਰੈਡਰਿਕ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਇਹ ਜਾਣਕਾਰੀ ਦਿੱਤੀ ਹੈ। ਦਫਤਰ ਦੇ ਬੁਲਾਰੇ ਟੌਡ ਵੀਵੈਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਸਿਆਹਫਿਆਮ ਵਿਦਿਆਰਥੀਆਂ ਨੂੰ ਮਿਲੀ ਧਮਕੀ ਉਪਰੰਤ ਪੁਲਿਸ ਦੇ 3 ਡਿਪਟੀ ਤੇ ਸਕਲੂ ਰਿਸੋਰਸ ਅਧਿਕਾਰੀ ਤੁਰੰਤ ਹਰਕਤ ਵਿਚ ਆਏ। ਵੀਵੈਲ ਅਨੁਸਾਰ ਜਿਨਾਂ 3 ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਉਹ ਸਾਰੇ ਗੋਰੇ ਹਨ ਤੇ ਨਬਾਲਗ ਹਨ।

ਇਨਾਂ ਵਿਚੋਂ ਇਕ ਵਿਰੁੱਧ ਅਗਨ ਸ਼ਸ਼ਤਰ ਰਖਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਸ਼ੈਰਿਫ ਦਫਤਰ ਨੇ ਜਾਰੀ ਇਕ ਪ੍ਰੈਸ ਰਲੀਜ ਵਿਚ ਕਿਹਾ  ਹੈ ਕਿ ਫਰੈਡਰਿਕ ਕਾਊਂਟੀ ਪਬਲਿਕ ਸਕੂਲ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੁਲਿਸ ਅਫਸਰਾਂ ਨੇ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੁਰੰਤ ਸ਼ੱਕੀ ਵਿਦਿਆਰਥੀਆਂ ਦੀ ਪਛਾਣ ਕੀਤੀ ਤੇ ਕੋਈ ਅਣਹੋਣੀ ਵਾਪਰਨ ਤੋਂ ਪਹਿਲਾਂ ਹੀ ਕਾਰਵਾਈ ਅਮਲ ਵਿਚ ਲਿਆਂਦੀ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲਾਅ ਇਨਫੋਰਸਮੈਂਟ ਅਫਸਰਾਂ ਨੇ  ਹੱਥਿਆਰਾਂ ਤੇ ਨਸਲੀ ਟਿਪਣੀਆਂ ਸਮੇਤ ਸ਼ੱਕੀ ਵਿਦਿਆਰਥੀਆਂ ਦੀਆਂ ਤਸਵੀਰਾਂ ਲੱਭੀਆਂ ਤੇ ਕਾਰਵਾਈ ਕੀਤੀ। ਪੁਲਿਸ ਅਧਿਕਾਰੀਆਂ ਨੇ ਹਰ ਵਿਦਿਆਰਥੀ ਨਾਲ ਉਸ ਦੇ ਮਾਤਾ-ਪਿਤਾ ਸਮੇਤ ਨਿੱਜੀ ਤੌਰ 'ਤੇ ਗੱਲਬਾਤ ਵੀ ਕੀਤੀ। ਬਾਅਦ ਵਿਚ ਵਿਦਿਆਰਥੀਆਂ ਦੇ ਸੌਣ ਵਾਲੇ ਕਮਰਿਆਂ ਵਿਚੋਂ ਹੱਥਿਆਰ ਬਰਾਮਦ ਕੀਤੇ। ਪੁਲਿਸ ਨੇ ਵਿਦਿਆਰਥੀਆਂ ਦੇ ਨਾਂ ਜਨਤਿਕ ਨਹੀਂ ਕੀਤੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਾਮਜ਼ਦ ਵਿਦਿਆਰਥੀਆਂ ਵਿਰੁੱਧ ਹੋਰ ਦੋਸ਼ ਵੀ ਆਇਦ ਹੋ ਸਕਦੇ ਹਨ। ਨਾਮਜ਼ਦ ਵਿਦਿਆਰਥੀਆਂ ਨੂੰ ਜਾਂਚ ਮੁਕੰਮਲ ਹੋਣ ਤੱਕ ਸਕੂਲ ਕੈਂਪਸ ਵਿਚ ਦਾਖਲ ਹੋਣ ਤੋਂ ਮਨਾਂ ਕਰ ਦਿੱਤਾ ਗਿਆ ਹੈ।