ਅਮਰੀਕਾ 'ਚ ਸਟਾਫ ਦੀ ਘਾਟ ਦਾ ਸ਼ਿਕਾਰ ਹੋ ਰਹੇ ਨੇ ਕੋਰੋਨਾ ਮਰੀਜ਼

ਅਮਰੀਕਾ 'ਚ ਸਟਾਫ ਦੀ ਘਾਟ ਦਾ ਸ਼ਿਕਾਰ ਹੋ ਰਹੇ ਨੇ ਕੋਰੋਨਾ ਮਰੀਜ਼

*ਆਈ ਸੀ ਯੂ ਬੈੱਡ ਵੀ ਘਟੇ,  ਕਈ ਦੇਸ਼ਾਂ ਵਿਚ ਫੈਲਿਆ ਕਰੋਨਾ 

*ਕੋਰੋਨਾ ਖ਼ਿਲਾਫ਼ ਰਣਨੀਤੀ ਬਣਾਉਂਦੇ ਸਮੇਂ ਆਮ ਲੋਕਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰਨਾ ਸਾਡਾ ਫਰਜ਼-ਮੋਦੀ

* ਮੋਦੀ ਨੇ ਟੀਕਾਕਰਨ ਅਤੇ ਸਥਾਨਕ ਉਪਾਵਾਂ 'ਤੇ ਦਿੱਤਾ ਜਾਵੇ ਜ਼ੋਰ                                          * ਭਾਰਤ ਦੇ 130 ਕਰੋੜ ਲੋਕ ਯਕੀਨੀ ਤੌਰ 'ਤੇ ਮਹਾਂਮਾਰੀ 'ਤੇ ਜਿੱਤ ਪ੍ਰਾਪਤ ਕਰਨਗੇ

* ਹਵਾ ਵਿਚ ਆਪਣੀ ਸਮਰਥਾ ਗੁਆ ਲੈਂਦਾ ਹੈ ਕਰੋਨਾ

ਅੰਮ੍ਰਿਤਸਰ ਟਾਈਮਜ਼ 

ਵਾਸ਼ਿੰਗਟਨ  : ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਮਹਾਮਾਰੀ ਦੀ ਲਹਿਰ ਨਾਲ ਅਮਰੀਕਾ ਵਿਚ ਸਿਹਤ ਪ੍ਰਬੰਧ ਲਡ਼ਖਡ਼ਾ ਗਏ ਹਨ। ਬੀਤੇ ਹਫਤੇ ਅਮਰੀਕੀ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ 151261 ਤਕ ਪੁੱਜ ਗਈ ਸੀ ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵਧਦੇ ਮਰੀਜ਼ਾਂ ਕਾਰਨ ਹਸਪਤਾਲ ਵਿਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘੱਟ ਪੈ ਰਹੀ ਹੈ।ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕਡ਼ਿਆਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ 19 ਸੂਬਿਆਂ ਵਿਚ 15 ਫ਼ੀਸਦੀ ਤੋਂ ਘੱਟ ਆਈਸੀਯੂ ਬੈੱਡ ਖ਼ਾਲੀ ਹਨ। ਇਨ੍ਹਾਂ ਚੋਂ ਵੀ ਚਾਰ ਸੂਬਿਆਂ ਕੇਂਚੁਕੀ, ਅਲਬਾਮਾ, ਇੰਡੀਆਨਾ ਤੇ ਨਿਊ ਹੈਂਪਸ਼ਾਇਰ ਦੇ ਹਸਪਤਾਲਾਂ ਵਿਚ ਖ਼ਾਲੀ ਆਈਸੀਯੂ ਬੈੱਡਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।

ਓਮੀਕ੍ਰੋਨ ਕਾਰਨ ਨਵੇਂ ਮਾਮਲਿਆਂ ਦੀ ਸੁਨਾਮੀ ਆਈ ਹੈ। ਹਸਪਤਾਲਾਂ ਵਿਚ ਕੰਮ ਕਰਨ ਵਾਲਿਆਂ ਦੇ ਕੋਰੋਨਾ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਜ਼ਿਆਦਾ ਵੱਧ ਗਿਆ ਹੈ। ਸਟਾਫ ਦੀ ਕਮੀ ਨੂੰ ਦਰ ਕਰਨ ਲਈ ਵਾਸ਼ਿੰਗਟਨ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਹਸਪਤਾਲ ਆਮ ਆਪ੍ਰੇਸ਼ਨਾਂ ਨੂੰ ਫਿਲਹਾਲ ਰੋਕ ਦੇਣ। ਰੂਸ ਵੀ ਕੋਰੋਨਾ ਦੀ ਨਵੀਂ ਲਹਿਰ ਦੀ ਲਪੇਟ ਵਿਚ ਹੈ। ਨਵੇਂ ਮਾਮਲੇ ਘੱਟ ਨਹੀਂ ਹੋ ਰਹੇ। ਪਿਛਲੇ 24 ਘੰਟਿਆਂ ਵਿਚ 23820 ਨਵੇਂ ਮਾਮਲੇ ਮਿਲੇ ਹਨ ਤੇ 739 ਮੌਤਾਂ ਹੋਈਆਂ ਹਨ। ਕੁੱਲ ਮਰੀਜ਼ਾਂ ਦਾ ਅੰਕਡ਼ਾ ਇਕ ਕਰੋਡ਼ ਸੱਤ ਲੱਖ ਨੂੰ ਪਾਰ ਕਰ ਗਿਆ ਹੈ। ਹੁਣ ਤਕ 3.19 ਲੱਖ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।ਚੀਨ ਵਿਚ ਬੀਜਿੰਗ ਵਿੰਟਰ ਓਲੰਪਿਕ ਸ਼ੁਰੂ ਹੋਣ ਵਿਚ ਦੋ ਹਫ਼ਤੇ ਹੀ ਬਚੇ ਹਨ ਤੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਚੀਨ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਰਿਹਾ ਹੈ। ਕੌਮਾਂਤਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਬੱਚਿਆਂ ਦੀ ਜਾਂਚ ਵੀ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਕਿਸੇ ਤੀਸਰੇ ਦੇਸ਼ ਦੇ ਰਸਤੇ ਲੋਕਾਂ ਦੇ ਆਉਣ ਤੇ ਰੋਕ ਲਾ ਦਿੱਤੀ ਗਈ ਹੈ। ਚੀਨ ਨੇ ਆਪਣੇ ਲੋਕਾਂ ਨੂੰ ਜ਼ਰੂਰੀ ਹੋਣ ਤੇ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ । ਬੀਜਿੰਗ ਦੇ ਨਾਲ ਲੱਗਦੇ ਤਿਆਜਿਨ ਸ਼ਹਿਰ ਵਿਚ ਕੋਰੋਨਾ ਦੇ 34 ਨਵੇਂ ਮਾਮਲੇ ਮਿਲੇ ਹਨ। ਬਰਤਾਨੀਆ ਵਿਚ ਕੀਤੇ ਗਏ ਅਧਿਐਨ ਦੰਰਾਨ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਤੇ ਬੱਚਿਆਂ ਵਿਚ ਓਮੀਕ੍ਰੋਨ ਕਾਰਨ ਹਸਪਤਾਲ ਵਿਚ ਦਾਖ਼ਲ ਹੋਣ ਦੇ ਕੇਸ ਵੱਧ ਗਏ ਹਨ ਪਰ ਜ਼ਿਆਦਾਤਰ ਹਲਕੀ ਇਨਫੈਕਸ਼ਨ ਦੇ ਮਾਮਲੇ ਹਨ। ਓਮੀਕ੍ਰੋਨ ਕਾਰਨ ਇਕ ਸਾਲ ਤੋਂ ਘੱਟ ਉਮਰ ਦੇ 42 ਫ਼ੀਸਦੀ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣ ਦੀ ਜ਼ਰੂਰਤ ਪੈ ਰਹੀ ਹੈ ਜਦੋਂ ਕਿ ਦੂਸਰੀ ਲਹਿਰ ਵਿਚ ਇਹ ਗਿਣਤੀ ਲਗਪਗ 30 ਫ਼ੀਸਦੀ ਸੀ।ਇਟਲੀ ਵਿਚ ਕੋਰੋਨਾ ਦੇ 1.86 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਕ ਦਿਨ ਪਹਿਲਾਂ 1,84,615 ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਫਰਾਂਸ ਵਿੱਚ ਵੀ ਕੋਰੋਨਾ ਦੇ ਮਾਮਲੇ ਵਧੇ ਹਨ ਪਰ ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ।

 ਓਮੀਕ੍ਰੋਨ ਵਾਇਰਸ ਤੋਂ ਡਰੀ ਦੁਨੀਆ , ਲਾਕਡਾਊਨ ਲਗਿਆ

ਵੇਰੀਐਂਟ ਓਮੀਕ੍ਰੋਨ ਕਾਰਣ ਦੁਨੀਆਂ ਭਰ ਵਿਚ ਪਿਛਲੇ ਹਫ਼ਤੇ ਵਿਚ ਕੋਰੋਨਾ ਸੰਕ੍ਰਮਣ ਮਾਮਲਿਆਂ ਵਿਚ 11 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆਂ ਦੇ 108 ਦੇਸ਼ਾਂ ਵਿਚ ਇਸ ਵੇਰੀਐਂਟ ਦਾ ਪਸਾਰ ਹੋ ਚੁੱਕਾ ਹੈ। ਕਈ ਦੇਸ਼ਾਂ ਵਿਚ ਇਸ ਕਾਰਨ ਗੰਭੀਰ ਸਥਿਤੀ ਬਣ ਚੁੱਕੀ ਹੈ। ਇਸ ਲਈ ਕਈ ਦੇਸ਼ਾਂ ਨੇ ਲਾਕਡਾਊਨ ਵੀ ਲਗਾ ਦਿੱਤਾ ਹੈ ਤੇ ਸਖ਼ਤ ਨਿਯਮ ਵੀ ਲਾਗੂ ਕੀਤੇ ਹਨ। ਇਹ ਡੈਲਟਾ ਵੇਰੀਐਂਟ ਤੋਂ ਪੰਜ ਗੁਣਾਂ ਤੇਜ਼ੀ ਨਾਲ ਫੈਲ ਰਿਹਾ ਹੈ। 

1. ਕੈਨੇਡਾ ਵਿਚ ਓਮੀਕ੍ਰੋਨ ਵਾਇਰਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਕੈਨੇਡਾ ਦੇ ਅੰਟਾਰੀਓ ਤੇ ਕਿਊਬਿਕ ਨੇ ਸਖ਼ਤ ਲਾਕਡਾਊਨ ਲਗਾਇਆ ਹੈ। ਨਿਯਮਾਂ ਦਾ ਉਲੰਘਣ ਕਰਨ ਤੇ ਸਖ਼ਤ ਸਜ਼ਾ ਮਿਲੇਗੀ। ਨਿਯਮ ਤੋੜਨ ਤੇ ਛੇ ਹਜ਼ਾਰ ਡਾਲਰ ਦਾ ਜ਼ੁਰਮਾਨਾ ਹੈ।

2.ਯੂਰਪੀਅਨ ਦੇਸ਼ ਬਰਤਾਨੀਆਂ ਓਮੀਕ੍ਰੋਨ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ। ਬਰਤਾਨੀਆਂ ਵਿਚ ਸਰਕਾਰ ਦੁਵਿਧਾ ਵਿਚ ਹੈ ਤੇ ਉੱਥੇ ਲੋਕਾਂ ਵੱਲੋਂ ਲਾਕਡਾਊਨ ਦਾ ਵਿਰੋਧ ਹੋ ਰਿਹਾ ਹੈ। ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਦੇਸ਼ ਵਿਚ ਸਕੂਲ ਤੇ ਹੋਰ ਵਪਾਰਕ ਸਥਾਨ ਬੰਦ ਨਹੀਂ ਹੋਣਗੇ।

3. ਅਮਰੀਕਾ ਚ ਕੋਰੋਨਾ ਵਾਇਰਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅਮਰੀਕਾ ਚ ਸੂਬਾ ਸਰਕਾਰਾਂ ਲਾਕਡਾਊਨ ਲਗਾਉਣ ਤੋਂ ਕਤਰਾ ਰਹੀਆਂ ਹਨ। ਓਮੀਕ੍ਰੋਨ ਦੇ ਪਸਾਰ ਦੇ ਬਾਵਜੂਦ ਅੱਧੇ ਤੋਂ ਜਿਆਦਾ ਸੂਬਿਆਂ ਵਿਚ ਵਪਾਰਕ ਸਥਾਨ ਖੁੱਲ੍ਹੇ ਹੋਏ ਹਨ। ਹਾਂਲਾਂਕਿ ਕਈ ਸੂਬਿਆਂ ਵਿਚ ਅੰਸ਼ਕ ਪਾਬੰਦੀਆਂ ਲਗਾ ਦਿੱਤੀਆਂ ਹਨ। 

4. ਚੀਨ ਵਿਚ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਚੀਨ ਦੇ ਜਿਆਨ ਸ਼ਹਿਰ ਵਿਚ 22 ਦਸੰਬਰ ਤੋਂ ਸਖ਼ਤ ਲਾਕਡਾਊਨ ਲੱਗਾ ਹੈ। ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਚੀਨ ਦੇ ਤਿੰਨ ਸ਼ਹਿਰਾਂ ਵਿਚ ਲਾਕਡਾਊਨ ਹੈ। ਇਸ ਦੇ ਚਲਦਿਆਂ ਦੇਸ਼ ਦੀ ਕਰੀਬ ਦੋ ਕਰੋੜ ਆਬਾਦੀ ਘਰਾਂ ਦੇ ਅੰਦਰ ਹੀ ਕੈਦ ਹੋ ਗਈ ਹੈ। ਚੀਨ ਵਿਚ ਨਿਯਮਾਂ ਨੂੰ ਤੋੜਨ ਤੇ ਜ਼ੁਰਮਾਨਾ ਵੀ ਲਗਾਇਆ ਜਾ ਰਿਹਾ ਹੈ।

ਆਈਸੋਲੇਸ਼ਨ ਤੇ ਟੀਕਾਕਰਨ ਸਭ ਤੋਂ ਵੱਡਾ ਹਥਿਆਰ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੁੱਖਮੰਤਰੀਆਂ ਨੂੰ ਸਲਾਹ ਦਿੱਤੀ ਕਿ ਹੋਮ ਆਈਸੋਲੇਸ਼ਨ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਨੂੰ ਸਰਕਾਰਾਂ ਜਾਰੀ ਕਰਦੀਆਂ ਰਹਿਣ ਤੇ ਸਮੇਂ-ਸਮੇਂ ਤੇ ਇਸ ਚ ਸੁਧਾਰ ਵੀ ਕਰਦੀਆਂ ਰਹਿਣ। ਇਸ ਵਿਚ ਟੈਸਟਿੰਗ, ਟ੍ਰੈਕਿੰਗ ਤੇ ਟ੍ਰੀਟਮੈਂਟ ਦੀ ਵਿਵਸਥਾ ਜਿੰਨੀ ਵਧੀਆਂ ਹੋਵੇਗੀ ਹਸਪਤਾਲਾਂ ਤੇ ਬੋਝ ਉਨਾਂ ਹੀ ਘੱਟ ਹੋਵੇਗਾ। ਪ੍ਰਧਾਨਮੰਤਰੀ ਨੇ ਕਿਹਾ ਕਿ ਓਮੀਕ੍ਰੋਨ ਨਾਲ ਲੜਨ ਤੋਂ ਇਲਾਵਾ ਦੇਸ਼ ਨੂੰ ਆਉਣ ਵਾਲੇ ਹੋਰ ਵੇਰੀਐਂਟ ਨਾਲ ਲੜ੍ਹਨ ਲਈ ਵੀ ਤਿਆਰ ਰਹਿਣਾ ਹੋਵੇਗਾ। ਟੀਕਾਕਰਨ ਇਸ ਮਹਾਮਾਰੀ ਦਾ ਪ੍ਰਮੁੱਖ ਹਥਿਆਰ ਹੈ।

ਸੱਤ ਦਿਨਾਂ 70 ਲੱਖ ਕੇਸ ਦਰਜ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਪੂਰੇ ਯੂਰਪ ਵਿਚ ਓਮੀਕ੍ਰੋਨ ਵੇਰੀਐਂਟ ਦੇ 70 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੇਵਲ ਦੋ ਹਫ਼ਤੇ ਵਿਚ ਹੀ ਦੁੱਗਣੇ ਤੋਂ ਜਿਆਦਾ ਹੈ। ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਹੁਣ ਦੇਸ਼ਾਂ ਲਈ ਆਪਣੀ ਸਿਹਤ ਪ੍ਰਣਾਲੀ ਨੂੰ ਖਸਤਾ ਹਾਲ ਹੋਣ ਤੋਂ ਬਚਾਉਣ ਲਈ ਯਤਨ ਕਰਨੇ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਦੀ ਨੀਤੀ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿਚ ਕੋਵਿਡ-19 ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਟੀਕਾਕਰਨ ਅਤੇ ਸਥਾਨਕ ਉਪਾਵਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੋਵਿਡ ਦੀਆਂ ਰਣਨੀਤੀਆਂ ਘੜਦੇ ਸਮੇਂ ਆਰਥਿਕਤਾ ਅਤੇ ਆਮ ਲੋਕਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਰੋਜ਼ੀ-ਰੋਟੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਣਾ ਚਾਹੀਦਾ ਹੈ ਅਤੇ ਆਰਥਿਕਤਾ ਦੀ ਗਤੀ ਬਣਾਈ ਰੱਖੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਰੋਕਥਾਮ 'ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਬਿਹਤਰ ਹੋਵੇਗਾ ਅਤੇ ਭਾਰਤ ਦੇ 130 ਕਰੋੜ ਲੋਕ ਯਕੀਨੀ ਤੌਰ 'ਤੇ ਆਪਣੇ ਸਮੂਹਿਕ ਯਤਨਾਂ ਨਾਲ ਕੋਰੋਨਾ ਵਾਇਰਸ ਮਹਾਂਮਾਰੀ 'ਤੇ ਜਿੱਤ ਪ੍ਰਾਪਤ ਕਰਨਗੇ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਟੀਕਾਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਕਾਕਰਨ ਕੋਵਿਡ ਨਾਲ ਲੜਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿਚੋਂ ਇੱਕ ਹੈ ਅਤੇ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 'ਹਰ ਘਰ ਦਸਤਕ' ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਮੋਦੀ ਨੇ ਕਿਹਾ ਅਸੀਂ 10 ਦਿਨਾਂ ਦੇ ਅੰਦਰ ਲਗਭਗ ਤਿੰਨ ਕਰੋੜ ਕਿਸ਼ੋਰਾਂ ਦਾ ਟੀਕਾਕਰਨ ਕੀਤਾ ਹੈ ਅਤੇ ਇਹ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਸਮਰੱਥਾ ਅਤੇ ਸਾਡੀ ਤਿਆਰੀ ਨੂੰ ਦਰਸਾਉਂਦਾ ਹੈ। ਜਿੰਨੀ ਜਲਦੀ ਅਸੀਂ ਮੂਹਰਲੀ ਕਤਾਰ ਦੇ ਕਰਮਚਾਰੀਆਂ ਅਤੇ ਸੀਨੀਅਰ ਨਾਗਰਿਕਾਂ ਨੂੰ 'ਬੂਸਟਰ' ਟੀਕੇ ਲਗਾਵਾਂਗੇ, ਓਨਾ ਇਹ ਸਾਡੀ ਸਿਹਤ ਸੰਭਾਲ ਪ੍ਰਣਾਲੀ ਲਈ ਮਦਦਗਾਰ ਸਾਬਿਤ ਹੋਵੇਗਾ।