ਅਮਰੀਕਾ ਵਿਚ ਪਹਿਲੀ ਵਾਰ ਸੂਰ ਦਾ ਦਿੱਲ ਮਨੁੱਖ ਨੂੰ ਲਾਉਣ ਦੀ ਸਫਲ ਸਰਜਰੀ

ਅਮਰੀਕਾ ਵਿਚ ਪਹਿਲੀ ਵਾਰ ਸੂਰ ਦਾ ਦਿੱਲ ਮਨੁੱਖ ਨੂੰ ਲਾਉਣ ਦੀ ਸਫਲ ਸਰਜਰੀ
ਕੈਪਸ਼ਨ: ਸਰਜਰੀ ਉਪਰੰਤ ਪ੍ਰਮੁੱਖ ਸਰਜਨ ਬਰਟਲੀ ਗ੍ਰਿਫਿਤ (ਖੱਬੇ) ਮਰੀਜ਼ ਡੇਵ ਬੈਨੇਟ ਨਾਲ ਨਜਰ ਆ ਰਿਹਾ ਹੈ।

* 4 ਦਿਨ ਪਹਿਲਾਂ ਹੋਈ ਸਰਜਰੀ ਉਪਰੰਤ ਮਰੀਜ਼ ਆਮ ਵਾਂਗ ਲੈ ਰਿਹਾ ਹੈ ਸਾਹ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਪਹਿਲੀ ਵਾਰ ਦਿੱਲ ਦੇ ਮਰੀਜ਼ ਦੀ ਸਰਜਰੀ ਕਰਕੇ ਉਸ ਦੇ ਸੂਰ ਦਾ ਦਿੱਲ ਲਾਇਆ ਗਿਆ ਹੈ  ਤੇ 4 ਦਿਨ ਪਹਿਲਾਂ ਹੋਈ ਸਰਜਰੀ ਉਪਰੰਤ ਮਰੀਜ਼ ਆਮ ਵਾਂਗ ਸਾਹ ਲੈ ਰਿਹਾ ਹੈ। 57 ਸਾਲਾ ਡੇਵ ਬੈਨੇਟ ਨਾਮੀ ਵਿਅਕਤੀ ਦੇ ਇਸ ਜੋਖਮ ਭਰੇ ਤਜ਼ਰਬੇ ਲਈ ਰਾਜੀ ਹੋਣ ਉਪਰੰਤ ਉਸ ਦੀ ਯੁਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਵਿਖੇ ਬਰਟਲੀ ਗ੍ਰਿਫਿਤ ਪ੍ਰਮੁੱਖ ਸਰਜਨ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਸਫਲ ਸਰਜਰੀ ਕੀਤੀ। ਸਰਜਰੀ ਨੂੰ ਕੁਲ 9 ਘੰਟੇ ਲੱਗੇ। ਬੈਨੇਟ ਦੇ ਇਸੇ ਮਕਸਦ ਲਈ ਸੋਧਿਤ ਜੀਨਜ਼ ਤੇ ਖੁਰਾਕ ਨਾਲ ਵੱਡੇ ਕੀਤੇ ਗਏ ਇਕ ਸਾਲ ਦੇ ਤਕਰੀਬਨ ਇਕ ਕੁਇੰਟਲ ਭਾਰੇ ਸੂਰ ਦਾ ਦਿੱਲ ਲਾਇਆ ਗਿਆ ਹੈ। ਇਸ ਸਮੇ ਬੈਨੇਟ ਬਿਨਾਂ ਵੈਂਟੀਲੇਟਰ ਦੇ ਸਾਹ ਲੈ ਰਿਹਾ ਹੈ। ਹਾਲਾਂ ਕਿ ਉਸ ਨੂੰ ਈ ਸੀ ਐਮ ਓ ਮਸ਼ੀਨ ਉਪਰ ਰਖਿਆ ਗਿਆ ਹੈ ਜੋ ਸਮੁੱਚੇ ਸਰੀਰ ਵਿਚ 50% ਖੂਨ ਦੇ ਵਹਾਅ ਨੂੰ ਬਰਕਰਾਰ ਰਖਣ ਦਾ ਕੰਮ ਕਰਦੀ ਹੈ। ਡਾਕਟਰਾਂ ਅਨੁਸਾਰ ਹੌਲੀ- ਹੌਲੀ ਇਸ  ਮਸ਼ੀਨ ਨੂੰ ਲਾਹ ਲਿਆ ਜਾਵੇਗਾ। ਡਾਕਟਰਾਂ ਦਾ ਮੰਨਣਾ ਹੈ ਕਿ ਸੂਰ ਦੇ ਅੰਗ  ਮਨੁੱਖ ਵਾਂਗ ਹੀ ਹੁੰਦੇ ਹਨ। ਜੇਕਰ ਸੂਰ ਦੇ ਅੰਗਾਂ ਨੂੰ ਸਫਲਤਾ ਪੂਰਵਕ ਮਨੁੱਖਾਂ ਦੇ ਲਾਉਣ ਦਾ ਅਮਲ ਸ਼ੁਰੂ ਹੋ ਜਾਂਦਾ ਹੈ ਤਾਂ  ਦਿੱਲ, ਫੇਫੜੇ ਜਾਂ ਗੁਰਦਾ ਬਦਲਵਾਉਣ ਲਈ ਕਤਾਰ ਵਿਚ ਲੱਗੇ ਹੋਏ ਹਜਾਰਾਂ  ਲੋਕਾਂ ਲਈ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ।