ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਚ ਹੋਇਆ ਵਾਧਾ
* ਫੈਂਟਾਨਾਇਲ ਦੀ ਬਰਾਮਦਗੀ ਵਿਚ 1000% ਵਧੀ, 'ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ' ਦਾ ਖੁਲਾਸਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੌਰਾਨ ਅੱਤ ਨਸ਼ੀਲਾ ਪਦਾਰਥ ਫੈਂਟਾਨਾਇਲ ਸਮੇਤ ਹੋਰ ਡਰੱਗਜ਼ ਦੀ ਵਰਤੋਂ ਵਿਚ ਵਾਧਾ ਹੋਇਆ ਹੈ। 'ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ' (ਸੀ ਬੀ ਪੀ) ਨੇ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਪਿਛਲੇ ਮਾਲੀ ਸਾਲ 2021 ਦੌਰਾਨ ਦੱਖਣੀ ਟੈਕਸਾਸ ਵਿਚ ਫੈਂਟਾਨਾਇਲ ਡਰੱਗ ਦੀ ਬਰਾਮਦਗੀ ਵਿਚ 1066% ਦਾ ਵਾਧਾ ਹੋਇਆ ਹੈ ਜੋ ਕਿ ਇਕ ਰਿਕਾਰਡ ਹੈ। ਸੀ ਬੀ ਪੀ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਬਰੋਅਨਸਵਿਲੇ ਤੋਂ ਡੈਲ ਰਿਓ ਤੱਕ 8 ਬੰਦਰਗਾਹਾਂ 'ਤੇ ਜ਼ਬਤ ਕੀਤੇ ਗਏ 87652 ਪੌਂਡ ਨਸ਼ੀਲੇ ਪਦਰਾਥਾਂ ਵਿਚ 588 ਪੌਂਡ ਫੈਂਟਾਨਾਇਲ ਸ਼ਾਮਿਲ ਹੈ। ਸੀ ਬੀ ਪੀ ਅਨੁਸਾਰ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਵਿਚ ਭੰਗ, ਕੋਕੀਨ, ਹੈਰੋਇਨ ਤੇ ਮੈਥਾਫੈਂਟਾਮਾਈਨ ਵੀ ਸ਼ਾਮਿਲ ਹੈ ਜਿਨਾਂ ਦੀ ਬਜਾਰੀ ਕੀਮਤ ਤਕਰੀਬਨ 78.60 ਕਰੋੜ ਡਾਲਰ ਬਣਦੀ ਹੈ। ਡਰੱਗ ਇਨਫੋਰਸਮੈਂਟ ਏਜੰਸੀ ਅਨੁਸਾਰ ਅਮਰੀਕਾ ਵਿਚ ਫੈਂਟਾਨਾਇਲ ਸਭ ਤੋਂ ਘਾਤਕ ਨਸ਼ੀਲਾ ਪਦਾਰਥ ਮੰਨਿਆ ਜਾਂਦਾ ਹੈ ਜੋ ਹੈਰੋਇਨ ਤੋਂ 50 ਗੁਣਾਂ ਵਧ ਸ਼ਕਤੀਸ਼ਾਲੀ ਹੈ ਤੇ ਇਸ ਨੂੰ ਬਣਾਉਣਾ ਵੀ ਸਸਤਾ ਤੇ ਅਸਾਨ ਹੈ। ਏਜੰਸੀ ਅਨੁਸਾਰ ਲੋਕ ਅਣਜਾਣੇ ਵਿਚ ਹੋਰ ਨਸ਼ੀਲੇ ਪਦਾਰਥ ( ਡਰੱਗਜ਼ ) ਖਰੀਦਦੇ ਹਨ ਪਰੰਤੂ ਉਨਾਂ ਨੂੰ ਫੈਂਟਾਨਾਇਲ ਦੀ ਪੁੱਠ ਚਾੜੀ ਹੁੰਦੀ ਹੈ। ਇਕ ਮਿਲੀਗ੍ਰਾਮ ਦਾ ਚੌਥਾ ਹਿੱਸਾ ਫੈਂਟਾਨਾਇਲ ਕਿਸੇ ਵਿਅਕਤੀ ਨੂੰ ਮਾਰਨ ਲਈ ਕਾਫੀ ਹੈ। 'ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਪਹਿਲੀ ਵਾਰ ਸਲਾਨਾ ਓਵਰ ਡੋਜ਼ ਕਾਰਨ ਇਕ ਲੱਖ ਤੋਂ ਵਧ ਮੌਤਾਂ ਹੋਈਆਂ ਹਨ ਜਿਸ ਦਾ ਕਾਰਨ ਫੈਂਟਾਨਾਇਲ ਦੀ ਵਰਤੋਂ ਕਰਨਾ ਵੀ ਹੈ। ਇਹ ਮੌਤਾਂ ਮਈ 2020 ਤੋਂ ਅਪ੍ਰੈਲ 2021 ਦਰਮਿਆਨ ਹੋਈਆਂ ਹਨ। ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਨਸ਼ੀੇਲੇ ਪਦਾਰਥਾਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ। ਡਰੱਗ ਵਿਰੋਧੀ ਨੈਸ਼ਨਲ ਇਸੰਟੀਚਿਊਟ ਵਿਖੇ ਡਾਇਰੈਕਟਰ ਵਜੋਂ ਤਾਇਨਾਤ ਡਾ ਨੋਰਾ ਵੋਲਕੋਅ ਅਨੁਸਾਰ ਕੋਵਿਡ-19 ਤੋਂ ਪਹਿਲਾਂ ਮਾਹਿਰਾਂ ਦੇ ਧਿਆਨ ਵਿਚ ਆਇਆ ਸੀ ਕਿ ਸਿੰਥੈਟਿਕ ਡਰੱਗਜ਼ ਦੀ ਵਰਤੋਂ ਵਧ ਰਹੀ ਹੈ ਪਰੰਤੂ ਹੋ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੋਵੇ।
Comments (0)