ਵਿਸਕਾਸਿਨ ਵਿਚ ਨਵੇਂ ਸਾਲ ਦੇ ਪਹਿਲੇ ਦਿਨ ਚੱਲੀਆਂ ਗੋਲੀਆਂ ਨਾਲ 1 ਮੌਤ, 3 ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਵੇਂ ਸਾਲ ਦੇ ਪਹਿਲੇ ਦਿਨ ਕੇਨੋਸ਼ਾ, (ਵਿਸਕਾਸਿਨ) ਦੀ 52 ਵੀਂ ਸਟਰੀਟ ਦੇ 1700 ਬਲਾਕ ਵਿਚ ਰਾਤ ਵੇਲੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਕੇਨੋਸ਼ਾ ਪੁਲਿਸ ਵਿਭਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਤਕਰੀਬਨ 4 ਵਜੇ ਤੜਕਸਾਰ ਪੁਲਿਸ ਨੂੰ ਇਕ ਪਾਰਕਿੰਗ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਕੁਝ ਲੋਕ ਆਪਣੇ ਵਾਹਣਾਂ ਵਿਚ ਤੇ ਕੁਝ ਪੈਦਲ ਹੀ ਘਟਨਾ ਸਥਾਨ ਤੋਂ ਭੱਜ ਗਏ। ਮੌਕੇ ਉਪਰ 4 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਦਮ ਤੋੜ ਗਿਆ ਹਾਲਾਂ ਕਿ ਉਸ ਨੂੰ ਬਚਾਉਣ ਲਈ ਡਾਕਟਰੀ ਸਹਾਇਤਾ ਦਿੱਤੀ ਗਈ। 3 ਹੋਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਅੱਤ ਗੰਭੀਰ ਤੇ ਦੂਸਰੇ ਦੀ ਹਾਲਤ ਗੰਭੀਰ ਹੈ। ਤੀਸਰੇ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ ਸਾਰੇ ਲੀਨੋਇਸ ਦੇ ਵਾਸੀ ਹਨ ਤੇ ਇਨ੍ਹਾਂ ਦੀ ਉਮਰ 23 ਤੋਂ 27 ਸਾਲਾਂ ਦੇ ਦਰਮਿਆਨ ਹੈ। ਪੁਲਿਸ ਅਨੁਸਾਰ ਅਜੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਇਹ ਗੋਲੀਬਾਰੀ ਸੋਚੀ ਸਮਝੀ ਯੋਜਨਾ ਤਹਿਤ ਕੀਤੀ ਗਈ ਹੈ ਉਂਝ ਇਸ ਘਟਨਾ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
Comments (0)