ਕੋਲੋਰਾਡੋ ਦੇ ਜੰਗਲਾਂ ਵਿਚ ਲੱਗੀ  ਅੱਗ ਨਾਲ ਇਕ ਹਜਾਰ ਦੇ ਕਰੀਬ ਘਰ ਨਸ਼ਟ

ਕੋਲੋਰਾਡੋ ਦੇ ਜੰਗਲਾਂ ਵਿਚ ਲੱਗੀ  ਅੱਗ ਨਾਲ ਇਕ ਹਜਾਰ ਦੇ ਕਰੀਬ ਘਰ ਨਸ਼ਟ
ਕੈਪਸ਼ਨ  : ਅੱਗ ਉਪਰ ਕਾਬੂ ਪਾਉਣ ਦਾ ਯਤਨ ਕਰਦੇ ਹੋਏ ਮੁਲਾਜ਼ਮ

3 ਵਿਅਕਤੀ ਲਾਪਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)  ਡੈਨਵਰ (ਕੋਲੋਰਾਡੋ) ਦੇ ਉਤਰ ਵਿਚ 6000 ਏਕੜ ਵਿਚ ਫੈਲੀ ਅੱਗ ਨਾਲ ਸੈਂਕੜੇ ਘਰ ਤੇ ਕਾਰੋਬਾਰੀ ਇਮਾਰਤਾਂ ਨਸ਼ਟ ਹੋ ਗਈਆਂ ਹਨ ਜਦ ਕਿ 3 ਵਿਅਕਤੀ ਲਾਪਤਾ ਦਸੇ ਜਾ ਰਹੇ ਹਨ। 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ। ਕੁਲ 991 ਘਰ ਨਸ਼ਟ ਹੋਏ ਹਨ ਜਦ ਕਿ 127 ਘਰਾਂ ਨੂੰ ਅੱਗ ਨੇ ਨੁਕਸਾਨ ਪਹੁੰਚਾਇਆ ਹੈ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਂਚ ਹੋ ਰਹੀ ਹੈ। ਕੋਲੋਰਾਡੋ ਦੇ ਗਵਰਨਰ ਜਾਰਡ ਪੋਲਿਸ ਨੇ ਕਿਹਾ ਹੈ ਕਿ ਇਹ ਤਬਾਹੀ ਬਹੁਤ ਤੇਜੀ ਨਾਲ ਅੱਧੇ ਦਿਨ ਵਿਚ ਹੋਈ ਹੈ। ਗਵਰਨਰ ਨੇ ਰਾਹਤ ਤੇ ਬਚਾਅ ਕਾਰਜਾਂ ਵਿਚ ਤੇਜੀ ਲਿਆਉਣ ਲਈ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ। ਉਧਰ ਰਾਸ਼ਟਰਪਤੀ ਜੋ ਬਾਈਡਨ ਨੇ ਰਾਹਤ ਕਾਰਜਾਂ ਵਿਚ ਤੇਜੀ ਲਿਆਉਣ ਦਾ ਆਦੇਸ਼ ਦਿੱਤਾ ਹੈ। ਰਾਤ ਭਰ ਹੋਈ ਬਰਫਬਾਰੀ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਿਲ ਆਈ ਹੈ। ਇਲਾਕੇ ਵਿਚ ਬਿਜਲੀ ਤੇ ਗੈਸ ਦੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।