ਇਸ ਸਾਲ ਹਵਾਈ ਉਡਾਣਾਂ ਦੌਰਾਨ ਹਿੰਸਾ 'ਤੇ ਉਤਾਰੂ ਯਾਤਰੀਆਂ ਕੋਲੋਂ ਵਸੂਲਿਆ 2 ਲੱਖ ਡਾਲਰ ਤੋਂ ਵਧ ਜੁਰਮਾਨਾ-ਐਫ ਏ ਏ

ਇਸ ਸਾਲ ਹਵਾਈ ਉਡਾਣਾਂ ਦੌਰਾਨ ਹਿੰਸਾ 'ਤੇ ਉਤਾਰੂ ਯਾਤਰੀਆਂ ਕੋਲੋਂ ਵਸੂਲਿਆ 2 ਲੱਖ ਡਾਲਰ ਤੋਂ ਵਧ ਜੁਰਮਾਨਾ-ਐਫ ਏ ਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਫੈਡਰੇਸ਼ਨ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ ਏ ਏ) ਨੇ ਇਸ ਸਾਲ ਦੇ ਸ਼ੁਰੂ ਵਿਚ ਖੱਪ ਪਾਉਣ ਵਾਲੇ ਜਾਂ ਬਿਨਾਂ ਕਿਸੇ ਕਾਰਨ ਮਾਹੌਲ ਨੂੰ ਤਨਾਅਪੂਰਨ ਬਣਾਉਣ ਵਾਲੇ ਯਾਤਰੀਆਂ ਪ੍ਰਤੀ ਸਖਤ ਨੀਤੀ ਲਾਗੂ ਕਰਨ ਉਪਰੰਤ ਹੁਣ ਤੱਕ 2 ਲੱਖ ਡਾਲਰ ਤੋਂ ਵਧ ਜ਼ੁਰਮਾਨਾ ਵਸੂਲਿਆ ਹੈ। ਇਕ ਜਾਰੀ ਬਿਆਨ ਵਿਚ ਫੈਡਰੇਸ਼ਨ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਹਵਾਈ ਜਹਾਜ਼ ਦੀ ਉਡਾਣ ਦੌਰਾਨ ਬਿਨਾਂ ਕਿਸੇ ਕਾਰਨ ਮਾਹੌਲ ਨੂੰ ਖਰਾਬ ਕਰਨ ਵਾਲੇ ਯਾਤਰੀਆਂ ਕੋਲੋਂ 2,25,287 ਡਾਲਰ ਵਸੂਲੇ ਗਏ ਹਨ। ਅਧਿਕਾਰੀ ਅਨੁਸਾਰ ਹਿੰਸਾ ਕਰਨ ਵਾਲੇ ਯਾਤਰੀਆਂ ਵਿਰੁੱਧ ਬੇਹੱਦ ਸਖਤੀ ਵਰਤੀ ਜਾਵੇਗੀ। ਇਸ ਸਾਲ ਮਈ ਵਿਚ ਸਾਊਥ ਵੈਸਟ ਏਅਰਲਾਈਨਜ਼ ਦੀ ਇਕ ਉਡਾਣ ਦੌਰਾਨ ਇਕ ਯਾਤਰੀ ਨੇ ਇਕ ਮੁਲਾਜ਼ਮ ਦੇ ਮੁੱਕਾ ਮਾਰਿਆ ਸੀ ਜਿਸ ਮੁਲਾਜ਼ਮ ਨੂੰ ਡਾਕਟਰੀ ਸਹਾਇਤਾ ਦੇਣੀ ਪਈ ਸੀ। ਇਸ ਘਟਨਾ ਨੂੰ ਐਫ ਏ  ਏ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਸੀ ਤੇ ਉਸ ਯਾਤਰੀ ਕੋਲੋਂ 26000 ਡਾਲਰ ਜ਼ੁਰਮਾਨਾ ਵਸੂਲਿਆ ਗਿਆ ਸੀ। ਐਫ ਏ  ਏ ਅਨੁਸਾਰ ਇਸ ਸਾਲ ਹੁਣ ਤੱਕ ਉਡਾਣਾਂ ਦੌਰਾਨ ਦੁਰਵਿਵਹਾਰ ਜਾਂ ਖੱਪ ਪਾਉਣ ਦੀਆਂ 5114 ਘਟਨਾਵਾਂ ਵਾਪਰੀਆਂ ਹਨ। ਇਨਾਂ ਵਿਚੋਂ 70% ਘਟਨਾਵਾਂ ਮਾਸਕ ਪਾਉਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਵਾਪਰੀਆਂ ਹਨ। ਪਿਛਲੇ ਹਫਤੇ ਐਫ ਏ  ਏ ਨੇ ਐਲਾਨ ਕੀਤਾ ਸੀ ਕਿ 37 ਜਿਆਦਾ ਗੰਭੀਰ ਮਾਮਲਿਆਂ ਨੂੰ ਸੰਘੀ ਵਕੀਲਾਂ ਦੇ ਸਪੁਰਦ ਕੀਤਾ ਗਿਆ ਹੈ। ਐਫ ਏ ਏ ਤੇ ਨਿਆਂ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਹਿੰਸਕ ਯਾਤਰੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਪ੍ਰਤੀ ਦ੍ਰਿੜ ਸੰਕਲਪ ਹਨ।  ਇਹ ਐਲਾਨ ਏਅਰਲਾਈਨਜ਼ ਕਾਮਿਆਂ ਦੀਆਂ ਯੁਨੀਅਨਾਂ ਵੱਲੋਂ ਬਣਾਏ ਦਬਾਅ ਉਪਰੰਤ ਕੀਤਾ ਗਿਆ ਹੈ। ਯੁਨੀਅਨਾਂ ਨੇ ਮੰਗ ਕੀਤੀ ਹੈ ਕਿ ਵਪਾਰਕ ਉਡਾਣਾਂ ਦੌਰਾਨ ਹਿੰਸਾ ਕਰਨ ਵਾਲੇ ਯਾਤਰੀਆਂ ਪ੍ਰਤੀ ਸਖਤ ਨੀਤੀ ਅਪਣਾਈ ਜਾਵੇ। ਐਫ ਏ ਏ ਨੇ ਹਿੰਸਾ ਦੇ ਪੁਖਤਾ ਸਬੂਤ ਵਾਲੇ ਕਈ ਮਾਮਲਿਆਂ ਨੂੰ ਐਫ ਬੀ ਆਈ ਕੋਲ ਕਾਰਵਾਈ ਲਈ ਭੇਜੇ ਹਨ। ਇਥੇ ਜਿਕਰਯੋਗ ਹੈ ਕਿ ਐਫ ਏ ਏ ਕੋਲ ਕਿਸੇ ਯਾਤਰੀ ਨੂੰ 37000 ਡਾਲਰ ਤੱਕ ਜ਼ੁਰਮਾਨਾ ਕਰਨ ਦਾ ਅਧਿਕਾਰ ਹੈ ਪਰ ਉਸ ਨੂੰ ਯਾਤਰੀ ਵਿਰੁੱਧ ਫੌਜਦਾਰੀ ਮਾਮਲਾ ਦਰਜ ਕਰਵਾਉਣ ਦਾ ਅਧਿਕਾਰ ਨਹੀਂ ਹੈ।