ਜਾਰਜੀਆ ਵਿਚ ਪੁਲਿਸ ਅਧਿਕਾਰੀ ਗੋਲੀ ਵੱਜਣ ਨਾਲ ਗੰਭੀਰ ਜ਼ਖਮੀ

ਜਾਰਜੀਆ ਵਿਚ  ਪੁਲਿਸ ਅਧਿਕਾਰੀ ਗੋਲੀ ਵੱਜਣ ਨਾਲ ਗੰਭੀਰ ਜ਼ਖਮੀ

 ਘਰੇਲੂ ਝਗੜਾ ਗਿਆ ਸੀ ਨਿਪਟਾਉਣ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) ਜਾਰਜੀਆ ਦੇ ਮੈਕਡੌਨੌਘ ਖੇਤਰ ਵਿਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਘਰੇਲੂ ਝਗੜੇ ਸਬੰਧੀ ਆਏ ਫੋਨ ਉਪਰ ਕਾਰਵਾਈ ਕਰਦਿਆਂ ਮੌਕੇ ਉਪਰ ਪੁੱਜਾ ਤਾਂ ਇਕ ਵਿਅਕਤੀ ਨੇ ਉਸ ਉਪਰ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸਥਾਨਕ ਕਾਊਂਟੀ ਪੁਲਿਸ ਮੁੱਖੀ ਰਿਗਨਾਲਡ ਸਕੈਂਡਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ 38 ਸਾਲਾ ਪੁਲਿਸ ਅਧਿਕਾਰੀ ਪਰਮਹੰਸ ਦੇਸਾਈ ਨੇ ਮੈਕਡੌਨੌਘ ਵਿਖੇ ਘਰੇਲੂ ਝਗੜੇ ਵਿਚ ਕਾਰਵਾਈ ਕਰਦਿਆਂ ਜਦੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਬੰਦੂਕ ਨਾਲ ਦੇਸਾਈ ਉਪਰ ਗੋਲੀ ਚਲਾ ਦਿੱਤੀ ਤੇ ਕਾਰ ਵਿਚ ਫਰਾਰ ਹੋ ਗਿਆ। ਲਾਅ ਇਨਫੋਰਸਮੈਂਟ ਏਜੰਸੀਆਂ ਨੇ ਦੋਸ਼ੀ ਦੀ ਗ੍ਰਿਫਤਾਰ ਵਿਚ ਮੱਦਦ ਕਰਨ ਵਾਸਤੇ 25000 ਡਾਲਰ ਦਾ ਇਨਾਮ ਰਖਿਆ ਹੈ। ਪ੍ਰਸਿੱਧ ਬਾਸਕਟਬਾਲ ਖਿਡਾਰੀ ਸ਼ਕੁਇਲ ਓ ਨੀਲ ਜੋ ਇਸ ਕਸਬੇ ਵਿਚ ਹੀ ਰਹਿੰਦਾ ਹੈ ਨੇ ਵੀ ਦੋਸ਼ੀ  ਨੂੰ ਗ੍ਰਿਫਤਾਰ ਕਰਨ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ 5000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਕਥਿੱਤ ਦੋਸ਼ੀ ਦੀ ਪਛਾਣ ਜੋਰਡਨ ਜੈਕਸਨ ਵਜੋਂ ਕੀਤੀ ਹੈ। ਪੁਲਿਸ ਮੁੱਖੀ ਸਕੈਂਡਰਟ ਨੇ ਕਿਹਾ ਹੈ ਕਿ ਦੋਸ਼ੀ ਨੂੰ ਛੇਤੀ ਹੀ ਗ੍ਰਿਫਤਾਰ ਕਰਕੇ ਕਟਹਿਰੇ ਵਿਚ ਖੜਾ ਕੀਤਾ  ਜਾਵੇਗਾ। ਜ਼ਖਮੀ ਪੁਲਿਸ ਅਧਿਕਾਰੀ ਦੇਸਾਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਪਿਛਲੇ 17 ਸਾਲਾਂ ਤੋਂ ਲਾਅ ਇਨਫੋਰਸਮੈਂਟ ਏਜੰਸੀ ਵਿਚ ਕੰਮ ਕਰ ਰਿਹਾ ਹੈ। ਉਹ ਵਿਆਹਿਆ ਹੋਇਆ ਹੈ ਤੇ ਉਸ ਦੇ ਦੋ ਛੋਟੇ-ਛੋਟੇ ਬੱਚੇ ਹਨ।