ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਭਾਰੀ ਇਕੱਠ, ਕੀਰਤਨ ਦਰਬਾਰ ਚ ਉਚਕੋਟੀ ਦੇ ਰਾਗੀਆਂ ਢਾਡੀਆਂ ਨੇ ਕੀਤੀ ਸਮੂਲੀਅਤ

ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਭਾਰੀ ਇਕੱਠ, ਕੀਰਤਨ ਦਰਬਾਰ ਚ ਉਚਕੋਟੀ ਦੇ ਰਾਗੀਆਂ ਢਾਡੀਆਂ ਨੇ ਕੀਤੀ ਸਮੂਲੀਅਤ

ਅਮਰੀਕੀ ਉਚ ਅਧਿਕਾਰੀਆਂ ਦਾ ਵੀ ਕੀਤਾ ਗਿਆ ਸਨਮਾਨ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਵਿਸ਼ਵ ਪੱਧਰੀ ਚਰਚਿਤ ਯੂਬਾ ਸਿਟੀ, ਕੈਲੀਫੋਰਨੀਆ ਦਾ ਨਗਰ ਕੀਰਤਨ ਜੋ ਗੁਰਤਾ ਗੱਦੀ ਨੂੰ ਸਮਰਪਤ ਹੁੰਦਾ ਹੈ ਦੇ ਸਬੰਧ ਚ ਕਈ ਹਫਤਿਆਂ ਤੋਂ ਚੱਲ ਰਹੇ ਧਾਰਮਿਕ ਦਿਵਾਨਾਂ ਦੀ ਵਿਸ਼ਾਲ ਸੰਗਤਾਂ ਦੀ ਹਾਜਰੀ ਚ ਅੱਜ ਸਮਾਪਤੀ ਹੋ ਗਈ। ਕੋਵਿਡ ਮਹਾਂਮਾਰੀ ਦੀ ਮਾਰ ਝੱਲ ਰਹੇ ਅਮਰੀਕਾ ਦੇ ਸਿੱਖ ਭਾਈਚਾਰੇ ਦਾ ਦੋ ਸਾਲ ਬਾਅਦ ਯੂਬਾ ਸਿਟੀ ਦਾ ਇਹ ਨਗਰ ਕੀਰਤਨ ਤੇ ਪਹਿਲਾ ਵੱਡਾ ਸਮਾਗਮ ਸੀ। ਇਸ ਵਿਸ਼ਾਲ ਨਗਰ ਕੀਰਤਨ ਚ ਐਤਕਾਂ ਵੀ ਸੰਗਤਾਂ ਦੀਆਂ ਭਾਰੀ ਰੌਣਕਾਂ ਜੁੜੀਆਂ, ਇਸ ਨਗਰ ਕੀਰਤਨ ਲਈ ਸਥਾਨਕ ਸੰਗਤਾਂ ਕਰੀਬ ਇੱਕ ਮਹੀਨੇ ਤੋਂ ਲੰਗਰਾਂ, ਸਾਜੋ ਸਮਾਨ, ਸਜਾਵਟ ਤੇ ਫਲੋਟਾਂ ਦੀਆਂ ਤਿਆਰੀਆਂ ਚ ਰੁਝੇ ਰਹਿੰਦੇ ਹਨ। ਐਤਕਾਂ ਵੀ ਕਈ ਹਫਤਿਆਂ ਤੋਂ ਵੱਖ ਵੱਖ ਧਾਰਮਿਕ ਦਿਵਾਨ ਸਜਾਏ ਗਏ ਸਨ ਜਿਸ ਵਿੱਚ ਐਤਕਾਂ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਪ੍ਰਿਤਪਾਲ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਡਿੰਪਲ ਸਿੰਘ, ਭਾਈ ਆਤਮਜੋਤ ਸਿੰਘ, ਭਾਈ ਅਮਰਜੀਤ ਸਿੰਘ ਤਾਨ, ਤੇ ਹਜੂਰੀ ਰਾਗੀ ਭਾਈ ਬਿਕਰਮਜੀਤ ਸਿੰਘ , ਭਾਈ ਬਲਜੀਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਨਗਰ ਕੀਰਤਨ ਦੇ ਪਹਿਲੀ ਰਾਤ ਵੱਖ ਵੱਖ ਬਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਤੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਹੋਈਆਂ ਕਿਸਾਨਾਂ ਦੀਆਂ ਮੌਤਾਂ ਤੇ ਭਾਰਤ ਸਰਕਾਰ ਦੀ ਤਿੱਖੀ ਅਲ਼ੋਚਨਾ ਕੀਤੀ। ਰਾਤਾਂ ਦੇ ਸਮਾਗਮਾਂ ਤੇ ਸਵੇਰੇ ਦੇ ਸਮਾਗਮਾਂ ਦੌਰਾਨ ਸਿੱਖ ਆਗੂਆਂ ਤੇ ਅਮਰੀਕੀ ਉਚ ਅਧਿਕਾਰੀਆਂ ਜਿਨਾਂ ਚ ਮੇਅਰ, ਡਿਪਟੀ ਮੇਅਰ, ਸ਼ੈਰਫ ਡਿਪਾਰਟਮੈਂਟ ਤੇ ਸਿਆਸੀ ਲੀਡਰਾਂ ਨੂੰ ਪਲੈਕਾਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਘੇ ਬਿਜਨਸਮੈਨ ਸਰਬਜੀਤ ਥਿਆੜਾ ਵਲੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਦੋ ਲੱਖ ਇੱਕਵੰਜਾ ਹਜਾਰ ਡਾਲਰ ਦਾਨ ਵਜੋਂ ਦਿੱਤਾ ਗਿਆ। ਸਮਾਗਮਾਂ ਦੌਰਾਨ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ, ਅਮ੍ਰਿਤ ਸੰਚਾਰ ਹੋਇਆ ਤੇ ਆਤਿਸ਼ਬਾਜੀ ਕੀਤੀ ਗਈ ।

ਪੰਜਾਂ ਪਿਆਰਿਆਂ ਦੀ ਰਹਿਨੁਮਾਈ ਚ ਕੱਢੇ ਗਏ 42 ਵੇਂ ਨਗਰ ਕੀਰਤਨ ਉਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਫਲੋਟਾਂ ਵਿੱਚ ਮੁੱਖ ਵੱਡੇ ਸੁੰਦਰ ਫਲੋਟ ਤੋਂ ਇਲਾਵਾ, ਦਰਬਾਰ ਸਾਹਿਬ ਦਾ ਮਾਡਲ, ਕਿਸਾਨਾਂ ਤੇ ਖੇਤੀ ਸਬੰਧੀ , ਸਿੱਖ ਰੈਫਰੈਂਡਮ, ਗੁਰਦੁਆਰਾ ਬਰਾਡਸ਼ਾਅ, ਗੁਰਦੁਆਰਾ ਸਟਾਕਟਨ, ਅਕਾਲੀ ਦਲ ਅਮ੍ਰਿਤਸਰ, ਸਿੰਘ ਸ਼ਹੀਦਾਂ ਵਾਰੇ ਆਦਿ ਫਲੋਟਾਂ ਨਾਲ ਸੰਗਤਾਂ ਨੇ ਸਮੂਲੀਅਤ ਕੀਤੀ। ਦੂਸਰੇ ਪਾਸੇ ਪੁਲੀਸ ਵਿਭਾਗ ਵਲੋਂ ਥੋਕ ਵਿੱਚ ਸੰਗਤਾਂ ਦੀਆਂ ਕਾਰਾਂ ਨੂੰ ਟਿਕਟਾਂ ਦਿੱਤੀਆਂ ਤੇ ਲੱਖਾਂ ਡਾਲਾਰਾਂ ਦਾ ਸੰਗਤਾਂ ਨੂੰ ਚੂਨਾਂ ਲਾਇਆ। ਸਰਬਤ ਖਾਲਸਾ ਦਸਤਾਰ ਕਲੱਬ ਦੇ ਫਲੋਟ ਤੇ ਗੁਰਬਾਣੀ ਦੀ ਜਗਾ ਗਲਤ ਗੀਤ ਚੱਲਣ ਤੇ ਸੰਗਤਾਂ ਨੇ ਇਤਰਾਜ ਕੀਤਾ। ਪ੍ਰਬੰਧਕਾ ਵਲੋ ਪੰਜਾਬੀ ਮੀਡੀਏ ਦੇ ਇੱਕ ਹਿੱਸੇ ਖੁਸ਼ ਕਰਨ ਤੇ ਬਾਕੀ ਮੀਡੀਆ ਕਰਮੀਆਂ ਨੇ ਇਤਰਾਜ ਜਿਤਾਇਆ। ਕਰੋਨਾ ਤੋਂ ਬਾਅਦ ਐਤਕਾਂ ਫਲੋਟਾਂ ਤੇ ਸੰਗਤਾਂ ਵਿੱਚ ਕਮੀ ਦਾ ਹੋਣਾ ਸੁਭਾਵਕ ਹੀ ਸੀ। ਐਤਕਾਂ ਵੀ ਭਾਰੀ ਗਿਣਤੀ ਚ ਬਾਹਰਲੇ ਭਾਈਚਾਰੇ ਦੇ ਲੋਕਾਂ ਨੇ ਵੀ ਸਮੂਲੀਅਤ ਕੀਤੀ।