ਅਮਰੀਕਾ ਵਿਚ 2019 ਦੀ ਤੁਲਨਾ ਵਿੱਚ 2020 ਦੌਰਾਨ ਨਫਰਤੀ ਅਪਰਾਧਾਂ ਵਿਚ ਹੋਇਆ ਭਾਰੀ ਵਾਧਾ-ਐਫ ਬੀ ਆਈ

ਅਮਰੀਕਾ ਵਿਚ 2019 ਦੀ ਤੁਲਨਾ ਵਿੱਚ 2020 ਦੌਰਾਨ ਨਫਰਤੀ ਅਪਰਾਧਾਂ ਵਿਚ ਹੋਇਆ ਭਾਰੀ ਵਾਧਾ-ਐਫ ਬੀ ਆਈ

* ਯਹੂਦੀਆਂ ਵਿਰੁੱਧ ਹਮਲਿਆਂ ਦੀ ਗਿਣਤੀ ਘਟੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਪਿਛਲੇ ਸਾਲ 10 ਹਜਾਰ ਤੋਂ ਵਧ ਲੋਕ ਨਫਰਤੀ ਅਪਰਾਧ ਦਾ ਸ਼ਿਕਾਰ ਹੋਏ ਹਨ। ਇਹ ਖੁਲਾਸਾ ਐਫ ਬੀ ਆਈ ਨੇ ਆਪਣੀ ਸਲਾਨਾ ਰਿਪੋਰਟ ਵਿਚ ਕੀਤਾ ਹੈ। ਸਿਰ ਫਿਰੇ ਲੋਕਾਂ ਨੇ ਇਹ ਅਪਰਾਧ ਜਾਤ , ਨਸਲ, ਧਰਮ , ਲਿੰਗ ਜਾਂ ਅੰਗਹੀਣਤਾ ਨੂੰ ਆਧਾਰ ਬਣਾ ਕੇ ਕੀਤੇ ਹਨ ਜਿਸ ਕਾਰਨ ਨਿਰਦੋਸ਼ ਲੋਕਾਂ ਨੂੰ ਪੀੜਤ ਹੋਣਾ ਪਿਆ ਹੈ। ਰਿਪੋਰਟ ਅਨੁਸਾਰ ਪਿਛਲੇ ਸਾਲ 2020 ਦੌਰਾਨ 7700 ਤੋਂ ਵਧ ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜੋ 2019 ਦੀ ਤੁਲਨਾ ਵਿਚ 450 ਜਿਆਦਾ ਹਨ। ਐਫ ਬੀ ਆਈ ਅਨੁਸਾਰ ਅਸਲ ਵਿਚ ਇਹ ਘਟਨਾਵਾਂ ਕਿਤੇ ਜਿਆਦਾ ਹਨ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਨੇ ਆਪਣੇ ਖੇਤਰ ਵਿਚ ਹੋਏ ਨਫਰਤੀ ਅਪਰਾਧਾਂ ਬਾਰੇ ਰਿਪੋਰਟ ਹੀ ਨਹੀਂ ਦਰਜ ਕਰਵਾਈ। 2008 ਤੋਂ ਬਾਅਦ ਪਹਿਲੀ ਵਾਰ 2020 ਦੌਰਾਨ ਸਭ ਤੋਂ ਵਧ ਨਫਰਤੀ ਘਟਨਾਵਾਂ 7783 ਦਰਜ ਹੋਈਆਂ। ਸ਼ਾਹਫਿਆਮ ਲੋਕਾਂ ਉਪਰ ਹਮਲਿਆਂ ਦੀਆਂ ਘਟਨਾਵਾਂ ਜੋ 2019 ਵਿਚ 1972 ਸਨ ਪਿਛਲੇ ਸਾਲ ਵਧ ਕੇ 2871 ਹੋ ਗਈਆਂ। ਏਸ਼ੀਆ ਮੂਲ ਦੇ ਲੋਕਾਂ ਵਿਰੁੱਧ ਪਿਛਲੇ ਸਾਲ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ ਜਿਨਾਂ ਦੀ 2019 ਵਿਚ ਗਿਣਤੀ 161 ਸੀ। ਯਹੂਦੀ ਲੋਕਾਂ ਵਿਰੁੱਧ ਨਫਰਤੀ ਹਮਲਿਆਂ ਦੀ ਗਿਣਤੀ ਘਟੀ ਹੈ। ਰਿਪੋਰਟ ਅਨੁਸਾਰ 2019 ਵਿਚ ਯਹੂਦੀਆਂ ਉਪਰ 963 ਹਮਲੇ ਹੋਏ ਸਨ ਜੋ 2020 ਵਿਚ ਘਟ ਕੇ 683 ਰਹਿ ਗਏ। ਜਾਤ , ਨਸਲ ਜਾਂ ਪਿਛੋਕੜ ਨੂੰ ਲੈ ਕੇ ਹੋਏ ਹਮਲਿਆਂ ਵਿਚ ਰਿਕਾਰਡ ਵਾਧਾ ਹੋਇਆ। 2020 ਵਿਚ ਜਾਤ, ਨਸਲ ਜਾਂ ਪਿਛੋਕੜ ਨੂੰ ਅਧਾਰ ਬਣਾਕੇ 8052 ਘਟਨਾਵਾਂ ਵਾਪਰੀਆਂ ਜਦ ਕਿ 2019 ਵਿਚ ਇਹ ਗਿਣਤੀ 3954 ਸੀ। ਰਿਪੋਰਟ ਅਨਸਾਰ 61.8% ਪੀੜਤਾਂ ਨੂੰ ਉਨਾਂ ਦੀ ਜਾਤ ਜਾਂ ਨਸਲ ਕਾਰਨ ਨਿਸ਼ਾਨਾ ਬਣਾਇਆ ਗਿਆ। ਐਫ ਬੀ ਆਈ ਅਨੁਸਾਰ 2020 ਵਿਚ 20% ਘਟਨਾਵਾਂ ਲਿੰਗ ਨੂੰ ਆਧਾਰ ਬਣਾ ਕੇ ਵਾਪਰੀਆਂ ਜਦ ਕਿ 13.3% ਘਟਨਾਵਾਂ ਧਾਰਮਿੱਕ ਭੇਦਭਾਵ ਕਾਰਨ ਵਾਪਰੀਆਂ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੋਸ਼ੀਆਂ ਵਿਚ ਅਧਿਉਂ ਵਧ ਗੋਰੇ ਸ਼ਾਮਿਲ ਹਨ। ਇਸੇ ਦੌਰਾਨ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਫਰਤੀ ਅਪਰਾਧਾਂ ਨੂੰ ਰੋਕਣਾ ਨਿਆਂ ਵਿਭਾਗ ਦੀਆਂ ਉੱਚ ਤਰਜੀਹਾਂ ਵਿਚ ਸ਼ਾਮਿਲ ਹੈ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਚ ਫੌਰੀ ਕਾਰਵਾਈ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸ਼ਾਹਫਿਆਮ ਲੋਕਾਂ ਤੇ ਅਫਰੀਕੀ ਮੂਲ ਦੇ ਅਮਰੀਕੀ ਲੋਕਾਂ ਵਿਰੁੱਧ ਨਫਰਤੀ ਅਪਰਾਧ ਵਧੇ ਹਨ। ਇਹ ਉਹ ਵਰਗ ਹਨ ਜਿਨਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਤਰਾਂ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਵੀ ਨਫਰਤੀ ਅਪਰਾਧ ਵਧੇ ਹਨ। ਇਸ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜੋ ਅਸੀਂ ਵੇਖਿਆ ਤੇ ਸੁਣਿਆ ਹੈ ਉਸ ਦੀ ਪੁਸ਼ਟੀ ਸਾਡੇ ਕੰਮ ਵਿਚ ਵੀ ਹੋਈ ਹੈ।