ਅਮਰੀਕਾ ਭਰ ਦੇ ਸਿੱਖਾਂ ਵਲੋਂ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਖੁਸ਼ੀ ਦਾ ਇਜਹਾਰ

ਅਮਰੀਕਾ ਭਰ ਦੇ ਸਿੱਖਾਂ ਵਲੋਂ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਖੁਸ਼ੀ ਦਾ ਇਜਹਾਰ

(ਅਮਰੀਕਾ ਤੋਂ ਹੁਸਨ ਲੜੋਆ ਬੰਗਾ)

ਅਮਰੀਕਾ ਭਰ ਦੇ ਸਿੱਖਾਂ ਨੇ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਦੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਜਿੱਤਣ 'ਤੇ ਖੁਸ਼ੀ ਦਾ ਇਜਹਾਰ ਕਿਤਾ ਹੈ। ਜੋਅ ਬਾਈਡੇਨ ਅਤੇ ਕਮਲਾ ਹੈਰਿਸ ਸ਼ਨੀਵਾਰ ਨੂੰ ਲੰਬੇ ਹੋਏ ਚੋਣ ਨਤੀਜਿਆਂ ਤੋਂ ਬਾਅਦ ਕ੍ਰਮਵਾਰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੁਣੇ ਗਏ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ (ਐਸਸੀਓਈਆਰ) ਦੇ ਚੇਅਰਮੈਨ ਅਤੇ ਈਕੋ ਸਿੱਖ ਦੇ ਸੰਸਥਾਪਕ ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਇਨ੍ਹਾਂ ਸਖਤ ਲੜਾਈਆਂ ਵਾਲੀਆਂ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਹਾਂ। ਅਖੀਰ ਵਿੱਚ ਅਮਰੀਕਨ ਇਕੱਠੇ ਹੋ ਕੇ ਇਸ ਦੌਰਾਨ ਮੇਲ-ਮਿਲਾਪ ਵੱਲ ਵਧ ਸਕਦਾ ਹੈ।” ਉਸਨੇ ਕਿਹਾ ਕਿ ਅਮਰੀਕਾ ਨੂੰ ਇੱਕ ਅਜਿਹੇ ਨੇਤਾ ਦੀ ਜਰੂਰਤ ਹੈ ਜੋ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਸਿਹਤ ਚੁਣੌਤੀ ਦੇ ਹੱਲ ਲਈ ਗੰਭੀਰ ਹੋਵੇ ਅਤੇ ਦੇਸ਼ ਅਤੇ ਵਿਸ਼ਵ ਵਿੱਚ ਸਕਾਰਾਤਮਕ ਸੁਰ ਕਾਇਮ ਕਰੇ।

“ਜੋਅ ਬਾਈਡੇਨ ਅਜਿਹਾ ਵਿਅਕਤੀ ਹੈ ਅਤੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਇਸ ਰਾਸ਼ਟਰ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨ ਲਈ ਇਹ ਇੱਕ ਵੱਡਾ ਉਪਰਾਲਾ ਹੈ। ਸਾਨੂੰ ਮਾਣ ਹੈ ਕਿ ਹੈਰਿਸ ਪਹਿਲੀ ਮਹਿਲਾ ਉਪ ਰਾਸ਼ਟਰਪਤੀ, ਪਹਿਲੀ ਕਾਲੀ ਔਰਤ, ਪਹਿਲੀ ਏਸ਼ੀਆਈ ਅਮਰੀਕੀ, ਅਤੇ ਅਮਰੀਕਾ ਵਿਚ ਸਭ ਤੋਂ ਉੱਚੇ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਹੈ। ਉਨਾਂ ਜੋਅ ਬਾਈਡੇਨ ਦੇ ਇਸ ਵਾਅਦੇ ਉੱਤੇ ਚਾਨਣਾ ਪਾਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਸਾਰੇ ਅਮਰੀਕੀਆਂ ਲਈ ਰਾਸ਼ਟਰਪਤੀ ਹੋਣਗੇ, ਚਾਹੇ ਉਨ੍ਹਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਜਾਂ ਨਹੀਂ। ਵਰਨਣਯੋਗ ਹੈ ਕਿ ਇਸ ਵਾਰ ਵੀ ਛੋਟੇ ਵੱਡੇ ਅਹੁਦਿਆਂ ਤੇ ਡੈਮੋਕ੍ਰਟਿਕ ਪਾਰਟੀ ਨਾਲ ਸਬੰਧਿਤ ਸਿੱਖਾਂ ਨੇ ਮੱਲਾਂ ਮਾਰੀਆਂ ਹਨ। ਪੰਜਾਬੀ ਭਾਈਚਾਰਾ ਖਾਸ ਤੌਰ ਤੇ ਟਰੰਪ ਪ੍ਸ਼ਾਸਨ ਤੋਂ ਇਸ ਕਰਕੇ ਵੀ ਖਫਾ ਸੀ ਜਿਸ ਵਿੱਚ ਉਸਦੀ ਬਦਮਾਸ਼ੀ ਬੋਲੀ, ਹਾਇਰ ਫਾਇਰ ਦੀ ਤਾਨਾਂਸ਼ਾਹੀ, ਇੰਮੀਗ੍ਰੇਸ਼ਨ ਲਾਅ ਸਖਤ ਕਰਨੇ, ਬਜੁੱਰਗਾਂ ਦੀਆਂ ਸਹੂਲਤਾਂ ਬੰਦ ਕਰਨੀਆਂ, ਐਚ1ਖਤਮ ਕਰਨਾ, ਸਟਿਮੂਲਸ ਪਲੈਨ ਅਮੀਰਾਂ ਨੂੰ ਦੇਣਾ, ਕਾਲੇ, ਸਪੈਨਿਸ਼ ਤੇ ਏਸ਼ੀਅਨ ਲੋਕਾਂ ਬਾਰੇ ਮਾੜਾ ਬੋਲਣਾ ਤੇ ਸਿੱਖਾਂ ਦੇ ਤਿਉਹਾਰਾਂ ਤੇ ਉਬਾਮਾਂ ਵਾਂਗ ਵਧਾਈ ਨਾਂ ਦੇਣਾ ਵੀ ਪੰਜਾਬੀ ਭਾਈਚਾਰੇ ਵਲੋਂ ਟਰੰਪ ਦੇ ਵਿਰੋਧ ਦਾ ਕਾਰਣ ਬਣੇ। 

ਨੈਸ਼ਨਲ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ, ਗੁਰਵੀਨ ਸਿੰਘ ਆਹੂਜਾ ਨੇ ਕਿਹਾ: “ਅਸੀਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਅਤੇ ਪਹਿਲੀ ਔਰਤ ਅਤੇ ਭਾਰਤੀ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈ ਦੇਣਾ ਚਾਹੁੰਦੇ ਹਾਂ। ਉਨਾਂ ਕਿਹਾ ਅਸੀਂ ਰਾਸ਼ਟਰਪਤੀ-ਜੋਅ ਬਾਈਡੇਨ ਤੋਂ ਉਮੀਦ ਕਰਦੇ ਹਾਂ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਸਾਡੀ ਕੌਮ ਦੀਆਂ ਲੋੜਾਂ ਨੂੰ ਸਮਝਣ ਦੀ
ਕੋਸ਼ਿਸ ਕਰੇਗਾ।" 

ਉਨਾਂ ਅੱਗੇ ਕਿਹਾ, “ਅਸੀਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮਹੱਤਵਪੂਰਨ ਮੁੱਦਿਆਂ‘ ਤੇ ਜੋਅ ਬਾਈਡੇਨ ਦੀ ਟੀਮ ਅਤੇ ਪ੍ਰਸ਼ਾਸਨ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ।” 

ਡਾ: ਸਿੰਘ ਨੇ ਕਿਹਾ ਕਿ ਜੋਅ ਬਾਈਡੇਨ ਨੇ ਹਮੇਸ਼ਾਂ ਸਿੱਖ ਕੌਮ ਲਈ ਚਿੰਤਾ ਦੇ ਮੁੱਦਿਆਂ ਦਾ ਸਮਰਥਨ ਕੀਤਾ ਹੈ ਅਤੇ ਉਹ ਵਿਸ਼ਵਾਸ ਕਰਦੇ ਹਨ ਕਿ ਵ੍ਹਾਈਟ ਹਾਊਸ ਵਿੱਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਦਾ ਸਵਾਗਤ ਕੀਤਾ ਜਾਵੇਗਾ।