ਅਮਰੀਕੀਆਂ ਲਈ ਨਵੰਬਰ ਵਿਚ ਡੋਨਲਡ ਟਰੰਪ ਨੂੰ ਹਰਾਉਣਾ ਸਭ ਤੋਂ ਮਹੱਤਵਪੂਰਨ : ਜੋ ਬਾਈਡਨ

ਅਮਰੀਕੀਆਂ ਲਈ ਨਵੰਬਰ ਵਿਚ ਡੋਨਲਡ ਟਰੰਪ ਨੂੰ ਹਰਾਉਣਾ ਸਭ ਤੋਂ ਮਹੱਤਵਪੂਰਨ :  ਜੋ ਬਾਈਡਨ

ਜੇਕਰ ਟਰੰਪ ਹਾਰ ਗਿਆ ਤਾਂ ਉਸ ਲਈ ਹਾਰ ਪਚਾਉਣੀ ਮੁਸ਼ਕਿਲ ਹੋ ਜਾਵੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਰਾਸ਼ਟਰਪਤੀ ਜੋ ਬਾਈਡਨ ਨੇ ਇਕ ਪੱਤਰਕਾਰ ਨਾਲ ਤਾਜ਼ਾ ਮੁਲਾਕਾਤ ਵਿਚ ਕਿਹਾ ਹੈ ਕਿ ਇਸ ਸਾਲ ਨਵੰਬਰ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾਉਣਾ ਸਭ ਤੋਂ ਅਹਿਮ ਹੋਵੇਗਾ। ਉਨਾਂ ਕਿਹਾ ਕਿ ਟਰੰਪ ਦਾ ਹਾਰਨਾ ਅਮਰੀਕਾ ਤੇ ਅਮਰੀਕੀ ਲੋਕਾਂ ਦੇ ਹਿੱਤ ਵਿਚ ਹੋਵੇਗਾ। ਸੀ ਬੀ ਐਸ ਦੇ ਮੁੱਖ ਚੋਣ ਪੱਤਰਕਾਰ ਰਾਬਰਟ ਕੋਸਟਾ ਨਾਲ ਗੱਲਬਾਤ ਕਰਦਿਆਂ ਬਾਈਡਨ ਨੇ ਕਿਹਾ ਕਿ ਜਦੋਂ ਉਹ 2020 ਵਿਚ ਚੋਣ ਲੜੇ ਸਨ ਤਾਂ ਉਹ ਆਪਣੇ  ਆਪ ਨੂੰ ਇਕ ਬਦਲਵੇਂ ਰਾਸ਼ਟਰਪਤੀ ਵਜੋਂ ਵੇਖਦੇ ਸਨ। 81 ਸਾਲਾ ਬਾਈਡਨ ਨੇ ਹੋਰ ਕਿਹਾ '' ਮੈ ਨਹੀਂ ਕਹਿ ਸਕਦਾ ਮੈ ਕਿੰਨਾ ਬੁੱਢਾ ਹੋ ਗਿਆ ਹਾਂ, ਇਹ ਕਹਿਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ, ਹਾਲਾਂ ਕਿ ਰਾਸ਼ਟਰਪਤੀ ਹੋਣਾ ਇਕ ਬਹੁਤ ਮਾਣ ਵਾਲੀ ਗੱਲ ਹੈ, ਮੈ ਜੋ ਕੁਝ ਕੀਤਾ ਹੈ, ਮੇਰਾ ਵਿਚਾਰ ਹੈ ਕਿ ਉਹ  ਮੇਰੀ ਜਿੰਮੇਵਾਰੀ ਹੈ, ਤੁਸੀਂ ਸਭ ਤੋਂ ਵਧ ਮਹੱਤਵਪੂਰਨ ਚੀਜ਼ ਜੋ ਕਰ ਸਕਦੇ ਹੋ ਉਹ ਹੈ ਹਰ ਹਾਲਤ ਵਿਚ ਟਰੰਪ ਨੂੰ ਹਰਾਉਣਾ।'' ਬਾਈਡਨ ਦਾ ਇਹ ਤਾਜ਼ਾ ਬਿਆਨ ਪਿਛਲੇ ਮਹੀਨੇ ਡੈਮੋਕਰੈਟਿਕ ਸਾਂਸੰਦਾਂ, ਫੰਡ ਦੇਣ ਵਾਲਿਆਂ ਤੇ ਪਾਰਟੀ ਵਿਚਲੇ ਹੋਰ ਆਗੂਆਂ ਵੱਲੋਂ ਉਨਾਂ ਦੀ ਉਮਰ ਨੂੰ ਲੈ ਕੇ ਪ੍ਰਗਟਾਏ ਤੌਖਲੇ ਤੇ ਵਧੇ ਦਬਾਅ ਦਰਮਿਆਨ ਪਿਛਲੇ ਮਹੀਨੇ ਚੋਣ  ਮੈਦਾਨ ਵਿਚੋਂ ਹਟਣ ਉਪਰੰਤ ਪਹਿਲੀ ਵਾਰ ਆਇਆ ਹੈ। ਉਨਾਂ ਦੇ ਚੋਣ ਮੈਦਾਨ ਵਿਚੋਂ ਹਟਣ ਉਪਰੰਤ ਤੁਰੰਤ ਡੈਮੋਕਰੈਟਿਕ ਪਾਰਟੀ ਨੇ ਰਾਸ਼ਟਰਪਤੀ ਉਮੀਦਵਾਰ ਵਜੋਂ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ਉਪਰ ਮੋਹਰ ਲਾ ਦਿੱਤੀ ਸੀ। ਕਮਲਾ ਹੈਰਿਸ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਬੀਤੇ ਸ਼ਨਿਚਰਵਾਰ ਜਾਰੀ ਇਕ ਤਾਜ਼ਾ ਸਰਵੇਖਣ ਅਨੁਸਾਰ 3 ਅਹਿਮ ਰਾਜਾਂ ਵਿਚ ਟਰੰਪ ਨਾਲੋਂ ਹੈਰਿਸ ਅੱਗੇ ਹੈ। ਮੁਲਾਕਾਤ ਦੌਰਾਨ ਬਾਈਡਨ ਨੇ ਹੋਰ ਕਿਹਾ ਕਿ ਉਸ ਨੂੰ ਭਰੋਸਾ ਨਹੀਂ ਹੈ ਕਿ ਟਰੰਪ ਦੇ ਹਾਰ ਜਾਣ ਦੀ ਸਥਿੱਤੀ ਵਿਚ ਉਹ ਚੋਣ ਪ੍ਰਕਿਆ ਨੂੰ ਸ਼ਾਤਮਈ ਢੰਗ ਨਾਲ ਸਿਰੇ ਚੜਨ ਦੇਵੇਗਾ। ਬਾਈਡਨ ਨੇ ਕਿਹਾ ਉਹ ਜੋ ਕੁਝ ਕਹਿ ਰਿਹਾ ਹੈ, ਉਸ ਦੇ ਕੁਝ ਅਰਥ ਹਨ ਹਾਲਾਂ ਕਿ ਅਸੀਂ ਉਸ  ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰੰਤੂ ਜੋ ਉਹ ਕਹਿੰਦਾ ਉਸ ਦੇ ਉਸ ਲਈ ਅਰਥ ਹਨ।

3 ਅਹਿਮ ਰਾਜਾਂ ਵਿਚ ਟਰੰਪ ਪਿੱਛੇ- ਸਰਵੇ

ਇਕ ਤਾਜ਼ਾ ਸਰਵੇ ਵਿਚ ਕਿਹਾ ਗਿਆ ਹੈ ਕਿ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 3 ਪ੍ਰਮੁੱਖ ਰਾਜਾਂ ਵਿਚ ਕਮਲਾ ਹੈਰਿਸ ਅੱਗੇ ਹੈ। ਨਿਊਯਾਰਕ ਟਾਈਮਜ਼- ਸੀਨੇਵਾ ਚੋਣ ਸਰਵੇ ਅਨੁਸਾਰ ਪੈਨਸਿਲਵਾਨੀਆ, ਮਿਸ਼ੀਗਨ ਤੇ ਵਿਸਕਾਨਸਿਨ ਰਾਜਾਂ ਵਿਚ ਹੈਰਿਸ 4% ਵੋਟਾਂ ਨਾਲ ਅੱਗੇ ਹਨ ਜਦ ਕਿ ਇਸ ਦੇ ਉਲਟ ਟਰਾਫਾਲਗਰ ਗਰੁੱਪ ਤੇ ਇਨਸਾਈਡਰ ਐਡਵਾਂਟੇਜ ਵੱਲੋਂ ਕੀਤੇ ਇਕ ਸਰਵੇ ਅਨੁਸਾਰ ਟਰੰਪ ਐਰੀਜੋਨਾ ਤੇ ਨੇਵਾਡਾ ਸਮੇਤ ਕਈ ਰਾਜਾਂ ਵਿਚ ਹੈਰਿਸ ਨਾਲੋਂ ਅੱਗੇ ਹਨ। ਇਸ ਸਰਵੇ ਵਿਚ ਕਿਹਾ ਗਿਆ ਹੈ ਕਿ ਹੈਰਿਸ ਨੂੰ ਡੈਮੋਕਰੈਟਿਕਾਂ ਦਾ ਸਮਰਥਨ ਵਧਣ ਦੇ ਬਾਵਜੂਦ ਉਸ ਪ੍ਰਤੀ ਵੋਟਰਾਂ ਦੇ ਇਕ ਵੱਡੇ ਹਿੱਸੇ ਵਿਚ ਅਵਿਸ਼ਵਾਸ਼ ਦੀ ਭਾਵਨਾ ਪਾਈ  ਜਾ ਰਹੀ ਹੈ।