ਡੋਨਲਡ ਟਰੰਪ ਵਿਰੁੱਧ ਫੈਸਲੇ ਤੋਂ ਬਾਅਦ ਕੋਲੋਰਾਡੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਿਲੀਆਂ ਧਮਕੀਆਂ 

ਡੋਨਲਡ ਟਰੰਪ ਵਿਰੁੱਧ ਫੈਸਲੇ ਤੋਂ ਬਾਅਦ ਕੋਲੋਰਾਡੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਮਿਲੀਆਂ ਧਮਕੀਆਂ 

* ਮਾਮਲਾ ਜਾਂਚ ਲਈ ਐਫ ਬੀ ਆਈ ਦੇ ਹਵਾਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੋਲੋਰਾਡੋ ਰਾਜ ਦੀ ਸੁਪਰੀਮ ਕੋਰਟ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਾਜ ਵਿਚ 2024 ਦੀਆਂ ਮੁੱਢਲੀਆਂ ਨਾਮਜ਼ਦਗੀ ਚੋਣਾਂ ਵਿਚ ਹਿੱਸਾ ਲੈਣ ਤੋਂ ਅਯੋਗ ਕਰਾਰ ਦੇਣ ਉਪਰੰਤ ਜੱਜਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉਨਾਂ ਦੀ ਸੁਰੱਖਿਆ ਵਧਾ ਦੇਣ ਦੀਆਂ ਰਿਪੋਰਟਾਂ ਹਨ। ਜੱਜ ਦੇ ਘਰਾਂ ਤੇ ਅਦਾਲਤਾਂ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਟੇਟ ਸੁਪਰੀਮ ਕੋਰਟ ਨੇ 19 ਦਸੰਬਰ ਨੂੰ ਦਿੱਤੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਜਨਵਰੀ 6,2021 ਨੂੰ ਰਾਜਧਾਨੀ ਵਿਚ ਟਰੰਪ ਨੇ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਿਸ ਦਾ ਅਰਥ ਹੈ ਕਿ ਉਹ ਬਗਾਵਤੀ ਗਤੀਵਿਧੀਆਂ ਵਿਚ ਸ਼ਾਮਿਲ ਹੋਇਆ ਇਸ ਲਈ ਉਸ ਨੂੰ ਅਮਰੀਕੀ ਸੰਵਿਧਾਨ ਦੀ 14 ਵੀਂ ਸੋਧ ਤਹਿਤ ਅਹੁੱਦਾ ਸੰਭਾਲਣ ਦੇ ਅਯੋਗ ਕਰਾਰ ਦਿੱਤਾ ਜਾਂਦਾ ਹੈ। ਐਫ ਬੀ ਆਈ ਦੇ ਬੁਲਾਰੇ ਵਿਕੀ ਮਿਗੋਇਆ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਐਫ ਬੀ ਆਈ ਹਾਲਾਤ ਤੋਂ ਜਾਣੂ ਹੈ ਤੇ ਉਹ ਹਾਲਾਤ ਨਾਲ ਨਜਿੱਠਣ ਲਈ ਸਥਾਨਕ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਉਹ ਕਿਸ ਵੀ ਧਮਕੀ ਦੀ ਡੂੰਘਾਈ ਨਾਲ ਜਾਂਚ ਕਰਨਗੇ ਤੇ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਡੈਨਵਰ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਜੱਜਾਂ ਦੇ ਘਰਾਂ ਨੇੜੇ ਗਸ਼ਤ ਵਧਾ ਦਿੱਤੀ ਗਈ ਹੈ ਤੇ ਜੇਕਰ ਜੱਜਾਂ ਵੱਲੋਂ ਹੋਰ ਸੁਰੱਖਿਆ ਮੰਗੀ ਜਾਵੇਗੀ ਤਾਂ ਉਹ ਦਿੱਤੀ ਜਾਵੇਗੀ।