ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਦਿਲ ਦੇ ਰੋਗਾਂ ਸੰਬੰਧੀ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ

ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਦਿਲ ਦੇ ਰੋਗਾਂ ਸੰਬੰਧੀ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਿਨਸਿਨਾਟੀ, ਓਹਾਇਓ: ਅਮਰੀਕਾ ਦੇ ਓਹਾਇਓ ਸੂਬੇ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਕ੍ਰਾਈਸਟ ਹਸਪਤਾਲ ਦੀ ਸਾਊਥ ਏਸ਼ੀਅਨ ਕਾਰਡੀਓਵੈਸਕੁਲਰ ਕਲੀਨਿਕ ਦੇ ਸਹਿਯੋਗ ਨਾਲ “ਦਿਲ ਦੇ ਰੋਗਾਂ ਦੀ ਜਾਂਚ” ਨਾਲ ਸੰਬੰਧਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਸਤਿੰਦਰ ਸਿੰਘ ਭਾਰਜ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਤੋਸ਼ ਮੈਨਨ, ਡਾ. ਸ਼ਾਦ ਹਸਨ, ਨਰਸਾਂ ਦੀ ਟੀਮ ਜਿਸ ਵਿੱਚ ਵਰਿੰਦਰ ਕੌਰ ਸਿੱਧੂ ਤੇ ਮਿਪਨਦੀਪ ਕੌਰ ਸਹੋਤਾ ਅਤੇ ਫਾਰਮਾਸਿਸਟ ਡਾ. ਕਿਰਨਪਾਲ ਸਿੰਘ ਸੰਘਾ ਵੀ ਸ਼ਾਮਲ ਸਨ ਨੇ ਤਕਰੀਬਨ 80 ਮੈਂਬਰਾਂ ਦੀ ਜਾਂਚ ਕੀਤੀ ਅਤੇ ਹਰੇਕ ਨੂੰ ਜਾਂਚ ਰਿਪੋਰਟ ਵੀ ਦਿੱਤੀ ਗਈ। ਭਾਰਜ ਅਨੁਸਾਰ ਮੁੱਢਲੀ ਜਾਂਚ ਤੋਂ ਬਾਦ 60 ਜਾਣਿਆਂ ਦੀ ਈਕੇਜੀ ਅਤੇ ਉਸ ਤੋਂ ਬਾਦ ਹੋਰ ਵਧੇਰੇ ਜਾਂਚ ਲਈ ਤਕਰੀਬਨ 45 ਜਾਣਿਆਂ ਦੀ ਐਕੋਕਾਰਡੀਓਗ੍ਰਾਫੀ ਕੀਤੀ ਗਈ।

ਗੁਰਦੁਆਰਾ ਸਾਹਿਬ ਵਿਖੇ ਕ੍ਰਾਈਸਟ ਹਸਪਤਾਲ ਦੇ ਸਹਿਯੋਗ ਨਾਲ ਹਰ ਸਾਲ ਦੋ ਵਾਰ ਦਿਲ ਦੀ ਜਾਂਚ ਅਤੇ ਦੋ ਵਾਰ ਵਿਸਾਖੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੂਰਬ ਮੌਕੇ ਫ੍ਰੀ ਮੈਡੀਕਲ ਕੈਂਪ ਲਾਏ ਜਾਂਦੇ ਹਨ। ਸੰਗਤ ਮੈਂਬਰਾਂ ਨੇ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਲ ਵਿੱਚ ਦੋ ਵਾਰ ਮੁਫ਼ਤ ਆਪਣੇ ਦਿਲ ਅਤੇ ਹੋਰ ਸਰੀਰਕ ਜਾਂਚ ਕਰਾਉਣ ਦਾ ਮੌਕਾ ਮਿਲਦਾ ਹੈ ਤਾਂ ਜੋ ਕਿਸੇ ਤਰਾਂ ਦੀ ਵੀ ਬੀਮਾਰੀ ਦਾ ਪਹਿਲਾਂ ਹੀ ਪਤਾ ਲਾਇਆ ਜਾ ਸਕੇ।