ਕੈਲੀਫੋਰਨੀਆ ਦੇ ਇਕ ਘਰ ਵਿਚ ਹੋਈ ਗੋਲੀਬਾਰੀ ਵਿੱਚ ਪੁਲਿਸ ਅਧਿਕਾਰੀ ਸਮੇਤ 5 ਮੌਤਾਂ

ਕੈਲੀਫੋਰਨੀਆ ਦੇ ਇਕ ਘਰ ਵਿਚ ਹੋਈ ਗੋਲੀਬਾਰੀ ਵਿੱਚ ਪੁਲਿਸ ਅਧਿਕਾਰੀ ਸਮੇਤ 5 ਮੌਤਾਂ

 

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੀ ਸੈਨ ਵਾਕਿਨ ਵੈਲੀ ਦੇ ਇਕ ਘਰ ਵਿਚ ਇਕ ਸ਼ੱਕੀ ਵਿਅਕਤੀ ਨੇ 3 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ਉਪਰ ਪੁੱਜੀ ਪੁਲਿਸ ਨੇ ਜਦੋਂ ਘਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਡਿਪਟੀ ਸ਼ੈਰਿਫ ਵੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਸ਼ੱਕੀ ਦੋਸ਼ੀ ਵੀ ਸ਼ਾਮਿਲ ਹੈ। ਕੇਰਨ ਕਾਊਂਟੀ ਦੇ ਪੁਲਿਸ ਅਧਿਕਾਰੀ ਜੋਇਲ ਸਵੈਨਸਨ ਨੇ ਇਹ ਜਾਣਕਾਰੀ ਦਿੱਤੀ ਹੈ। ਮਾਰੇ ਗਏ ਡਿਪਟੀ ਦਾ ਨਾਂ ਅਜੇ ਨਹੀਂ ਦੱਸਿਆ ਗਿਆ। ਵਾਸਕੋ ਦੇ ਮੇਅਰ ਏਰਿਕ ਗਾਰਸੀਆ ਨੇ ਦੱਸਿਆ ਕਿ ਗੋਲੀਬਾਰੀ ਵਿਚ ਇਕ ਡਿਪਟੀ ਸ਼ੈਰਿਫ ਜਖਮੀ ਵੀ ਹੋਇਆ ਹੈ। ਉਨਾਂ ਕਿਹਾ ਕਿ ਇਸ ਵੇਲੇ ਮੈਨੂੰ ਮ੍ਰਿਤਕ ਪੁਲਿਸ ਅਧਿਕਾਰੀ ਤੇ ਜਖਮੀ ਪੁਲਿਸ ਅਧਿਕਾਰ ਦੇ ਪਰਿਵਾਰ ਦੀ ਚਿੰਤਾ ਹੈ। ਮੁੱਢਲੀ ਰਿਪੋਰਟ ਅਨੁਸਾਰ ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਘਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉਪਰ ਗੋਲੀਆਂ ਚਲਾਈਆਂ ਗਈਆਂ ਪਰ ਪੁਲਿਸ ਦਾ ਬਚਾਅ ਹੋ ਗਿਆ। ਉਪਰੰਤ ਹਾਲਾਤ  ਨਾਲ ਨਜਿਠਣ ਲਈ ਵਿਸ਼ੇਸ਼ ਟੀਮ ਸੱਦੀ ਗਈ। ਜਦੋਂ ਇਸ ਟੀਮ ਦੇ ਅਧਿਕਾਰੀ ਘਰ ਵਿਚ ਦਾਖਲ ਹੋਏ ਤਾਂ ਸ਼ੱਕੀ ਵਿਅਕਤੀ ਨੇ ਉਨਾਂ ਉਪਰ  ਅੰਧਾਧੁੰਦ ਗੋਲੀਆਂ ਚਲਾਈਆਂ ਜਿਸ ਦੌਰਾਨ ਇਕ ਡਿਪਟੀ ਸ਼ੈਰਿਫ ਮਾਰਿਆ ਗਿਆ ਤੇ ਇਕ ਹੋਰ ਬੁਰੀ ਤਰਾਂ ਜਖਮੀ ਹੋ ਗਿਆ। ਸਮਝਿਆ ਜਾਂਦਾ ਹੈ ਕਿ ਸ਼ੱਕੀ ਹਮਲਾਵਰ ਦੀ ਮੌਤ ਵਿਸ਼ੇਸ਼ ਟੀਮ ਵੱਲੋਂ ਚਲਾਈਆਂ ਗੋਲੀਆਂ ਨਾਲ ਹੋਈ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਆਸ ਪਾਸ ਦੇ ਲੋਕਾਂ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀ ਸੀ ਟੀ ਵੀ ਕੈਮਰਿਆਂ ਦੀ ਵੀ ਮੱਦਦ ਲਈ ਜਾ ਰਹੀ ਹੈ।