ਗੁਲਾਮਾਂ ਨੂੰ ਨਾਗਰਿਕਤਾ ਦਾ ਹੱਕ ਨਾ ਦੇਣ ਦਾ ਨਿਰਨਾ ਤੇ ਸੰਘੀ ਬੁੱਤ ਹਟਾਉਣ ਲਈ ਪ੍ਰਤੀਨਿੱਧ ਸਦਨ ਵੱਲੋਂ ਬਿੱਲ ਪਾਸ

ਗੁਲਾਮਾਂ ਨੂੰ ਨਾਗਰਿਕਤਾ ਦਾ ਹੱਕ ਨਾ ਦੇਣ ਦਾ ਨਿਰਨਾ ਤੇ ਸੰਘੀ ਬੁੱਤ ਹਟਾਉਣ ਲਈ ਪ੍ਰਤੀਨਿੱਧ ਸਦਨ ਵੱਲੋਂ ਬਿੱਲ ਪਾਸ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕੀ ਪ੍ਰਤੀਨਿੱਧ ਸਦਨ ਨੇ ਇਕ ਬਿੱਲ ਪਾਸ ਕੀਤਾ ਹੈ ਜਿਸ ਤਹਿਤ ਵਾਸ਼ਿੰਗਟਨ ਡੀ ਸੀ ਵਿਚ ਲੱਗੇ ਕਾਨਫੈਡਰੇਟ ਬੁੱਤਾਂ ਤੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਰੋਜਰ ਟੈਨੀ ਦਾ ਨਿਰਨਾ ਹਟਾਉਣ ਦੀ ਵਿਵਸਥਾ ਹੈ। ਇਸ ਜੱਜ ਨੇ 1857 ਡਰੈਡ ਸਕਾਟ ਨਿਰਨੇ ਵਿਚ ਲਿਖਿਆ ਸੀ ਕਿ ਗੁਲਾਮ ਲੋਕਾਂ ਨੂੰ ਨਾਗਰਿਕਤਾ ਦਾ ਅਧਿਕਾਰ ਨਹੀਂ ਹੈ। ਸਦਨ ਦੇ ਬਹੁਗਿਣਤੀ ਆਗੂ ਸਟੈਨੀ ਹੋਇਰ ਨੇ ਬਿੱਲ ਉਪਰ ਵੋਟਾਂ ਪੈਣ ਤੋਂ ਪਹਿਲਾਂ ਕਿਹਾ ਕਿ ' ਇਸ ਪਵਿੱਤਰ ਸਥਾਨ ਤੇ ਲੋਕਤੰਤਰ ਦੇ ਮੰਦਿਰ ਨੂੰ ਲੰਬਾ ਸਮਾਂ ਸੰਕੀਰਨ ਬਣਾ ਕੇ ਰਖਿਆ ਗਿਆ ਹੈ।

ਸਾਨੂੰ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਪਰੰਤੂ ਅਸੀਂ ਉਨਾਂ ਗੱਲਾਂ ਦਾ ਸਨਮਾਨ ਨਹੀਂ ਕਰ ਸਕਦੇ ਜਿਨਾਂ ਨੇ ਸਾਡੇ ਸਿਧਾਤਾਂ ਜਿਨਾਂ ਲਈ ਅਸੀਂ ਖੜੇ ਹਾਂ, ਨੂੰ ਨਕਾਰਦੀਆਂ ਹੋਣ। ਇਹ ਸਮਾਂ ਇਨਾਂ ਭਵਨਾਂ ਵਿਚੋਂ ਗੁਲਾਮੀ ਦੇ ਚਿਨਾਂ ਤੇ ਰਾਜ ਧਰੋਹ ਵਰਗੇ ਸ਼ਬਦਾਂ ਨੂੰ ਹਟਾਉਣ ਦਾ ਹੈ।'' ਬਿੱਲ ਦੇ ਹੱਕ ਵਿਚ 285 ਤੇ ਵਿਰੋਧ ਵਿਚ 120 ਵੋਟਾਂ ਪਈਆਂ। ਹਾਜਰ ਸਾਰੇ ਡੈਮੋਕਰੇਟਿਕ ਮੈਂਬਰਾਂ ਤੇ 67 ਰਿਪਬਲੀਕਨਾਂ ਨੇ ਵੀ ਬਿੱਲ ਦੇ ਹੱਕ ਵਿਚ ਵੋਟ ਪਾਈ। ਹੁਣ ਇਹ ਬਿੱਲ ਸੈਨੇਟ ਵਿਚ ਜਾਵੇਗਾ ਜਿਥੇ ਬਿੱਲ ਨੂੰ ਪਾਸ ਕਰਨ ਲਈ 10 ਰਿਪਬਲੀਕਨ ਮੈਂਬਰਾਂ ਦੀ ਲੋੜ ਪਵੇਗੀ। ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸ ਕਿਸਮ ਦਾ ਬਿੱਲ ਸਦਨ ਵੱਲੋਂ ਪਾਸ ਕੀਤਾ ਗਿਆ ਸੀ ਪਰ ਰਿਪਬਲੀਕਨਾਂ ਦੇ ਬਹੁਮਤ ਵਾਲੀ ਸੈਨੇਟ ਵਿਚ ਇਸ ਬਿੱਲ ਨੂੰ ਰੋਕ ਲਿਆ ਗਿਆ ਸੀ।