ਬਾਇਡਨ ਦੀ ਚੀਨ ਨੂੰ  ਚੇਤਾਵਨੀ - ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ

ਬਾਇਡਨ ਦੀ ਚੀਨ ਨੂੰ  ਚੇਤਾਵਨੀ - ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੰਸਦ ਦੇ ਸਾਂਝੇ ਇਜਲਾਸ 'ਚ ਆਪਣੇ ਪਹਿਲੇ ਸੰਬੋਧਨ ਦੌਰਾਨ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ। ਇਸ ਤੋਂ ਇਲਾਵਾ ਤਕਨੀਕੀ ਵਿਕਾਸ ਤੇ ਕਾਰੋਬਾਰ ਨੂੰ ਵੀ ਬੜ੍ਹਾਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਤੇ ਹੋਰ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਸਾਨੂੰ ਭਵਿੱਖ ਲਈ ਆਪਣੀ ਤਕਨੀਕ ਤੇ ਉਤਪਾਦ ਦਾ ਵਿਕਾਸ ਕਰਨਾ ਪਵੇਗਾ। ਇਸ ਗੱਲ ਦਾ ਕੋਈ ਕਾਰਨ ਨਹੀਂ ਹੈ ਕਿ ਟਰਬਾਈਨ ਦਾ ਬਲੇਡ ਬੀਜਿੰਗ ਦੇ ਬਦਲੇ ਪਿਟਸਬਰਗ 'ਚ ਨਹੀਂ ਬਣ ਸਕਦਾ।ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਕਾਰੋਬਾਰ ਦੇ ਗ਼ਲਤ ਤੌਰ ਤਰੀਕਿਆਂ ਮਸਲਨ ਸਰਕਾਰੀ ਕੰਪਨੀਆਂ ਨੂੰ ਫੰਡ ਤੇ ਅਮਰੀਕੀ ਤਕਨੀਕ ਤੇ ਬੌਧਿਕ ਜਾਇਦਾਦ ਦੀ ਚੋਰੀ ਦਾ ਵਿਰੋਧ ਕਰੇਗਾ, ਜਿਸ ਨਾਲ ਅਮਰੀਕੀ ਕਾਮਿਆਂ ਤੇ ਸਨਅਤ ਜਗਤ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੱਸ ਚੁੱਕਿਆ ਹਾਂ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਅਮਰੀਕਾ ਆਪਣੀ ਮਜ਼ਬੂਤ ਹਾਜ਼ਰੀ ਬਣਾਈ ਰੱਖੇਗਾ, ਜਿਸ ਤਰ੍ਹਾਂ ਅਸੀਂ ਯੂਰਪ 'ਚ ਨਾਟੋ ਲਈ ਕਰ ਰਹੇ ਹਾਂ। ਸਾਡਾ ਮਕਸਦ ਸੰਘਰਸ਼ ਨੂੰ ਬੜ੍ਹਾਵਾ ਦੇਣਾ ਨਹੀਂ ਬਲਕਿ ਇਸ ਨੂੰ ਟਾਲਣਾ ਹੈ।

ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਦਨ ਦੀ ਪ੍ਰਧਾਨਗੀ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਂਗਰਸ ਦੇ ਪਹਿਲੇ ਸਾਂਝੇ ਇਜਲਾਸ ਦੌਰਾਨ ਮੰਚ ਸਾਂਝਾ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੂੰ ਸੰਬੋਧਨ ਕਰਨ ਦੌਰਾਨ ਦੋ ਅੌਰਤਾਂ ਰਾਸ਼ਟਰਪਤੀ ਦੇ ਪਿੱਛੇ ਬੈਠੀਆਂ। ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਤੇ ਪਹਿਲੀ ਸਿਆਹਫਾਮ ਮਹਿਲਾ ਹੈ। ਉਹ ਕਾਂਗਰਸ 'ਚ ਰਾਸ਼ਟਰਪਤੀ ਬਾਇਡਨ ਦੇ ਪਹਿਲੇ ਭਾਸ਼ਣ ਦੌਰਾਨ ਉਨ੍ਹਾਂ ਦੇ ਸੱਜੇ ਹੱਥ ਬੈਠੀ ਨਜ਼ਰ ਆਈ। ਉੱਥੇ ਹੀ ਪੇਲੋਸੀ ਜਿਹੜੀ 2007 'ਚ ਸਦਨ ਦੀ ਸਪੀਕਰ ਬਣਨ ਵਾਲੀ ਪਹਿਲੀ ਮਹਿਲਾ ਸੀ, ਉਹ ਰਾਸ਼ਟਰਪਤੀ ਦੇ ਖੱਬੇ ਪਾਸੇ ਬੈਠੀ ਦਿੱਖੀ।