ਸਦਨ ਵੱਲੋਂ ਇਮੀਗ੍ਰੇਸ਼ਨ ਬਿੱਲ ਪਾਸ, ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਸ਼ਰਤਾਂ ਸਹਿਤ ਮਿਲੇਗਾ ਸਥਾਈ ਨਿਵਾਸੀ ਦਾ ਦਰਜਾ

ਸਦਨ ਵੱਲੋਂ ਇਮੀਗ੍ਰੇਸ਼ਨ ਬਿੱਲ ਪਾਸ, ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਸ਼ਰਤਾਂ ਸਹਿਤ ਮਿਲੇਗਾ ਸਥਾਈ ਨਿਵਾਸੀ ਦਾ ਦਰਜਾ

* ਸੈਨੇਟ ਵਿਚ ਆ ਸਕਦੀ ਹੈ ਮੁਸ਼ਕਿਲ, ਖੇਤੀ ਕਾਮਿਆਂ ਨੂੰ ਗਰੀਨ ਕਾਰਡ ਦੇਣ ਸਬੰਧੀ ਵੀ ਬਿੱਲ ਨੂੰ ਪ੍ਰਵਾਨਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪ੍ਰਤੀਨਿੱਧ ਸਦਨ ਨੇ ਲੰਘੇ ਦਿਨ ਬਿਨਾਂ ਦਸਤਾਵੇਜ਼ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਵਾਸਤੇ ਢੰਗ -ਤਰੀਕਾ ਤਿਆਰ ਕਰਨ ਲਈ ਇਕ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਪਰੰਤੂ ਸੈਨੇਟ ਵਿਚ ਅਸਲੀ ਪਰਖ ਹੋਵੇਗੀ ਜਿਥੇ ਬਿੱਲ ਨੂੰ ਪਾਸ ਕਰਨ ਲਈ ਰਿਪਬਲੀਕਨਾਂ ਦੀ ਹਮਾਇਤ ਜਰੂਰੀ ਹੋਵੇਗੀ। ਸੈਨੇਟ ਵਿਚ ਕਿਸੇ ਕਿਸਮ ਦਾ ਗਤੀਰੋਧ ਟਾਲਣ ਲਈ ਬਿੱਲ ਨੂੰ ਪਾਸ ਕਰਨ ਵਾਸਤੇ ਘੱਟੋ ਘੱਟ 10 ਰਿਪਬਲੀਕਨਾਂ ਦੀ ਲੋੜ ਪਵੇਗੀ। 'ਅਮੈਰੀਕਨ ਡਰੀਮ ਐਂਡ ਪ੍ਰੌਮਿਸ ਐਕਟ' 228-197 ਵੋਟਾਂ ਦੇ ਫਰਕ ਨਾਲ ਪਾਸ ਹੋਇਆ। ਇਸ ਬਿੱਲ ਤਹਿਤ ਤਕਰੀਬਨ 25 ਲੱਖ ਪ੍ਰਵਾਸੀਆਂ ਨੂੰ 10 ਸਾਲਾਂ ਵਾਸਤੇ ਸ਼ਰਤਾਂ ਤਹਿਤ ਸਥਾਈ ਤੌਰ 'ਤੇ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਦੇਣ ਦੀ ਵਿਵਸਥਾ ਕੀਤੀ ਗਈ ਹੈ। ਪ੍ਰਵਾਸੀਆਂ ਨੂੰ  ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪ੍ਰਵਾਸੀ ਇਕ ਜਨਵਰੀ 2021 ਨੂੰ ਜਾਂ ਇਸ ਤੋਂ ਪਹਿਲਾਂ ਅਮਰੀਕਾ ਵਿਚ ਮੌਜੂਦ ਹੋਵੇ ਤੇ ਉਸ ਦੀ ਅਮਰੀਕਾ ਵਿਚ ਦਾਖਲ ਹੋਣ ਸਮੇ ਉਮਰ 18 ਸਾਲ ਜਾਂ ਇਸ ਤੋਂ ਘੱਟ ਹੋਵੇ। ਇਸ ਦੇ ਇਲਾਵਾ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਜਾਂ ਮਨੁੱਖੀ ਤਸਕਰੀ ਵਰਗੇ ਅਪਰਾਧ ਵਿਚ ਦੋਸ਼ੀ ਕਰਾਰ ਨਾ ਦਿੱਤਾ ਗਿਆ ਹੋਵੇ। ਬਿੱਲ ਵਿਚ ਇਹ ਵੀ ਵਿਵਸਥਾ ਹੈ ਕਿ ਅਮਰੀਕਾ ਦਾ ਸ਼ਹਿਰੀ ਬਣਨ ਦੇ ਚਾਹਵਾਨ ਪ੍ਰਵਾਸੀ ਯੁਨੀਵਰਸਿਟੀ ਜਾਂ ਕਾਲਜ ਤੋਂ ਡਿਗਰੀ ਲੈ ਕੇ ਜਾਂ ਮਿਲਟਰੀ ਵਿਚ ਘੱਟੋ ਘੱਟ 2 ਸਾਲ ਸੇਵਾ ਕਰਕੇ ਸਥਾਈ ਵਾਸੀ ਦਾ ਰੁੱਤਬਾ ਪ੍ਰਾਪਤ ਕਰ ਸਕਦੇ ਹਨ। ਜੋਅ ਬਾਇਡੇਨ ਪ੍ਰਸ਼ਾਸਨ ਨੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਕ ਟਵੀਟ ਵਿਚ ਸਦਨ ਦੇ ਸਾਰੇ ਮੈਂਬਰਾਂ ਨੂੰ ਇਸ ਦੇ ਹੱਕ ਵਿਚ ਵੋਟ ਪਾਉਣ ਦੀ ਬੇਨਤੀ ਕੀਤੀ ਸੀ। ਜਿਸ ਪ੍ਰਤੀ ਹੁੰਗਾਰਾ ਭਰਦਿਆਂ 9 ਰਿਪਬਲੀਕਨਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ। ਇਥੇ ਜਿਕਰਯੋਗ ਹੈ ਕਿ ਸਦਨ ਨੇ 2019 ਵਿਚ ਵੀ ਬਿੱਲ ਪਾਸ ਕੀਤਾ ਸੀ ਤੇ ਉਸ ਸਮੇ 7 ਰਿਪਬਲੀਕਨਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ ਸੀ ਪਰੰਤੂ ਰਿਪਬਲੀਕਨਾਂ ਦੀ ਬਹੁਮਤ ਵਾਲੀ ਸੈਨੇਟ ਵਿਚ ਇਹ ਬਿੱਲ ਪੇਸ਼ ਨਹੀਂ ਸੀ ਕੀਤਾ ਗਿਆ। ਖੇਤੀ ਕਾਮਿਆਂ ਸਬੰਧੀ ਬਿੱਲ ਪਾਸ- ਸਦਨ ਨੇ ਇਕ ਹੋਰ ਬਿੱਸ ਪਾਸ ਕਰਕੇ ਸੈਨੇਟ ਨੂੰ ਭੇਜ ਦਿੱਤਾ ਹੈ।  ਇਸ ਬਿੱਲ ਤਹਿਤ ਬਿਨਾਂ ਦਸਤਾਵੇਜ਼ਾਂ ਵਾਲੇ ਖੇਤੀ ਕਾਮਿਆਂ ਨੂੰ ਗਰੀਨ ਕਾਰਡ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਬਿੱਲ 247-174 ਵੋਟਾਂ ਦੇ ਫਰਕ ਨਾਲ ਪਾਸ ਹੋਇਆ। 30 ਰਿਪਬਲੀਕਨਾਂ ਨੇ ਵੀ ਬਿੱਲ ਦੇ ਹੱਕ ਵਿਚ ਵੋਟ ਪਾਈ। ਇਸ ਬਿੱਲ ਤਹਿਤ ਉਹ ਕਾਮੇ ਪ੍ਰਮਾਣਿਤ ਖੇਤੀਬਾੜੀ ਵਰਕਰ ਦਾ ਆਰਜੀ ਰੁਤਬਾ ਹਾਸਲ ਕਰ ਸਕਦੇ ਹਨ ਜਿਨਾਂ ਨੇ ਪਿਛਲੇ 2 ਸਾਲਾਂ ਦੌਰਾਨ ਘੱਟੋ ਘੱਟ 180 ਦਿਨ ਖੇਤੀਬਾੜੀ ਕਾਮੇ ਵਜੋਂ ਕੰਮ ਕੀਤਾ ਹੋਵੇ। ਇਸ ਬਿੱਲ ਤਹਿਤ ਕਾਮੇ ਦੀ ਪਤਨੀ ਜਾਂ ਬੱਚੇ ਵੀ ਆਰਜੀ ਦਰਜੇ ਲਈ ਦਰਖਾਸਤ ਦੇ ਸਕਦੇ ਹਨ। ਇਸ ਬਿੱਲ ਤਹਿਤ ਖੇਤੀ ਕਾਮੇ 1000 ਡਾਲਰ ਦਾ ਜੁਰਮਾਨਾ ਭਰਕੇ ਤੇ ਖੇਤੀਬਾੜੀ ਵਿਚ ਲੰਬਾ ਸਮਾਂ ਕੰਮ ਕਰਕੇ ਗਰੀਨ ਕਾਰਡ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਐਚ 2-ਏ ਵੀਜੇ ਜਾਰੀ ਕੀਤੇ ਜਾਣਗੇ ਜਿਸ ਤਹਿਤ ਵਿਦੇਸ਼ੀ ਕਾਮੇ ਆਰਜੀ ਤੌਰ 'ਤੇ ਖੇਤੀਬਾੜੀ ਵਿਚ ਕੰਮ ਕਰਨ ਲਈ ਅਮਰੀਕਾ ਆ ਸਕਣਗੇ।