ਯੂ.ਪੀ. ਦੇ ਬਹਿਰਾਇਚ ਵਿਚ ਭਗਵੇਂ ਵਾਦੀਆਂ ਨੇ ਕੀਤੀ ਹਿੰਸਾ
ਮਸਜਿਦ ਉਪਰ ਲਗਾਇਆ ਭਗਵਾਂ ਝੰਡਾ
*ਭੀੜ ਨੇ ਦੁਕਾਨਾਂ ਤੇ ਵਾਹਨਾਂ ਨੂੰ ਲਾਈ ਅੱਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਹਿਰਾਇਚ-ਬੀਤੇ ਦਿਨ ਬਹਿਰਾਇਚ ਦੇ ਮਨਸੂਰ ਪਿੰਡ ਦੇ ਮੇਹਰਾਜਗੰਜ ਵਿਚ ਮੂਰਤੀ ਵਿਸਰਜਨ ਦੌਰਾਨ ਮੁਸਲਮਾਨ ਤੇ ਭਗਵੇਂ ਵਾਦੀ ਧਿਰਾਂ ਵਿਚ ਹੰਗਾਮਾ ਇੰਨਾ ਵਧ ਗਿਆ ਕਿ ਪੱਥਰਬਾਜ਼ੀ ਤੇ ਗੋਲੀਬਾਰੀ ਹੋਈ, ਜਿਸ ਵਿਚ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਇਸ ਘਟਨਾ ਨੇ ਹਿੰਸਾ ਦਾ ਰੂਪ ਧਾਰ ਲਿਆ ਹੈ ।ਭਗਵੀਂ ਹਿੰਸਕ ਭੀੜ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਲੈਸ, ਸੜਕਾਂ 'ਤੇ ਘੁੰਮਦੀ ਰਹੀ, ਜਿਨ੍ਹਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ । ਮੁਸਲਮਾਨਾਂ ਦੀ ਭੀੜ ਨੇ ਵੀ ਪੱਥਰਬਾਜੀ ਕੀਤੀ।ਇਹ ਤਣਾਅ ਉਦੋਂ ਛਿੜਿਆ ਜਦੋਂ ਮਸਜਿਦ ਉਪਰ ਭਗਵਾਂ ਝੰਡਾ ਲਹਿਰਾ ਦਿਤਾ।
ਇਸ ਹਿੰਸਾ ਸੰਬੰਧੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਲਗਭਗ 30 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ । ਪਥਰਾਅ ਤੇ ਗੋਲੀਬਾਰੀ ਵਿਚ ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ । ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਇਸ ਦੌਰਾਨ ਜਿਲ੍ਹੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ । ਬਹਿਰਾਇਚ ਦੇ ਐਸ.ਪੀ. ਵਰਿੰਦਾ ਸ਼ੁਕਲਾ ਨੇ ਦੱਸਿਆ ਸਥਿਤੀ ਨੂੰ ਕਾਬੂ ਵਿਚ ਲਿਆਂਦਾ ਜਾ ਰਿਹਾ ਹੈ । ਇਸ ਮਾਮਲੇ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਖ਼ਤੀ ਦਿਖਾਉਂਦੇ ਹੋਏ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ | ਇਸ ਘਟਨਾ 'ਤੇ ਦੁਖ ਜ਼ਾਹਿਰ ਕਰਦੇ ਹੋਏ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਮੇਰੀ ਸਭ ਨੂੰ ਅਪੀਲ ਹੈ ਕਿ ਕਾਨੂੰਨ ਵਿਵਸਥਾ ਬਣਾ ਕੇ ਰੱਖੀ ਜਾਵੇ ।ਘਟਨਾ ਦੁਖਦਾਈ ਹੈ । ਸਰਕਾਰ ਨੂੰ ਇਨਸਾਫ਼ ਕਰਨਾ ਚਾਹੀਦਾ ਹੈ ।
Comments (0)