ਕਿਸਾਨ ਯੂਨੀਅਨ ਉਗਰਾਹਾਂ ਦੀ ਲੜਾਈ ਸਰਕਾਰ ਨਾਲ ਹੈ ਕਿ ਸਿੱਖਾਂ ਨਾਲ?

ਕਿਸਾਨ ਯੂਨੀਅਨ ਉਗਰਾਹਾਂ ਦੀ ਲੜਾਈ ਸਰਕਾਰ ਨਾਲ ਹੈ ਕਿ ਸਿੱਖਾਂ ਨਾਲ?

ਇਹਨਾਂ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਘਰ-ਘਰ ਜਾ ਕੇ ਇਕ ਚੋਵਰਕੀ ਵੰਡ ਰਹੀ ਹੈ ਜਿਸ ਦਾ ਨਿਚੋੜ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਥਾਂ ਸਿੱਖਾਂ ਨੂੰ ਦੋ ਹਿੱਸਿਆਂ ਵਿਚ ਵੰਡਣਾ ਹੈ। ਇਸ ਵਿਚ ਸਿੱਖਾਂ ਦੀ ਦੋ ਭਾਵੀ ਵਰਗ ਵੰਡ ਕੀਤੀ ਗਈ ਹੈ। ਇਕ ਵਰਗ ਨੂੰ ‘ਸਾਦਾ ਦਿਲ ਸਿੱਖ ਸ਼ਰਧਾਲੂ' ਅਤੇ ਦੂਜੇ ਵਰਗ ਨੂੰ ਖ਼ੁਦਗ਼ਰਜ਼, ਖ਼ਾਲਿਸਤਾਨੀ ਜੋਕਾਂ ਆਦਿ ਦਾ ਨਾਮ ਦਿੱਤਾ ਗਿਆ ਹੈ।

ਇਸੇ ਕਿਸਾਨ ਯੂਨੀਅਨ ਨੇ ਉਸ ਸਮੇਂ ਵੀ ਸਿੱਖਾਂ ਵਿਚ ਵਰਗਵੰਡ ਦੀ ਕੋਸ਼ਿਸ਼ ਕੀਤੀ ਸੀ ਜਦੋਂ ਆਮ ਕਿਸਾਨਾਂ ਹੱਥ ‘ਮੈਂ ਕਿਸਾਨ ਹਾਂ ਖ਼ਾਲਿਸਤਾਨੀ ਨਹੀਂ' ਦੀਆਂ ਤਖ਼ਤੀਆਂ ਫੜਾਈਆਂ ਸਨ। ਇਸ ਤੋਂ ਭਾਵ ਸੀ ਕਿ ਕੋਈ ਵੀ ਕਿਸਾਨ ਖ਼ਾਲਿਸਤਾਨੀ ਨਹੀਂ ਹੋ ਸਕਦਾ। ਕੀ ਉਗਰਾਹਾਂ ਜਥੇਬੰਦੀ ਨੂੰ ਇਹ ਨਹੀਂ ਪਤਾ ਕਿ ‘ਖਲਿਸਤਾਨੀ' ਸ਼ਬਦ ‘ਖ਼ਾਲਸਾ' ਤੋਂ ਬਣਿਆ ਹੈ ਅਤੇ ਹਰ ਸਿੱਖ ਨੂੰ ਆਪਣੇ ਖ਼ਾਲਸਾ ਹੋਣ 'ਤੇ ਮਾਣ ਹੈ। ਦੁਨੀਆਂ ਭਰ ਦਾ ਹਰ ਸਿੱਖ ਦੋ ਵੇਲਿਆਂ ਦੀ ਅਰਦਾਸ ਵਿਚ ਵੀ ‘ਰਾਜ ਕਰੇਗਾ ਖ਼ਾਲਸਾ’ ਅਤੇ "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ̈ ਦੇ ਬੋਲਾਂ ਨੂੰ ਗਜਾਉਂਦਾ ਹੈ। ਕੀ ਇਸ ਖਾਲਸੇ ਪ੍ਰਤੀ ਘਟੀਆਂ ਸ਼ਬਦਾਵਲੀ ਵਰਤਣੀ ਕਿਸੇ ਵੀ ਤਰ੍ਹਾਂ ਜਾਇਜ਼ ਹੈ? ਕੀ ਸਿੱਖਾਂ ਨੂੰ ਅਤੇ ਖਾਲਸੇ ਨੂੰ ਵੱਖ-ਵੱਖ ਕਰਕੇ ਦੇਖਿਆ ਜਾ ਸਕਦਾ ਹੈ?

ਇਸੇ ਚੋਵਰਕੀ ਵਿਚ ਸਿੱਖਾਂ ਖ਼ਿਲਾਫ਼ ਜ਼ਹਿਰ ਘੋਲ਼ਦਿਆਂ ਲਿਖਿਆ ਗਿਆ ਹੈ, "ਇਸ ਲਾਣੇ ਨੇ (ਖ਼ਾਲਿਸਤਾਨੀ) ਕੇਂਦਰ ਹਾਕਮਾਂ ਦੀ ਸ਼ਹਿ 'ਤੇ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਸਨ" ਇਹ ਕਿੱਡੀ ਹਾਸੋਹੀਣੀ ਗੱਲ ਹੈ। ਸਭ ਨੂੰ ਇਸ ਗੱਲ ਦਾ ਗਿਆਨ ਹੈ ਕਿ ਪੰਜਾਬ ਵਿਚ ਚੱਲੀ ਲਹਿਰ ਪੰਜਾਬ ਦੀਆਂ ਹੱਕੀ ਮੰਗਾਂ, ਪੰਜਾਬ ਦੇ ਪਾਣੀਆਂ ਦੀ ਕਾਨੂੰਨੀ ਵੰਡ, ਪੰਜਾਬੀ ਬੋਲੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਵਾਉਣ ਲਈ ਉੱਠੀ ਸੀ। ਜਿਸ ਤਰ੍ਹਾਂ ਸਰਕਾਰਾਂ ਆਮ ਤੌਰ 'ਤੇ ਕਰਦੀਆਂ ਹਨ ਇਸ ਪੰਜਾਬ ਪੱਖੀ ਲਹਿਰ ਨੂੰ ਵੀ ਸਰਕਾਰ ਨੇ ‘ਅੱਤਵਾਦ-ਵੱਖਵਾਦ' ਦਾ ਨਾਮ ਦੇ ਕੇ ਦਰੜ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਅਤੇ ਬੇਤਹਾਸ਼ਾ ਖ਼ੂਨ-ਖ਼ਰਾਬਾ ਕਰਕੇ ਲਹਿਰ ਨੂੰ ਦਬਾਅ ਦਿੱਤਾ ਸੀ। ਜਿਸ ਤਰ੍ਹਾਂ ਹੁਣ ਕਿਸਾਨ ਯੂਨੀਅਨ ਉਗਰਾਹਾਂ ਕਰ ਰਹੀ ਹੈ ਉਸ ਸਮੇਂ ਵੀ ਅਜਿਹੀ ਸੋਚ ਵਾਲੀਆਂ ਤਾਕਤਾਂ ਪੰਜਾਬ ਦੇ ਹੱਕ ਵਿਚ ਚੱਲ ਰਹੀ ਲਹਿਰ ਦੀਆਂ ਦੁਸ਼ਮਣ ਬਣ ਕੇ ਸਰਕਾਰ ਦੇ ਪੱਖ ਵਿਚ ਭੁਗਤੀਆਂ ਸਨ। ਸਿੱਟੇ ਵਜੋਂ ਪੰਜਾਬ ਦੀਆਂ ਹੱਕੀ ਮੰਗਾਂ ਦਾ ਕੋਈ ਹੱਲ ਨਹੀਂ ਸੀ ਨਿਕਲਿਆ। ਇਸ ਸਭ ਕਾਸੇ ਲਈ ਅਜਿਹਾ ਸਰਕਾਰੀ ਪ੍ਰਚਾਰ ਹੀ ਜ਼ਿੰਮੇਵਾਰ ਸੀ ਜਿਹਾ ਪ੍ਰਚਾਰ ਹੁਣ ਕਿਸਾਨ ਯੂਨੀਅਨ ਉਗਰਾਹਾਂ ਕਰ ਰਹੀ ਹੈ।

ਅਜੇ ਕੁੱਝ ਦਿਨ ਪਹਿਲਾਂ ਹੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਕਿਸੇ ਵਿਸ਼ੇਸ਼ ਧਰਮ ਦੇ ਵਿਰੋਧੀ ਨਹੀਂ ਹਨ ਬਲਕਿ ਉਨ੍ਹਾਂ ਦਾ ਵਿਰੋਧ ਫ਼ਿਰਕਾਪ੍ਰਸਤੀ ਨਾਲ ਹੈ। ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁੱਛਣਾ ਬਣਦਾ ਹੈ ਕਿ ਜਦੋਂ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਪੁੱਜੇ ਆਮ ਕਿਸਾਨਾਂ ਦੇ ਹੱਥਾਂ ਵਿਚ ਨਕਸਲੀਆਂ ਨੂੰ ਛੁਡਵਾਉਣ ਲਈ ਫ਼ੋਟੋਆਂ ਅਤੇ ਤਖ਼ਤੀਆਂ ਫੜਾਉਂਦੇ ਹਨ ਤਾਂ ਇਹ ਫ਼ਿਰਕਾਪ੍ਰਸਤੀ ਕਿਵੇਂ ਨਹੀਂ ਆਖੀ ਜਾ ਸਕਦੀ? ਕੀ ਨਕਸਲੀ ਵਿਚਾਰਾਂ ਵਾਲੇ ਕੈਦੀਆਂ ਨੂੰ ਬੁੱਧੀਜੀਵੀ ਆਖਣ ਨਾਲ ਮਸਲਾ ਹੱਲ ਹੋ ਜਾਂਦਾ ਹੈ ? ਕੀ ਨਕਸਲੀਆਂ ਨੂੰ ਛੁਡਵਾਉਣਾ ਕਿਸਾਨੀ ਕਾਨੂੰਨ ਰੱਦ ਕਰਵਾਉਣ ਵਾਲੇ ਏਜੰਡੇ ਵਿਚ ਸ਼ਾਮਲ ਸੀ?

ਭਾਵੇਂ ਇਸ ਚੋਵਰਕੀ ਵਿਚ ਦੀਪ ਸਿੱਧੂ ਦਾ ਸਿੱਧਾ ਨਾਮ ਨਹੀਂ ਲਿਆ ਗਿਆ ਪਰ ਲਿਖਿਆ ਹੈ ਕਿ "ਨਿਸ਼ਾਨ ਸਾਹਿਬ ਸਿਆਸੀ ਖੋਟੇ ਮੰਤਵ ਲਈ ਜ਼ਰਖ਼ਰੀਦ ਚਹੇਤੇ ਦੇ ਹੱਥ ਫੜਾ ਕੇ ਬੀਜੇਪੀ ਹਕੂਮਤ ਨੇ ਕਿਸਾਨ ਸੰਘਰਸ਼ ਨੂੰ ਫੇਟ ਮਾਰਨ ਦੀ ਕੋਸ਼ਿਸ਼ ਕੀਤੀ ਹੈ।" ਚੋਵਰਕੀ ਦੀਆਂ ਇਹਨਾਂ ਲਾਈਨਾਂ ਤੋਂ ਲਾਲ ਕਿਲੇ ਵਾਲੀ ਘਟਨਾ ਨੂੰ ਸਰਕਾਰ ਦੀ ਚਾਲ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਜਦਕਿ ਹੁਣ ਤੱਕ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਲਾਲ ਕਿਲੇ ਤੱਕ ਪੁੱਜਣ ਦਾ ਪ੍ਰੋਗਰਾਮ ਕਿਸਾਨ ਆਗੂਆਂ ਨੇ ਦਿੱਤਾ ਸੀ ਅਤੇ ਹਰ ਕਿਸਾਨ ਯੂਨੀਅਨ ਦੇ ਵਰਕਰ ਅਤੇ ਆਗੂ ਲਾਲ ਕਿਲੇ ਤੇ ਜਾਣ ਵਾਲਿਆਂ ਵਿਚ ਸ਼ਾਮਲ ਸਨ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣਾ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਸੀ ਜਿਸ ਤੋਂ ਕਿਸਾਨ ਆਗੂਆਂ ਨੇ ਮੂੰਹ ਮੋੜ ਲਿਆ ਅਤੇ ਅਨੇਕਾਂ ਨੌਜਵਾਨ ਕਿਸਾਨ ਆਗੂਆਂ ਦੀ ਬੁਜ਼ਦਿਲੀ ਦਾ ਸ਼ਿਕਾਰ ਹੋ ਗਏ।

ਬੇਸ਼ੱਕ ਕਿਸਾਨ ਯੂਨੀਅਨ ਆਪਣਾ ਬਚਾਅ ਕਰਨ ਕਰਨ ਲਈ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰਨ ਦੀ ਗੱਲ ਵੀ ਕਰ ਰਹੀ ਹੈ ਪਰ ਉਸ ਦੀ ਸਮੁੱਚੀ ਚੋਵਰਕੀ ਦਾ ਮਕਸਦ ਸੰਕੀਰਨਤਾ ਦੀ ਪੈਦਾਵਾਰ ਹੈ। ਇਕ ਸੱਚਾ ਸਿੱਖ ਕਦੇ ਵੀ ਨਿਸ਼ਾਨ ਸਾਹਿਬ ਦੀ ਵਰਤੋਂ ਖ਼ੁਦਗ਼ਰਜ਼ੀ ਲਈ ਨਹੀਂ ਕਰਦਾ ਅਤੇ ਕਿਸਾਨ ਸੰਘਰਸ਼ ਵਿਚ ਵੀ ਨਿਸ਼ਾਨ ਸਾਹਿਬ ਦੀ ਵਰਤੋਂ ਆਪਣੇ ਕੌਮੀ ਮਾਣ ਕਰਕੇ ਕਰ ਰਿਹਾ ਹੈ। ਸਿੱਖ ਨਿਸ਼ਾਨ ਸਾਹਿਬ ਕਿਸੇ ਵੀ ਤਰ੍ਹਾਂ ਕਿਸਾਨੀ ਸੰਘਰਸ਼ ਵਿਚ ਅੜਿਕਾ ਨਹੀਂ ਬਣ ਰਿਹਾ ਸਗੋਂ ਹਰ ਸਿੱਖ ਆਪਣੇ ਕੌਮੀ ਨਿਸ਼ਾਨ ਦੀ ਰਹਿਨੁਮਾਈ ਵਿਚ ਜ਼ਬਰ-ਜੁਲਮ ਖ਼ਿਲਾਫ਼ ਡਟ ਕੇ ਖੜ੍ਹਦਾ ਆਇਆ ਹੈ ਅਤੇ ਅੱਜ ਵੀ ਡਟ ਕੇ ਖੜ੍ਹਾ ਹੈ। ਜਿਸ ਤਰ੍ਹਾਂ ਇਸ ਚੋਵਰਕੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਝੰਡੇ ਹੀ ਕਿਸਾਨ ਜੂਝਾਰੂਆਂ ਦਾ ਸਾਂਝਾ ਝੰਡਾ ਹਨ ਇਹ ਦਾਅਵਾ ਬਿਲਕੁਲ ਠੀਕ ਨਹੀਂ। ਕਿਸਾਨ ਸੰਘਰਸ਼ ਵਿਚ ਇਸ ਵੇਲੇ ਕਿੰਨੀਆਂ ਹੀ ਕਿਸਾਨ ਯੂਨੀਅਨਾਂ, ਵੱਖ-ਵੱਖ ਮੰਚਾਂ, ਲੋਕ ਸੰਘਰਸ਼ ਪਾਰਟੀਆਂ ਇਥੋਂ ਤੱਕ ਕਿ ਕੁੱਝ ਸਿਆਸੀ ਪਾਰਟੀਆਂ ਦੇ ਝੰਡੇ ਵੀ ਸ਼ਾਮਲ ਹਨ ਤਾਂ ਕਿਸਾਨ ਯੂਨੀਅਨਾਂ ਨੂੰ ਸਿੱਖ ਨਿਸ਼ਾਨ ਸਾਹਿਬ ਤੋਂ ਕੀ ਖ਼ਤਰਾ ਹੋ ਸਕਦਾ ਹੈ?

ਇਸ ਵੇਲੇ ਹਰ ਕਿਸਾਨ ਦਾ ਨਿਸ਼ਾਨਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਪਰ ਕਈ ਕਿਸਾਨ ਯੂਨੀਅਨਾਂ ਇਸ ਸਮੇਂ ਖੇਤੀ ਕਾਨੂੰਨਾਂ ਵੱਲ ਧਿਆਨ ਰੱਖਣ ਦੀ ਥਾਂ ਆਪਣੇ ਕਮਿਊਨਿਸਟ ਏਜੰਡੇ ਨੂੰ ਲੋਕਾਂ ਦੇ ਮਨਾਂ ਵਿਚ ਉੱਕਰਨ ਤੇ ਲੱਗੀਆਂ ਹੋਈਆਂ ਹਨ। ਇਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਪੰਜਾਬ ਵਿਚੋਂ ਸਿੱਖ ਚਿੰਤਨ ਦੀਆਂ ਜੜਾਂ ਵੱਢੇ ਵਗ਼ੈਰ ਕਮਿਊਨਿਸਟ ਲਹਿਰ ਸਫਲ ਨਹੀਂ ਹੋ ਸਕਦੀ। ਇਸ ਲਈ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖ ਕੌਮ ਵਿਚ ਵਰਗਵੰਡ ਨੂੰ ਮਜ਼ਬੂਤ ਕੀਤਾ ਜਾਵੇ।

ਸਿੱਖਾਂ ਨੂੰ ‘ਸਾਦਾ ਦਿਲ ਸਿੱਖ', ਸ਼ਰਧਾਵਾਨ ਸਿੱਖ, ਕਿਸਾਨ ਸਿੱਖ ਅਤੇ ਖ਼ਾਲਿਸਤਾਨੀ ਸਿੱਖ ਆਦਿ ਵਿਚ ਵੰਡਿਆ ਜਾਵੇ। ਇਹ ਏਜੰਡਾ ਬਿਲਕੁਲ ਭਾਜਪਾ ਅਤੇ ਕਾਂਗਰਸ ਦੇ ਪੰਜਾਬ ਵਿਰੋਧੀ ਏਜੰਡੇ ਨਾਲ ਮਿਲਦਾ ਹੈ। ਇਹ ਅਜੈਂਡਾ ਵਰਤ ਕੇ ਸਰਕਾਰਾਂ ਸਿੱਖਾਂ ਵਿਚ ਡੇਰਾਵਾਦੀ ਸਿੱਖ, ਟਕਸਾਲੀ ਸਿੱਖ, ਮਿਸ਼ਨਰੀ ਸਿੱਖ ਦੀ ਵਰਗਵੰਡ ਕਰਕੇ ਪਾਟਕ ਪਾਉਂਦੀਆਂ ਹਨ ਅਤੇ ਪੰਜਾਬ ਵਿਚ ਸ਼ਖ਼ਸੀ ਪੂਜਾ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਖ਼ਰਚ ਕਰਦੀਆਂ ਹਨ। ਇਸ ਸਮੇਂ ਬੇਸ਼ੱਕ ਕਿਸਾਨ ਯੂਨੀਅਨ ਉਗਰਾਹਾਂ ਦੀ ਲੜਾਈ ਸਰਕਾਰ ਨਾਲ ਮੰਨੀ ਜਾਂਦੀ ਹੈ ਪਰ ਸਿੱਖਾਂ ਦੇ ਮਾਮਲੇ ਵਿਚ ਇਸ ਵੇਲੇ ਭਾਜਪਾ ਸਰਕਾਰ ਅਤੇ ਕਿਸਾਨ ਯੂਨੀਅਨ ਉਗਰਾਹਾਂ ਜੋਟੀਦਾਰ ਪ੍ਰਤੀਤ ਹੁੰਦੀਆਂ ਹਨ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਾਰੀਆਂ ਕਿਸਾਨ ਯੂਨੀਅਨਾਂ ਆਪਣਾ ਫ਼ੰਡ ਕਿਸਾਨਾਂ ਘਰੋਂ ਹੀ ਇਕੱਠਾ ਕਰਦੀਆਂ ਹਨ ਜਿਨ੍ਹਾਂ ਵਿਚ ਬਹੁ-ਗਿਣਤੀ ਸਿੱਖਾਂ ਦੀ ਹੈ। ਕਿਸਾਨ ਯੂਨੀਅਨਾਂ ਦੇ ਜਲਸਿਆਂ-ਧਰਨਿਆਂ ਵਿਚ ਲੰਗਰ ਵੀ ਗੁਰੂਘਰਾਂ ਵਿਚੋਂ ਤਿਆਰ ਹੋ ਕੇ ਜਾਂਦਾ ਹੈ ਅਤੇ ਕਿਸਾਨ ਸੰਘਰਸ਼ ਲਈ ਵੱਡਾ ਆਰਥਿਕ ਫ਼ੰਡ ਵੀ ਬਾਹਰਲੇ ਸਿੱਖ ਭੇਜ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਸਿੱਖਾਂ ਦਾ ਪੈਸਾ ਸਿੱਖਾਂ ਖ਼ਿਲਾਫ਼ ਪ੍ਰਚਾਰ ਕਰਨ ਅਤੇ ਸਿੱਖਾਂ ਦੀ ਵਰਗਵੰਡ ਕਰਨ ਲਈ ਹੀ ਵਰਤਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੂੰ ਆਪਣੇ ਹਿਤਾਂ ਲਈ ਅਜਿਹੀ ਅੱਗ ਵਾਲੀ ਖੇਡ ਖੇਡਣ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਭਾਈਚਾਰਕ ਨਫ਼ਰਤ ਭਾਰੂ ਹੋ ਜਾਵੇ।

-ਗੁਰਸੇਵਕ ਸਿੰਘ ਧੌਲਾ
ਸੰਪਰਕ: ddt23376@gmail.com

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੰਡੀ ਜਾ ਰਹੀ ਚੋਵਰਕੀ ਦੀਆਂ ਤਸਵੀਰਾਂ