ਕਿਸਾਨ ਸੰਘਰਸ਼ ਲਈ ਟਵਿੱਟਰ ਨੇ ਭਾਰਤ ਸਰਕਾਰ ਨਾਲ ਸਿੰਗ ਫਸਾਏ

ਕਿਸਾਨ ਸੰਘਰਸ਼ ਲਈ ਟਵਿੱਟਰ ਨੇ ਭਾਰਤ ਸਰਕਾਰ ਨਾਲ ਸਿੰਗ ਫਸਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਕਾਰਨ ਭਾਰਤ ਸਰਕਾਰ ਅਤੇ ਟਵਿੱਟਰ ਦਰਮਿਆਨ ਪੇਚਾ ਪੈ ਗਿਆ ਹੈ। ਭਾਰਤ ਸਰਕਾਰ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਲਿਖਣ ਵਾਲੇ 1,178 ਖਾਤਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਇਹ ਖਾਤੇ ਬੰਦ ਕਰਨ ਲਈ ਕਿਹਾ ਹੈ। ਭਾਰਤ ਸਰਕਾਰ ਦਾ ਇਹ ਕਦਮ ਬੋਲਣ, ਲਿਖਣ ਦੀ ਅਜ਼ਾਦੀ 'ਤੇ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਟਵਿੱਟਰ ਨੇ ਭਾਵੇਂ ਕਿ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਫਿਲਹਾਲ ਨਹੀਂ ਮੰਨਿਆ ਹੈ ਪਰ ਸਰਕਾਰ ਟਵਿੱਟਰ 'ਤੇ ਹੁਕਮ ਮੰਨਣ ਲਈ ਦਬਾਅ ਬਣਾ ਰਹੀ ਹੈ। ਸਰਕਾਰ ਨੇ ਇੱਥੋਂ ਤਕ ਕਹਿ ਦਿੱਤਾ ਹੈ ਕਿ ਜੇ ਟਵਿੱਟਰ ਇਹਨਾਂ ਖਾਤਿਆਂ ਨੂੰ ਬੰਦ ਨਹੀਂ ਕਰਦਾ ਤਾਂ ਭਾਰਤ ਵਿਚਲੇ ਟਵਿੱਟਰ ਦੇ ਮੁਲਾਜ਼ਮਾਂ 'ਤੇ ਪਰਚੇ ਦਰਜ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਨੂੰ ਜੇਲ੍ਹ ਵਿਚ ਵੀ ਬੰਦ ਕੀਤਾ ਜਾ ਸਕਦਾ ਹੈ। 

ਭਾਰਤ ਸਰਕਾਰ ਨੇ 4 ਫਰਵਰੀ ਨੂੰ ਟਵਿੱਟਰ ਨੂੰ ਇਸ ਸਬੰਧੀ ਨੋਟਿਸ ਭੇਜਦਿਆਂ ਕਿਹਾ ਸੀ ਕਿ ਇਹ ਖਾਤੇ ਪਾਕਿਸਤਾਨ ਅਤੇ ਖਾਲਿਸਤਾਨੀਆਂ ਵੱਲੋਂ ਚਲਾਏ ਜਾ ਰਹੇ ਹਨ। ਸਰਕਾਰ ਨੇ ਕਿਹਾ ਸੀ ਕਿ ਇਹਨਾਂ ਵਿਚੋਂ ਕੁੱਝ ਖਾਤੇ ਭਾਰਤ ਤੋਂ ਬਾਹਰੋਂ ਚਲਾਏ ਜਾ ਰਹੇ ਹਨ ਤੇ ਇਹ ਖਾਤੇ ਗਲਤ ਜਾਣਕਾਰੀਆਂ ਫੈਲਾਉਂਦੇ ਹਨ। 

ਭਾਵੇਂ ਕਿ ਟਵਿੱਟਰ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ ਪਰ ਟਵਿੱਟਰ ਅਜੇ ਸਰਕਾਰੀ ਦਬਾਅ ਅੱਗੇ ਨਹੀਂ ਝੁਕਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਉਹ ਸਰਕਾਰ ਨਾਲ ਇਸ ਮਸਲੇ ਸਬੰਧੀ ਗੱਲਬਾਤ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਬੋਲਣ ਦੀ ਅਜ਼ਾਦੀ ਬਹਾਲ ਰਹੇ। 

ਟਵਿੱਟਰ ਦੇ ਭਾਰਤ ਵਿਚਲੇ ਬੁਲਾਰੇ ਨੇ ਕਿਹਾ, "ਸਾਡਾ ਪੱਕਾ ਯਕੀਨ ਹੈ ਕਿ ਜਾਣਕਾਰੀਆਂ ਦਾ ਖੁੱਲ੍ਹਾ ਪ੍ਰਵਾਹ ਵਿਸ਼ਵ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਅਤੇ ਟਵੀਟ ਇਸੇ ਤਰ੍ਹਾਂ ਚਲਦੇ ਰਹਿਣੇ ਚਾਹੀਦੇ ਹਨ।"