ਟਰੰਪ ਦੀ ਜਿੱਤ ਨਾਲ ਅਮੈਰਿਕਾ ਦੀ ਬਹੁਪੱਖੀ ਤਰੱਕੀ ਦਾ ਰਾਹ ਖੁੱਲਿਆ: ਜਸਦੀਪ ਸਿੰਘ ਜੱਸੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ, 8 ਨਵੰਬਰ (ਰਾਜ ਗੋਗਨਾ )- ਸਿੱਖਸ ਆਫ ਟਰੰਪ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਸਮਝੇ ਜਾਂਦੇ ਪੰਜਾਬੀ ਸਿੱਖ ਆਗੂ ਜਸਦੀਪ ਸਿੰਘ ਜੱਸੀ ਨੇ ‘ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਜਿੱਤ ਨਾਲ ਆਉਣ ਵਾਲੇ ਸਮੇਂ ’ਚ ਅਮੈਰਿਕਾ ਹਰ ਪੱਖ ਤੋਂ ਤਰੱਕੀ ਕਰੇਗਾ ਤੇ ਇਹ ਕਿਹਾ ਜਾ ਸਕਦਾ ਹੈ ਕਿ ਟਰੰਪ ਦੀ ਜਿੱਤ ਨਾਲ ਅਮਰੀਕਾ ਦੀ ਬਹੁਪੱਖੀ ਤਰੱਕੀ ਦਾ ਰਾਹ ਪੂਰੀ ਤਰਾਂ ਖੁੱਲ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਡੋਨਾਲਡ ਟਰੰਪ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਨੱਥ ਪਾਉਣਗੇ, ਅਤੇ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਸੰਸਾਰ ਵਿੱਚੋਂ ਜੰਗਾਂ ਖਤਮ ਹੋਣ ਦੇ ਆਸਾਰ ਬਣਨਗੇ।
ਉਹਨਾਂ ਕਿਹਾ ਕਿ ਟਰੰਪ ਇਕ ਸੂਝਵਾਨ, ਪੜੇ ਲਿਖੇ ਅਤੇ ਦੁਨੀਆਂ ਦੀ ਸਿਆਸਤ ਉੱਤੇ ਪ੍ਰਭਾਵ ਰੱਖਣ ਵਾਲੇ ਆਗੂ ਹਨ। ਉਹ ਅਮੈਰਿਕਨਾਂ ਦੀ ਚੜਦੀ ਕਲਾ ਵਾਲੀ ਰਣਨੀਤੀ ਦੇ ਹਾਮੀ ਵੀ ਹਨ। ਅਤੇ ਆਸ ਹੈ ਕਿ ਅਮੈਰਿਕਾ ਵਾਕਿਆ ਹੀ ਦੁਬਾਰਾ ‘ਗ੍ਰੇਟ’ ਬਣੇਗਾ। ਜੱਸੀ ਨੇ ਕਿਹਾ ਕਿ ਉਹ ਸਮੁੱਚੇ ਅਮਰੀਕਾ ਵਾਸੀਆਂ ਦੇ ਧੰਨਵਾਦੀ ਹਨ ਜਿਨਾਂ ਨੇ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਇਕ ਜੋਸ਼ੀਲੇ, ਗਤੀਸ਼ੀਲ ਅਤੇ ਦਲੇਰ ਆਗੂ ਨੂੰ ਅਮਰੀਕਾ ਦੀ ਵਾਗਡੋਰ ਸੌਂਪੀ ਹੈ। ਉਹਨਾਂ ਦੱਸਿਆ ਕਿ ਡੋਨਾਲਡ ਟਰੰਪ ਦੀ ਜਿੱਤ ਇਤਿਹਾਸਕ ਜਿੱਤ ਹੈ ਕਿਉਂਕਿ ਉਹਨਾਂ ਪਾਪੂਲਰ ਅਤੇ ਇਲੈਕਟੋਰਲ ਵੋਟਾਂ ਦੋਵਾਂ ਵਿਚ ਹੀ ਸਪੱਸ਼ਟ ਬਹੁਮਤ ਪ੍ਰਾਪਤ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬੀ ਉੱਘੇ ਸਿੱਖ ਆਗੂ ਜਸਦੀਪ ਸਿੰਘ ਜੱਸੀ 2016 ਤੋਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਉਹਨਾਂ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਉਠਾਏ ਹਨ।ਟਰੰਪ ਦੀ ਜਿੱਤ ਦਾ ਐਲਾਨ ਹੋਣ ’ਤੇ ‘ਸਿੱਖਸ ਫਾਰ ਟਰੰਪ’ ਅਤੇ ‘ਮੁਸਲਿਮ ਫਾਰ ਟਰੰਪ’ ਤੋਂ ਇਲਾਵਾ ਹਿੰਦੂ ਭਾਈਚਾਰੇ ਨੇ ਵੀ ਵਾਸ਼ਿੰਗਟਨ ਡੀ.ਸੀ. ’ਚ ਵਾਈਟ ਹਾਊਸ ਦੇ ਸਾਹਮਣੇ ਢੋਲ ਦੇ ਨਾਲ ਭੰਗੜੇ ਪਾ ਕੇ ਟਰੰਪ ਦੀ ਜਿੱਤ ਦੀ ਖੁਸ਼ੀ ਦੀ ਮਨਾਈ। ਜੱਸੀ ਨੇ ਦੱਸਿਆ ਕਿ ਅਮਰੀਕਾ ਦੀ ਸੱਤਾ ਦੂਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ 2025 ਚ’ ਸੰਭਾਲ਼ਣਗੇ।
Comments (0)