ਕਚਹਿਰੀ ਵਿੱਚ ਟਰੰਪ ਦੇ ਕੇਸ ਧੜਾ-ਧੜ ਖ਼ਾਰਜ ਹੋਣ ਲੱਗੇ

ਕਚਹਿਰੀ ਵਿੱਚ ਟਰੰਪ ਦੇ ਕੇਸ ਧੜਾ-ਧੜ ਖ਼ਾਰਜ ਹੋਣ ਲੱਗੇ

ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਪਰਸੋਂ ਤੋਂ ਕੋਰਟ ਕੇਸ ਕਰਣ ਦਾ ਹੜ੍ਹ ਲਿਆਂਦਾ ਪਿਆ ਸੀ ਪਰ ਜੱਜਾਂ ਨੇ ਇੱਕ-ਇੱਕ ਕਰਕੇ ਨਾਂਹ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਸ਼ੀਗਨ ਰਾਜ ਵਿੱਚ ਰਾਸ਼ਟਰਪਤੀ ਨੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਤੇ ਰੋਕ ਲਾਉਣ ਨੂੰ ਕਿਹਾ ਸੀ ਪਰ ਜੱਜ ਨੇ ਉਹਦੀ ਕੋਈ ਵੀ ਦਲੀਲ ਨਾਂ ਮੰਨਦੇ ਹੋਏ ਕੇਸ ਖ਼ਾਰਜ ਕਰ ਦਿੱਤਾ ਹੈ। 

ਜੋਰਜੀਆ ਅਤੇ ਪੈਨਸੇਲਵੇਨੀਆ ਦੇ ਜੱਜਾਂ ਨੇ ਵੀ ਸਬੂਤਾਂ ਦੀ ਘਾਟ ਹੋਣ ਕਰਕੇ ਕੇਸ ਖ਼ਾਰਜ ਕਰ ਦਿੱਤੇ ਹਨ ਪਰ ਰਾਸ਼ਟਰਪਤੀ ਟਰੰਪ ਨੂੰ ਇੱਕ ਰਾਹਤ ਮਿਲੀ ਜਦੋਂ ਪੈਨਸੇਲਵੇਨੀਆ ਦੇ ਜੱਜ ਨੇ ਗਿਣਤੀ ਵੇਲੇ ਟਰੰਪ ਦੀ ਟੀਮ ਨੂੰ ਗਿਣਤੀ ਨਜ਼ਦੀਕ ਤੋਂ ਦੇਖਣ ਦੀ ਖੁੱਲ੍ਹ ਦਿੱਤੀ ਹੈ। 

ਕਿਸੇ ਵੀ ਕੇਸ ਵਿੱਚ ਵੋਟਾਂ ਦੀ ਗਿਣਤੀ ਰੁਕਵਾਉਣ ਲਈ ਰਾਸ਼ਟਰਪਤੀ ਟਰੰਪ ਦੀ ਇੱਛਾ ਪੂਰੀ ਨਹੀਂ ਹੋਈ। ਜੋਰਜੀਆ ਵਿੱਚ ਟਰੰਪ ਨੇ ਦੋਸ਼ ਲਾਇਆ ਸੀ ਕਿ ਉਸਦੇ ਵਲੰਟੀਅਰਾਂ ਨੇ ਦੱਸਿਆ ਹੈ ਕਿ ਹਜ਼ਾਰਾਂ ਬੈਲਟ ਵੋਟਿੰਗ ਬੰਦ ਹੋਣ ਤੋਂ ਬਾਅਦ ਆਏ ਭਾਵ ਜਾਲ੍ਹੀ ਹਨ ਪਰ ਜੱਜ ਜੇਮਜ਼ ਬਾਸ ਕੇਸ ਖ਼ਾਰਜ ਕਰਦੇ ਹੋਏ ਕਿਹਾ ਕਿ ਕਿਸੇ ਵੀ ਬੈਲਟ ਦਾ 7 ਵਜੇ ਤੋਂ ਬਾਅਦ ਮਿਲਣ ਦਾ ਸਬੂਤ ਨਹੀਂ। ਮੋਨਟੈਨਾ ਦੇ ਜੱਜ ਨੇ ਵੀ ਕਿਹਾ ਕਿ ਰਾਸ਼ਟਰਪਤੀ ਵੱਲੋਂ ਡਾਕ ਵੋਟਾਂ ਵਿੱਚ ਘਪਲੇਬਾਜੀ ਉਹਦੀ ਆਪਣੀ ਘੜੀ ਕਹਾਣੀ ਹੈ ਪਰ ਸਬੂਤ ਕੋਈ ਨਹੀਂ। 

ਪਰ ਰਾਸ਼ਟਰਪਤੀ ਟਰੰਪ ਹਲੇ ਵੀ ਚੁੱਪ ਬੈਠਦਾ ਨਹੀਂ ਲੱਗਦਾ ਕਿਉਂ ਕਿ ਉਸਨੇ ਕੱਲ੍ਹ ਰਾਤ ਦੱਸਿਆ ਹੈ ਕਿ ਅੱਜ ਉਹ ਨਵਾਡਾ ਦੀ ਕਚਹਿਰੀ ਵਿੱਚ ਇੱਕ ਹੋਰ ਕੇਸ ਕਰ ਰਿਹਾ ਹੈ। ਕੱਲ੍ਹ ਰਾਤ ਦੀ ਸਪੀਚ ਵਿੱਚ ਰਾਸ਼ਟਰਪਤੀ ਟਰੰਪ ਬਹੁਤ ਪ੍ਰੇਸ਼ਾਨ ਨ਼ਜ਼ਰ ਆਇਆ ਅਤੇ ਉਸਨੇ ਕਿਹਾ ਕਿਉਹ ਹੁਣ ਸੁਪਰੀਮ ਕੋਰਟ ਵਿੱਚ ਜਾਵੇਗਾ।