ਬਾਦਲ ਅਕਾਲੀ ਦਲ ਵਿਚ ਹੋ ਸਕਦੀ ਏ ਵੱਡੀ ਬਗਾਵਤ

ਬਾਦਲ ਅਕਾਲੀ ਦਲ ਵਿਚ ਹੋ ਸਕਦੀ ਏ ਵੱਡੀ ਬਗਾਵਤ

*ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ

*ਬਲਵਿੰੰਦਰ ਸਿੰਘ ਭੂੰਦੜ ਬਾਦਲ ਪਰਿਵਾਰ ਦੀ ਹਮਾਇਤ ਉਪਰ

*ਚੰਦੂਮਾਜਰਾ ,ਬੀਬੀ ਜਾਗੀਰ ਕੌਰ ,ਇਆਲੀ ,ਵਡਾਲਾ,ਢੀਂਡਸਾ, ਸੁਖਬੀਰ ਦੇ ਵਿਰੋਧ ਵਿਚ ਡਟੇ

*ਹਰਚਰਨ ਬੈਂਸ ਦੇ ਗਲਤ ਪ੍ਰੈਸ ਨੋਟ ਕਾਰਣ ਅਕਾਲੀ ਦਲ ਵਿਚ ਫੁਟ ਡੂੰਘੀ

ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਬਾਦਲ ਪਰਿਵਾਰ ਆਪਣੀ ਬਠਿੰਡਾ ਸੀਟ ਹੀ ਬਚਾ ਸਕਿਆ ਹੈ। ਪਾਰਟੀ ਦਾ ਵੋਟ ਫੀਸਦ ਵੀ ਘਟ ਕੇ 13.42 ਫ਼ੀਸਦੀ ਰਹਿ ਗਿਆ ਹੈ ਜੋ ਕਿ ਸਾਲ 2019 ਦੀਆਂ ਚੋਣਾਂ ਵਿਚ 27.76 ਫ਼ੀਸਦੀ ਸੀ। ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦੇ ਸਿਰਫ਼ ਤਿੰਨ ਵਿਧਾਇਕ ਹਨ।ਇਸ ਬਾਰੇ ਸ੍ਰੋਮਣੀ ਅਕਾਲੀ ਦਲ ਅੰਦਰ ਸੁਖਬੀਰ ਸਿੰਘ ਬਾਦ ਦੇ ਅਸਤੀਫੇ ਨੂੰ ਲੈਕੇ ਘੁਸਰ ਮੁਸਰ ਕੁਛ ਚਲਦੀ ਹੈ, ਪਰ ਜਨਤਾ ਨੂੰ ਕੁਛ ਹੋਰ ਦਸਿਆ ਜਾਂਦਾ ਹੈ । ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਲਈ ਪਹਿਲਾਂ ਤਾਂ ਮਾਲਵਾ ਦੇ ਬਾਗ਼ੀ ਧੜੇ ਵਾਲੇ ਲੀਡਰਾਂ ਸੁਖਦੇਵ ਸਿੰਘ ਢੀਂਡਸਾ, ਨੂੰ ਬੁਲਾਇਆ ਹੀ ਨਹੀੰ  ।ਜਿੰਨੇ ਕੁ ਬੁਲਾਏ ਉਨ੍ਹਾਂ ਨੇ ਲੋਕ ਸਭਾ ਚੋਣ ਦੀ ਪੜਚੋਲ ਕੀਤੀ | ਮਾੜੀ ਕਾਰਗੁਜ਼ਾਰੀ ਬਾਰੇ ਉਸਲ ਵੱਟੇ ਲਏ ।

ਜੇ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਬਠਿੰਡੇ ਦੀ ਇਕ ਮਾਤਰ ਜਿਤੀ ਸੀਟ ਲਈ ਸ਼ਾਬਾਸ਼ ਦੀ ਉਡੀਕ ਵਿਚ ਸੀ ਤਾਂ  ਕਮੇਟੀ ਨੇ ਕੋਈ ਅਜਿਹਾ ਮਤਾ ਪਾਸ ਨਾ ਕੀਤਾ ।ਪਰ ਜਨਤਾ  ਅੰਦਰ ਪ੍ਰਚਾਰਿਆ ਗਿਆ ਕਿ ਕੋਰ ਕਮੇਟੀ ਨੇ ਪ੍ਰ੍ਧਾਨ ਵਜੋੰ  ਸੁਖਬੀਰ ਵਿਚ "ਪੂਰਨ ਵਿਸ਼ਵਾਸ" ਪ੍ਰਗਟ ਕੀਤਾ ਸੀ ।.

ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ  ਨੇ ਬਾਅਦ ਵਿਚ ਇਸ ਅਖੌਤੀ ਮਤੇ ਦੀ ਫੂਕ ਕਢ ਦਿਤੀ ਅਤੇ ਕਿਹਾ ਕਿ ਅਜਿਹਾ ਵਿਸ਼ਵਾਸ ਮਤਾ ਪ੍ਰਵਾਨ ਹੀ ਨਹੀੰ ਹੋਇਆ । ਚੰਦੂਮਾਜਰਾ ਨੇ ' ਦੱਸਿਆ ਕਿ ਉਨ੍ਹਾਂ ਨਾਲ ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ, ਸੁਰਜੀਤ ਸਿੰਘ ਰਖੜਾ, ਡਾ. ਦਲਜੀਤ ਸਿੰਘ ਚੀਮਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਕਈ ਆਗੂਆਂ ਵਲੋਂ ਮੁਲਾਕਾਤਾਂ ਕੀਤੀਆਂ ਗਈਆਂ ਅਤੇ ਸਾਰੇ ਲੀਡਰਾਂ ਵਿਚ ਹੀ ਅਖ਼ਬਾਰਾਂ ਨੂੰ ਜਾਰੀ ਕੀਤੇ ਅਣਅਧਿਕਾਰਤ ਪ੍ਰੈੱਸ ਨੋਟ ਨੂੰ ਲੈ ਕੇ ਵੀ ਰੋਸ ਸੀ ।ਚੰਦੂਮਾਜਰਾ ਨੇ ਸਪਸ਼ਟ ਕੀਤਾ ਕਿ ਇਸ ਮੀਟਿੰਗ ਵਿਚ ਹਰਚਰਨ ਬੈਂਸ ਵਲੋਂ ਭਰੋਸੇ ਦਾ ਮਤਾ ਪੇਸ਼ ਕਰਨ ਦੀ ਗੱਲ ਜ਼ਰੂਰ ਕੀਤੀ ਗਈ ਸੀ ਲੇਕਿਨ ਉਸ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਸਾਰੇ ਆਗੂਆਂ ਵਲੋਂ ਮਨਾਂ ਕਰ ਦਿੱਤਾ ਗਿਆ ਸੀ ਕਿ ਇਸ ਮੀਟਿੰਗ ਵਿਚ ਕੋਈ ਮਤਾ ਪਾਸ ਨਹੀਂ ਕੀਤਾ ਜਾਵੇਗਾ ।ਲੇਕਿਨ ਇਸ ਦੇ ਬਾਵਜੂਦ ਵੀ ਪਾਰਟੀ ਦੇ ਨਾਂਅ 'ਤੇ ਪ੍ਰੈੱਸ ਨੋਟ ਜਾਰੀ ਕਰਕੇ ਜੋ ਮਤੇ ਜਾਰੀ ਕੀਤੇ ਗਏ ਉਹ ਅਣਅਧਿਕਾਰਤ ਕਾਰਵਾਈ ਸੀ ਜਿਸ ਦਾ ਸਖ਼ਤ ਨੋਟਿਸ ਲਿਆ ਜਾਣਾ ਬਣਦਾ ਹੈ ।ਚੰਦੂਮਾਜਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਕੇ ਇਹ ਮਾਮਲਾ ਉਠਾਉਣਗੇ ਅਤੇ ਇਸ 'ਤੇ ਬਣਦੀ ਕਾਰਵਾਈ ਕਰਨ ਲਈ ਵੀ ਕਹਿਣਗੇ ।

ਹੁਣ ਪਾਰਟੀ ਦਾ ਜਨਰਲ ਸਕਤਰ ਇਸ ਮਤੇ ਨੂੰ ਦਫਤਰੀ ਕਲਰਕਾਂ ਦੀ ਗ਼ਲਤੀ ਦਸ ਰਿਹਾ ਹੈ ।

ਮੀਟਿੰਗ ਦੌਰਾਨ ਜਦੋਂ ਕੁਝ ਆਗੂਆਂ ਵਲੋਂ ਸ. ਢੀਂਡਸਾ ਵਲੋਂ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਅਤੇ ਸ. ਮਲੂਕਾ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਮੁੱਦਾ ਉਠਾਇਆ ਗਿਆ ਅਤੇ ਇਨ੍ਹਾਂ ਆਗੂਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਬਹੁਤੇ ਆਗੂਆਂ ਵਲੋਂ ਕਿਹਾ ਗਿਆ ਕਿ ਕੋਈ ਵੀ ਕਾਰਵਾਈ ਪਾਰਟੀ ਦੇ ਵਿਧੀ ਵਿਧਾਨ ਅਨੁਸਾਰ ਹੀ ਹੋਣੀ ਚਾਹੀਦੀ ਹੈ । ਇਸ ਮੰਤਵ ਲਈ ਅਕਾਲੀ ਦਲ ਦੇ ਪ੍ਰਧਾਨ ਨਵੀਂ ਅਨੁਸ਼ਾਸਨੀ ਕਮੇਟੀ ਦਾ ਗਠਨ ਕਰਨ, ਜੋ ਅਜਿਹੇ ਮਾਮਲਿਆਂ ਸੰਬੰਧੀ ਫੈਸਲੇ ਲਵੇ । ਮੀਟਿੰਗ ਦੌਰਾਨ ਆਦੇਸ਼ ਪ੍ਰਤਾਪ ਸਿੰਘ ਨੂੰ ਅਚਾਨਕ ਬਿਨਾਂ ਕਿਸੇ ਨੋਟਿਸ ਦੇ ਪਾਰਟੀ ਵਿਚੋਂ ਕੱਢਣ ਦਾ ਮੁੱਦਾ ਵੀ ਉਠਾਇਆ ਗਿਆ, ਪਰ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿਚ ਦੱਸਿਆ ਕਿ ਉਨ੍ਹਾਂ ਵਲੋਂ ਆਦੇਸ਼ ਪ੍ਰਤਾਪ ਸਿੰਘ ਨੂੰ ਪਾਰਟੀ ਦਾ ਵਿਰੋਧ ਨਾ ਕਰਨ ਸੰਬੰਧੀ ਮਨਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਜਦੋਂ ਸਾਡੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵਲੋਂ  ਆਦੇਸ਼ ਪ੍ਰਤਾਪ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਰੱਖੀ ਗਈ ਅਤੇ ਕਿਹਾ ਗਿਆ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ  ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ ਅਤੇ ਚੋਣ ਨਾ ਲੜਨ ਦਾ ਐਲਾਨ ਕਰ ਦੇਣਗੇ, ਜਿਸ ਕਾਰਨ ਕਾਹਲੀ ਵਿਚ ਪਾਰਟੀ ਨੂੰ ਇਹ ਫੈਸਲਾ ਲੈਣਾ ਪਿਆ ।

ਮੀਟਿੰਗ ਦੌਰਾਨ ਬੀਬੀ ਜਗੀਰ ਕੌਰ ਨੇ ਸ਼ੋ੍ਮਣੀ  ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਤਿੱਖੇ ਦੋਸ਼ ਲਗਾਏ ਕਿ ਉਹ ਉਨ੍ਹਾਂ ਨਾਲ ਲਗਾਤਾਰ ਵਿਤਕਰਾ ਕਰ ਰਹੇ ਹਨ ਅਤੇ ਪਾਰਟੀ ਤੇ ਧਾਰਮਿਕ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ ।

ਯਾਦ ਰਹੇ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਇੱਕ ਪੱਤਰ  ਲਿਖਿਆ ਸੀ ਕਿ ਪਾਰਟੀ ਦੇ ਵਡੇਰੇ ਹਿੱਤਾਂ ਲਈ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਇੱਕ ਪੰਚ ਪ੍ਰਧਾਨੀ ਬਣਾ ਦਿੱਤੀ ਜਾਵੇ ਜਿਸ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ, ਹਰਸਿਮਰਤ ਕੌਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਅਤੇ ਐਨ.ਕੇ.ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇ। ਡੈਲੀਗੇਟਾਂ ਦੀ ਨਵੀਂ ਭਰਤੀ ਕਰਕੇ ਪ੍ਰਧਾਨ ਦੀ ਚੋਣ ਤੱਕ ਇਹ ਕੰਮ ਕਰੇ। ਉਨ੍ਹਾਂ ਪ੍ਰਧਾਨ ਨੂੰ ਸੰਗਤਾਂ ਤੋਂ ਲਿਖਤੀ ਮੁਆਫ਼ੀ ਮੰਗਣ ਦਾ ਸੁਝਾਅ ਵੀ ਦਿੱਤਾ । ਉਨ੍ਹਾਂ ਲਿਖਿਆ ਹੈ ਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਰੱਖਣ ਵਾਲਿਆਂ ਨਾਲ ਚੱਲਦੀ ਹੈ, ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ।

ਮੀਟਿੰਗ ਵਿਚੋਂ ਢੀਂਡਸਾ ਤੇ ਮਲੂਕਾ ਰਹੇ ਗ਼ੈਰਹਾਜ਼ਰ

ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ’ਚੋਂ ਅੱਜ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਪ੍ਰਕਾਸ਼ ਚੰਦ ਗਰਗ, ਪਰਮਜੀਤ ਸਿੰਘ ਸਰਨਾ, ਅਨੁਸ਼ਾਸਨੀ ਕਮੇਟੀ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਅਤੇ ਬਿਕਰਮ ਸਿੰਘ ਮਜੀਠੀਆ ਗ਼ੈਰਹਾਜ਼ਰ ਰਹੇ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਲਈ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਮਜੀਠੀਆ ਕਿਸੇ ਰੁਝੇਵੇਂ ਵਿਚ ਬਾਹਰ ਹੋਣ ਕਰਕੇ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ ।ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਨੇ  ਦੱਸਿਆ ਕਿ ਉਨ੍ਹਾਂ ਨੂੰ  ਮੀਟਿੰਗ ਲਈ ਪਾਰਟੀ ਵਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਮੀਟਿੰਗ ਵਿਚ ਨਹੀਂ ਪੁੱਜੇ ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਹਰਜਿੰਦਰ ਸਿੰਘ ਧਾਮੀ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਜੀ.ਕੇ., ਜਨਮੇਜਾ ਸਿੰਘ ਸੇਖੋਂ, ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਇਕਬਾਲ ਸਿੰਘ ਝੂੰਦਾਂ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਡਾ. ਸੁਖਵਿੰਦਰ ਸੁੱਖੀ, ਐਨ.ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸੋਹਣ ਸਿੰਘ ਠੰਢਲ, ਬੀਬੀ ਹਰਗੋਬਿੰਦ ਕੌਰ ਤੇ ਸਰਬਜੀਤ ਸਿੰਘ ਝਿੰਜਰ ਆਦਿ ਹਾਜ਼ਰ ਸਨ।

ਭੂੰਦੜ ਦੀ ਅਗਵਾਈ ਵਿਚ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ

ਪਾਰਟੀ ਨੇ ਨਵੀਂ ਅਨੁਸ਼ਾਸਨੀ ਕਮੇਟੀ ਦੇ ਗਠਨ ਅਤੇ ਕਮੇਟੀ ਦੇ ਪਹਿਲੇ ਪ੍ਰਧਾਨ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ।ਸ਼ੋ੍ਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ , ਜਿਸ ਵਿਚ ਗੁਲਜ਼ਾਰ ਸਿੰਘ ਰਣੀਕੇ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਮੈਂਬਰ ਹੋਣਗੇ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਵਿਸ਼ਵਾਸਯੋਗ ਸਾਥੀ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ  ਕਿਹਾ ਕਿ ਜੰਗ ਵਿਚ ਜਿੱਤ ਹਾਰ ਹੁੰਦੀ ਰਹਿੰਦੀ ਹੈ ਅਤੇ ਇਸ ਮੌਕੇ ਸਭ ਨੂੰ ਜਰਨੈਲ ਨਾਲ ਖੜ੍ਹਨਾ ਚਾਹੀਦਾ ਹੈ।ਸ਼੍ਰੋਮਣੀ ਅਕਾਲੀ ਦਲ ਕੋਈ ਆਮ ਪਾਰਟੀ ਨਹੀਂ ਹੈ, ਇਹ ਖੂਨ ਨਾਲ ਪੈਦਾ ਹੋਈ ਪਾਰਟੀ ਹੈ ਨਾ ਕਿ ਸੋਸ਼ਲ ਮੀਡੀਆ ਵਿੱਚੋਂ ਨਿਕਲੀ ਪਾਰਟੀ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਪਾਰਟੀ ਕੌਮ ਦੇ ਮੁੱਦਿਆਂ ਉੱਤੇ ਲੜਦੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਇਸ ਨੂੰ ਹਾਰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਡੱਕੀ ਰੱਖਣ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਕਾਨੂੰਨਾਂ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ।

ਮਨਪ੍ਰੀਤ ਇਆਲੀ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਤੇ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਜੇਕਰ ਕੋਈ ਸਲਾਹ ਦੇਣੀ ਹੈ ਤਾਂ ਉਹ ਪਾਰਟੀ ਦੇ ਅੰਦਰ ਰਹਿ ਕੇ ਸਕਦਾ ਹੈ। 

ਸੁਖਬੀਰ ਸਿੰਘ ਬਾਦਲ ਨੇ ਨਵਾਂ ਐਕਸ਼ਨ ਪਲਾਨ

ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂ ਐਕਸ਼ਨ ਪਲਾਨ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਚਿੰਤਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਖ਼ਾਸ ਤੌਰ ’ਤੇ ਪੰਥਕ ਝੁਕਾਅ ਰੱਖਣ ਵਾਲਿਆਂ ਸਮਰਥਕਾਂ ਤੇ ਆਲੋਚਕਾਂ ਤੋਂ ਰਾਇ ਲੈਣਗੇ ਤਾਂ ਕਿ ਪਾਰਟੀ ਦੇ 104 ਸਾਲਾਂ ਦੇ ਅਮੀਰ ਵਿਰਸੇ ਦੀ ਸੋਚ ਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾ ਸਕਣ।ਇਸ ਸਬੰਧੀ ਸੁਖਬੀਰ ਸਿੰਘ ਬਾਦਲ ਆਉਂਦੇ ਹਫਤਿਆਂ ਵਿੱਚ ਇਸ ਮਾਮਲੇ ’ਤੇ ਸਮੂਹਿਕ ਤੇ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰਨਗੇ ਤੇ ਬੁੱਧੀਜੀਵੀਆਂ ਦੀ ਨਿੱਜੀ ਰਾਇ ਲੈਣਗੇ।