ਬ੍ਰਹਿਮੰਡ ਵਿਚ ਮਨੁੱਖੀ ਵਾਜੂਦ ਦਾ ਸੱਚ

ਬ੍ਰਹਿਮੰਡ ਵਿਚ ਮਨੁੱਖੀ ਵਾਜੂਦ ਦਾ ਸੱਚ

ਵਿਗਿਆਨਕ ਮੁਦਾ

ਪਿਛਲੇ ਦਿਨੀਂ ਜੇਮਜ਼ ਵੈੱਬ ਪੁਲਾੜੀ ਦੂਰਬੀਨ ਨੇ ਸਾਡੇ ਬ੍ਰਹਿਮੰਡ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਦੂਰ ਸਥਿਤ ਤਾਰੇ 'ਈਰੈੱਨਡਲ'  ਦੇ ਬਹੁਤ ਹੀ ਸ਼ਾਨਦਾਰ ਚਿੱਤਰ ਦਿਖਾ ਕੇ ਖੂਬ ਵਾਹ-ਵਾਹ ਲੁੱਟੀ। ਵਰਨਣਯੋਗ ਹੈ ਕਿ ਈਰੈੱਨਡਲ ਦੀ ਖੋਜ ਸਭ ਤੋਂ ਪਹਿਲਾਂ ਹੱਬਲ ਪੁਲਾੜੀ ਦੂਰਬੀਨ ਦੁਆਰਾ ਮਾਰਚ 2022 ਦੌਰਾਨ ਕੀਤੀ ਗਈ ਸੀ। ਇਸ ਤਾਰੇ ਦਾ ਜਨਮ 1219 ਅਰਬ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ।

ਅਮਰੀਕੀ ਸੰਸਥਾ ਨਾਸਾ ਦੇ ਸਾਬਕ ਪ੍ਰਬੰਧਕ ਜੇਮਜ਼ ਵੈੱਬ ਦੇ ਨਾਂਅ ਵਾਲੀ ਇਹ ਦੂਰਬੀਨ ਜੌਨ੍ਹ ਹੋਪਕਿਨਸ ਯੂਨੀਵਰਸਿਟੀ ਵਿਖੇ ਬਣਾਈ ਗਈ, ਜੋ ਮਨੁੱਖਤਾ ਦੀ ਉਤਪਤੀ ਨੂੰ ਸਮਝਣ ਲਈ ਸਮੂਹ ਬ੍ਰਹਿਮੰਡੀ ਮਾਦੇ ਦੇ ਮੂਲ ਦਾ ਪਤਾ ਕਰਨ ਲਈ ਇਕ ਅਹਿਮ ਤੇ ਸਮਰੱਥ ਯੰਤਰ ਸਿੱਧ ਹੋਣ ਦੀ ਯੋਗਤਾ ਰੱਖਦੀ ਹੈ।

ਸੰਨ 2018 ਵਿਚ ਇਸ ਦੂਰਬੀਨ ਨੂੰ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰੀ 'ਤੇ ਸੂਰਜ ਦੁਆਲੇ ਪਰਿਕਰਮਾ ਮਾਰਗ ਉੱਤੇ ਸਥਾਪਤ ਕੀਤਾ ਗਿਆ। ਸੂਰਜ ਦੁਆਲੇ ਚੱਕਰ ਲਗਾ ਰਹੀ ਇਹ ਦੂਰਬੀਨ ਬ੍ਰਹਿਮੰਡ ਦੇ ਭੇਦਾਂ ਤੋਂ ਪਰਦਾ ਚੁੱਕਦੀ ਹੋਈ ਬ੍ਰਹਿਮੰਡੀ ਵਿਸ਼ਾਲਤਾ ਵਿਚ ਮਨੁੱਖੀ ਹੋਂਦ ਦੇ ਸਥਾਨ ਤੇ ਅਹਿਮੀਅਤ ਬਾਰੇ ਜਾਣਨ ਲਈ ਲਗਾਤਾਰ ਯਤਨਸ਼ੀਲ ਹੈ।

ਸਾਡੇ ਬ੍ਰਹਿਮੰਡ ਵਿਚ ਸਾਡਾ ਸੂਰਜੀ ਪਰਿਵਾਰ, ਅਰਬਾਂ-ਖ਼ਰਬਾਂ ਤਾਰਿਆਂ ਨਾਲ ਸਜੀਆਂ ਖ਼ਰਬਾਂ ਆਕਾਸ਼-ਗੰਗਾਵਾਂ ਵਿਚ ਇਕ ਜ਼ਰੇ ਜਿੰਨੀ ਅਹਿਮੀਅਤ ਹੀ ਰੱਖਦਾ ਹੈ। ਸਾਡੀ ਧਰਤੀ 'ਮਿਲਕੀ ਵੇਅ' ਆਕਾਸ਼-ਗੰਗਾ ਵਿਚ ਮੌਜੂਦ ਹੈ। ਇਸ ਆਕਾਸ਼-ਗੰਗਾ ਵਿਚ ਸਾਡੀ ਧਰਤੀ ਵਰਗੀਆਂ ਲਗਭਗ 40 ਅਰਬ ਧਰਤੀਆਂ ਮੌਜੂਦ ਹੋਣ ਦਾ ਅੰਦਾਜ਼ਾ ਹੈ।

ਜੇ ਅਸੀਂ ਬ੍ਰਹਿਮੰਡ ਵਿਚ ਮੌਜੂਦ ਚੀਜ਼ਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਤਿੰਨ ਪੱਖਾਂ ਤੋਂ ਉਨ੍ਹਾਂ ਦੀ ਤੁਲਨਾ ਸਾਨੂੰ ਵਿਸ਼ਾਲ ਬ੍ਰਹਿਮੰਡ ਵਿਚ ਮਨੁੱਖੀ ਹੋਂਦ ਦਾ ਸੱਚ ਜਾਣਨ ਵਿਚ ਮਦਦ ਕਰ ਸਕਦੀ ਹੈ। ਇਹ ਤਿੰਨ ਪੱਖ ਹਨ ਲੰਬਾਈ, ਸਮਾਂ ਤੇ ਪੁੰਜ । ਜੇ ਅਸੀਂ ਛੋਟੇ ਆਕਾਰ ਦੀਆਂ ਚੀਜ਼ਾਂ ਬਾਰੇ ਸੋਚੀਏ ਤਾਂ ਸਾਨੂੰ ਪਦਾਰਥ ਦੇ ਬਣਤਰੀ ਅੰਸ਼ ਐਟਮ ਦਾ ਖਿਆਲ ਸਹਿਜੇ ਹੀ ਆ ਜਾਂਦਾ ਹੈ। ਆਕਾਰ ਪੱਖੋਂ ਐਟਮ ਦੀ ਨਾਭੀ ਦਾ ਵਿਆਸ 10-14 ਮੀਟਰ ਮਾਪਿਆ ਗਿਆ ਹੈ। ਧਰਤੀ ਤੋਂ ਸਭ ਤੋਂ ਵਧੇਰੇ ਦੂਰ ਮੌਜੂਦ ਕਹਿਕਸ਼ਾਂ  ਦੀ ਦੂਰੀ 1026 ਮੀਟਰ ਦੇਖੀ ਗਈ ਹੈ। ਦੂਰੀ ਜਾਂ ਲੰਬਾਈ ਦੀਆਂ ਇਨ੍ਹਾਂ ਦੋਵੇਂ ਹੱਦਾਂ ਦੇ ਠੀਕ ਵਿਚਕਾਰ ਮਨੁੱਖੀ ਆਕਾਰ ਦੀ ਲੰਬਾਈ 1 ਤੋਂ 3 ਮੀਟਰ ਤਕ ਹੀ ਦੇਖੀ ਗਈ ਹੈ।

ਹੁਣ ਅਸੀਂ ਦੂਸਰਾ ਪੱਖ, ਸਮਾਂ ਜਾਂ ਜੀਵਨ ਕਾਲ ਦੀ ਗੱਲ ਕਰਦੇ ਹਾਂ। ਸਮੇਂ ਦੇ ਛੋਟੇ ਤੋਂ ਛੋਟੇ ਦੇ ਅਰਸੇ ਬਾਰੇ ਜਾਣਨ ਲਈ, ਸਾਨੂੰ ਪਦਾਰਥ ਦੇ ਮੂਲ ਬਣਤਰੀ ਕਣ ਪ੍ਰੋਟੋਨ ਬਾਰੇ ਜਾਣਨਾ ਲਾਭਦਾਇਕ ਰਹੇਗਾ। ਪ੍ਰੋਟੋਨ, ਐਟਮ ਦੀ ਨਾਭੀ ਦਾ ਬਣਤਰੀ ਅੰਸ਼ ਹੁੰਦਾ ਹੈ। ਰੌਸ਼ਨੀ ਨੂੰ ਪ੍ਰੋਟੋਨ ਦੇ ਆਰ-ਪਾਰ ਲੰਘਣ ਲਈ 10-24 ਸੈਕਿੰਡ ਦਾ ਸਮਾਂ ਲੱਗਦਾ ਹੈ। ਮਾਹਰਾਂ ਨੇ ਸਾਡੇ ਬ੍ਰਹਿਮੰਡ ਦੀ ਉਮਰ ਦਾ ਅੰਦਾਜ਼ਾ 1017 ਸੈਕਿੰਡ ਲਗਾਇਆ ਹੈ। ਸਮੇਂ ਦੇ ਅਰਸੇ ਦੀਆਂ ਇਨ੍ਹਾਂ ਦੋਵੇਂ ਸੀਮਾਵਾਂ ਦੇ ਠੀਕ ਵਿਚਕਾਰ ਹੈ ਮਨੁੱਖੀ ਜੀਵਨ ਕਾਲ ਦਾ ਅਰਸਾ। ਮਨੁੱਖੀ ਜੀਵਨ ਕਾਲ ਦਾ ਅੰਦਾਜ਼ਨ ਅਰਸਾ 3×109 ਸੈਕਿੰਡ ਦੇਖਿਆ ਗਿਆ ਹੈ।

ਆਉ ਹੁਣ ਤੀਸਰੇ ਪੱਖ ਪੁੰਜ ਦੀ ਗੱਲ ਕਰੀਏ। ਐਟਮ ਦਾ ਇਕ ਹੋਰ ਬਣਤਰੀ ਅੰਸ਼ ਹੈ ਇਲੈੱਕਟ੍ਰੋਨ ਜੋ ਬਹੁਤ ਹੀ ਛੋਟੇ ਆਕਾਰ ਦਾ ਤੇ ਬਹੁਤ ਹੀ ਘੱਟ ਪੁੰਜ ਵਾਲਾ ਕਣ ਹੈ। ਇਕ ਇਲੈੱਕਟ੍ਰੋਨ ਦਾ ਪੁੰਜ ਸਿਰਫ਼ 10-31 ਕਿਲੋਗ੍ਰਾਮ ਹੁੰਦਾ ਹੈ ਜਦ ਕਿ ਮਿਲਕੀ-ਵੇਅ ਕਹਿਕਸ਼ਾਂ ਦਾ ਪੁੰਜ ਬਹੁਤ ਹੀ ਵਧੇਰੇ ਲਗਭਗ 1041 ਕਿਲੋਗ੍ਰਾਮ ਮਿਣਿਆ ਗਿਆ ਹੈ। ਵਰਨਣਯੋਗ ਹੈ ਕਿ ਸਾਡੇ ਬ੍ਰਹਿਮੰਡ ਵਿਚ ਅਜਿਹੀਆ 2×1011 ਕਹਿਕਸ਼ਾਂ ਮੌਜੂਦ ਹੋਣ ਦਾ ਅੰਦਾਜ਼ਾ ਹੈ। ਇਸ ਤਰ੍ਹਾਂ ਪੁੰਜ ਦੀ ਵੱਧ ਤੋਂ ਵੱਧ ਮਾਤਰਾ ਦਾ ਅੰਦਾਜ਼ਾ 2×1052 ਕਿਲੋਗ੍ਰਾਮ ਹੈ। ਪੁੰਜ ਦੀਆਂ ਇਨ੍ਹਾਂ ਦੋਵੇਂ ਸੀਮਾਵਾਂ (ਨਿਮਨਤਮ ਤੇ ਅਧਿਕਤਮ) ਦੇ ਠੀਕ ਵਿਚਕਾਰ ਹੈ ਮਨੁੱਖੀ ਪੁੰਜ ਦੀ ਮਾਤਰਾ, ਜੋ ਸਿਰਫ਼ 100 ਕਿਲੋਗ੍ਰਾਮ ਦੇ ਲਗਭਗ ਹੈ।

ਇਸ ਜਾਣਕਾਰੀ ਦੇ ਮੱਦੇਨਜ਼ਰ, ਯਾਦ ਰੱਖਣ ਯੋਗ ਗੱਲ ਇਹ ਹੈ ਕਿ ਸਾਡੇ ਬ੍ਰਹਿਮੰਡ ਦੀ ਅਸੀਮ ਵਿਸ਼ਾਲਤਾ ਵਿਚ ਮਨੁੱਖੀ ਹੋਂਦ ਦੀ ਅਹਿਮੀਅਤ ਇਕ ਨਿਗੂਣੇ ਜਿਹੇ ਕਣ ਤੋਂ ਵੱਧ ਕੁਝ ਵੀ ਨਹੀਂ ਹੈ। ਬ੍ਰਹਿਮੰਡ ਦੀ ਵਿਸ਼ਾਲਤਾ ਦਾ ਜ਼ਿਕਰ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ:

ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ॥

ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਹਤੇ ॥

(ਗੁਰੂ ਗ੍ਰੰਥ ਸਾਹਿਬ, ਅੰਗ : 1360)

ਭਾਵ: ਜੇ ਕੋਈ ਮਨੁੱਖ ਖੁਦ ਨੂੰ ਐਟਮ ਜਿੰਨਾ ਛੋਟਾ ਕਰ ਸਕੇ ਅਤੇ ਅੱਖ ਝਮਕਣ ਦੇ ਸਮੇਂ ਅੰਦਰ ਸਮੂਹ ਧਰਤੀਆਂ, ਖੇਤਰਾਂ ਤੇ ਹੱਦ-ਬੰਦੀਆਂ ਦੇ ਆਰ-ਪਾਰ ਜਾ ਸਕਣ ਦੀ ਸਮਰੱਥਾ ਵਾਲਾ ਵੀ ਹੋਵੇ ਤਾਂ ਵੀ ਉਹ ਉਚਿਤ (ਅਧਿਆਤਮਿਕ) ਗਿਆਨ ਤੋਂ ਬਿਨਾਂ ਸਿਰਜਕ ਤੇ ਸਿਰਜਣਾ ਦਾ ਭੇਦ ਨਹੀਂ ਪਾ ਸਕਦਾ।

ਅਸੀਮ ਬ੍ਰਹਿਮੰਡ ਦੇ ਇਕ ਨਿਗੂਣੇ ਜਿਹੇ ਗ੍ਰਹਿ (ਧਰਤੀ) ਦਾ ਸੂਖ਼ਮ ਕਣ ਸਮਾਨ ਪ੍ਰਾਣੀ (ਮਨੁੱਖ), ਇੱਕੀਵੀਂ ਸਦੀ ਦੌਰਾਨ ਵੀ, ਦੁਨਿਆਵੀ ਮੋਹ ਤੇ ਹਉਮੈ ਦੇ ਅਸਰ ਹੇਠ ਆਪਸੀ ਭੇਦ-ਭਾਵ, ਪੱਖ-ਪਾਤ, ਗ਼ਰੀਬੀ, ਅੱਤਵਾਦ ਤੇ ਜੰਗਾਂ ਦਾ ਸ਼ਿਕਾਰ ਬਣਿਆ ਹੋਇਆ ਹੈ। 15ਵੀਂ ਸਦੀ ਦੇ ਪ੍ਰਸਿੱਧ ਸਮਾਜ ਸੁਧਾਰਕ ਬਾਬਾ ਨਾਨਕ ਅਜਿਹੀ ਸਥਿਤੀ ਨੂੰ ਇੰਝ ਵਰਨਣ ਕਰਦੇ ਹਨ:

ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥੧॥ (ਗੁਰੂ ਗ੍ਰੰਥ ਸਾਹਿਬ, ਅੰਗ : 19)

ਭਾਵ: ਹੰਕਾਰ ਤੇ ਪਦਾਰਥੀ ਮੋਹ ਬਹੁਤ ਹੀ ਮਨ-ਲੁਭਾਵਣੇ ਹਨ। ਹੰਕਾਰੀ ਗ਼ਰੂਰ ਨੇ ਸਭ ਨੂੰ ਆਪਣੇ ਮੋਹ ਵਿਚ ਜਕੜ ਲਿਆ ਹੈ।

ਇਹੋ ਹੰਕਾਰ ਦਾ ਗਰੂਰ ਹੀ ਅੱਜ ਭਿੰਨ-ਭਿੰਨ ਫ਼ਿਰਕਿਆਂ, ਸਮਾਜਾਂ, ਕੌਮਾਂ ਤੇ ਦੇਸ਼ਾਂ ਅੰਦਰ ਨਫ਼ਰਤ, ਈਰਖਾ ਤੇ ਲੜਾਈ-ਝਗੜੇ ਦਾ ਕਾਰਨ ਬਣਿਆ ਹੋਇਆ ਹੈ। ਮਨੁੱਖ ਨੂੰ ਬ੍ਰਹਿਮੰਡੀ ਵਿਸ਼ਾਲਤਾ ਨੂੰ ਜਾਣਦੇ ਹੋਏ ਇਹ ਸਮਝ ਲੈਣਾ ਅਤਿ ਜ਼ਰੂਰੀ ਹੈ ਕਿ ਉਸ ਦੀਆਂ ਸਮੂਹ ਖਾਹਸ਼ਾਂ ਤੇ ਪ੍ਰਾਪਤੀਆਂ ਛਿਣ ਮਾਤਰ ਹੀ ਹਨ। ਜੋ ਸਿਰਜਣਾ ਦੀ ਅਨੰਤਤਾ ਵਿਚ ਨਿਗੂਣੇਪਣ ਤੋਂ ਵੱਧ ਕੁਝ ਵੀ ਨਹੀਂ। ਇਥੇ ਇਹ ਵੀ ਸੱਚ ਹੈ ਕਿ ਬ੍ਰਹਿੰਮਡ ਵਿਚ ਹਰ ਜੀਵ ਦੀਆਂ ਉਚਿਤ ਖ਼ਾਹਸ਼ਾਂ ਦੀ ਪੂਰਤੀ ਲਈ ਸੁਯੋਗ ਸਾਧਨ ਤੇ ਜਖ਼ੀਰੇ ਮੌਜੂਦ ਹਨ। ਇਸ ਤੱਥ ਦੇ ਮੱਦੇਨਜ਼ਰ, ਆਪਣੀਆਂ ਖਾਹਸ਼ਾਂ ਦੀ ਪੂਰਤੀ ਲਈ ਮਨੁੱਖ ਨੂੰ ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੇ ਰਵੱਈਏ ਤੋਂ ਗੁਰੇਜ਼ ਕਰਨਾ ਅਤਿ ਜ਼ਰੂਰੀ ਹੈ। ਕਾਇਨਾਤ ਦੀ ਵਿਸ਼ਾਲਤਾ ਤੋਂ ਸਬਕ ਲੈਂਦੇ ਹੋਏ ਮਨੁੱਖ ਨੂੰ ਸਮੂਹ ਜੀਵਾਂ ਲਈ ਦਰਿਆਦਿਲੀ ਵਾਲਾ ਰਵੱਈਆ ਅਪਣਾਉਣ ਦੀ ਲੋੜ ਹੈ, ਤਾਂ ਜੋ ਇਸ ਸੁਭਾਗ ਧਰਤੀ ਦਾ ਵਾਸੀ ਮਨੁੱਖ ਪਰਸਪਰ ਸਹਿਹੋਂਦ ਵਿਚ ਖ਼ੁਸ਼ੀਆਂ, ਖੇੜੇ ਤੇ ਖ਼ੁਸ਼ਹਾਲੀ ਭਰਿਆ ਜੀਵਨ ਬਸਰ ਕਰ ਸਕੇ।

ਨਵੀਆਂ ਵਿਗਿਆਨਕ ਖੋਜਾਂ ਸੰਬੰਧੀ ਮੈਂ ਇਸ ਲੇਖ ਦਾ ਅੰਤ ਟੀ. ਐੱਸ. ਐਲੀਐੱਟ ਦੀ ਕਵਿਤਾ ਦੇ ਇਕ ਬੰਦ ਨਾਲ ਕਰਨਾ ਚਾਹਾਂਗਾ।

ਅਸੀਂ ਆਪਣੀ ਤਲਾਸ਼ ਬੰਦ ਨਹੀਂ ਕਰਾਂਗੇ,

ਤੇ ਸਾਡੀ ਸਾਰੀ ਤਲਾਸ਼ ਦਾ ਅੰਤ,

ਉਸੇ ਥਾਂ 'ਤੇ ਪੁੱਜਣਾ ਹੋਵੇਗਾ, ਜਿਥੋਂ ਅਸੀਂ ਚੱਲੇ ਸਾਂ,

ਤੇ ਤਦ ਅਸੀਂ ਉਸ ਨੂੰ ਇੰਝ ਜਾਣਾਂਗੇ,

ਜਿਵੇਂ ਕਿ ਉਸ ਨੂੰ ਪਹਿਲੀ ਵਾਰ ਜਾਣ ਰਹੇ ਹੋਈਏ।

ਸਪੱਸ਼ਟ ਹੈ ਕਿ ਬ੍ਰਹਿਮੰਡੀ ਖੋਜਾਂ ਦਾ ਇਕ ਮਕਸਦ ਖੁਦ ਨੂੰ ਸਮਝਣਾ ਵੀ ਹੈ। ਬ੍ਰਹਿੰਮਡੀ ਵਿਸ਼ਾਲਤਾ ਦਾ ਗਿਆਨ ਸਾਡੇ ਵਿਚ ਨਿਮਾਣਤਾ ਤੇ ਨਿਮਰਤਾ ਦੇ ਗੁਣ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਵਿਗਿਆਨਕ ਖੋਜਾਂ ਸਾਨੂੰ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵਿਚ ਮਨੁੱਖੀ ਹੁਨਰ ਤੇ ਕਾਬਲੀਅਤ ਦਾ ਮਾਣਮੱਤਾ ਅਹਿਸਾਸ ਵੀ ਕਰਵਾਉਂਦੀਆਂ ਹਨ।

 

ਡਾਕਟਰ ਦਵਿੰਦਰਪਾਲ ਸਿੰਘ