ਅਮਰੀਕਾ ਵਿਚ 24 ਸਤੰਬਰ ਨੂੰ ਫਾਹੇ ਲਾਏ ਜਾਣ ਵਾਲੇ ਸ਼ੱਕੀ ਦੋਸ਼ੀ ਨੇ ਸੁਪਰੀਮ ਕੋਰਟ ਨੂੰ ਫਾਂਸੀ ਉਪਰ ਰੋਕ ਲਾਉਣ ਦੀ ਕੀਤੀ ਅਪੀਲ
-ਇਕ ਰਿਪੋਰਟਰ ਬੀਬੀ ਦੀ ਹੱਤਿਆ ਦਾ ਮਾਮਲਾ-
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੂਰੀ ਰਾਜ ਵਿਚ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇਕ ਸ਼ੱਕੀ ਦੋਸ਼ੀ ਨੇ ਯੂ ਐਸ ਸੁਪਰੀਮ ਕੋਰਟ ਨੂੰ ਆਪਣੀ ਫਾਂਸੀ ਉਪਰ ਰੋਕ ਲਾਉਣ ਦੀ ਅਪੀਲ ਕੀਤੀ ਹੈ। 45 ਸਾਲਾ ਸ਼ੱਕੀ ਮੈਰਸੀਲਸ ਵਿਲੀਅਮਜ, ਜਿਸ ਨੂੰ 24 ਸਤੰਬਰ ਨੂੰ ਫਾਹੇ ਲਾਇਆ ਜਾਣਾ ਹੈ, ਲਗਾਤਾਰ ਦਾਅਵਾ ਕਰਦਾ ਰਿਹਾ ਹੈ ਕਿ ਉਹ ਨਿਰਦੋਸ਼ ਹੈ। ਸੁਪਰੀਮ ਕੋਰਟ ਵਿਚ ਕੀਤੀ ਅਪੀਲ ਵਿਚ ਉਸ ਨੇ ਕਿਹਾ ਹੈ ਕਿ ਆਪਣੀ ਜਾਨ ਬਚਾਉਣ ਲਈ ਕਈ ਸਾਲਾਂ ਤੱਕ ਲੜੀ ਕਾਨੂੰਨੀ ਲੜਾਈ ਦੌਰਾਨ ਪ੍ਰਕ੍ਰਿਆ ਦੌਰਾਨ ਉਸ ਦੇ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ।
ਵਿਲੀਅਮਜ ਨੂੰ ਕਿਸੇ ਵੇਲੇ ਇਕ ਅਖਬਾਰ ਦੀ ਰਿਪੋਰਟਰ ਰਹੀ ਫੇਲੀਸੀਆ ਗੇਲ ਦੀ ਹੋਈ ਮੌਤ ਦੇ ਮਾਮਲੇ ਵਿਚ 2001 ਵਿੱਚ ਪਹਿਲਾ ਦਰਜਾ ਹੱਤਿਆ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ। ਗੇਲ 1998 ਵਿਚ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੀ ਸੀ। ਉਸ ਨੂੰ ਚਾਕੂ ਮਾਰ ਕੇ ਮਾਰਿਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਿਲੀਅਮਜ ਦੇ ਵਕੀਲਾਂ ਨੇ ਕਿਹਾ ਹੈ ਕਿ ਮਿਸੂਰੀ ਦੇ ਸਾਬਕਾ ਗਵਰਨਰ ਏਰਿਕ ਗਰੀਟਨਸ ਨੇ ਪਹਿਲਾਂ ਫਾਂਸੀ ਅਣਮਿੱਥੇ ਸਮੇ ਲਈ ਰੋਕ ਦਿੱਤੀ ਸੀ ਤੇ ਮਾਮਲੇ ਦੀ ਜਾਂਚ ਲਈ ਇਕ ਬੋਰਡ ਬਣਾਇਆ ਸੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕੀ ਵਿਲੀਅਮਜ ਰਹਿਮ ਦਾ ਹੱਕਦਾਰ ਹੈ। ਵਕੀਲਾਂ ਅਨੁਸਾਰ ਇਸ ਬੋਰਡ ਨੇ 6 ਸਾਲਾਂ ਤੱਕ ਜਾਂਚ ਕੀਤੀ ਪਰੰਤੂ ਗਵਰਨਰ ਮਾਈਕਲ ਪਰਸਨ ਨੇ ਅਹੁੱਦਾ ਸੰਭਾਲਣ ਉਪਰੰਤ ਅਚਾਨਕ ਜਾਂਚ ਪ੍ਰਕਿਆ ਹੀ ਖਤਮ ਕਰ ਦਿੱਤੀ। ਵਕੀਲਾਂ ਅਨੁਸਾਰ ਪਰਸਨ ਨੇ ਅਹੁੱਦਾ ਸੰਭਾਲਦਿਆਂ ਹੀ ਬੋਰਡ ਭੰਗ ਕਰ ਦਿੱਤਾ ਤੇ ਵਿਲੀਅਮਜ ਦੀ ਸਜ਼ਾ ਉਪਰ ਲਾਈ ਰੋਕ ਰੱਦ ਕਰ ਦਿੱਤੀ। ਅਜਿਹਾ ਕਰਕੇ ਗਵਰਨਰ ਨੇ ਵਿਲੀਅਮਜ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਅਦਾਲਤ ਨੂੰ ਵਿਸ਼ੇਸ਼ ਤੌਰ 'ਤੇ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ।
Comments (0)