ਕਰਮਕਾਡਾਂ ਤੇ ਅੰਧ ਵਿਸ਼ਵਾਸਾਂ ਵਿਚ ਉਲਝਾਈ ਜਾ ਰਹੀ ਸਿੱਖ ਕੌਮ! 

ਕਰਮਕਾਡਾਂ ਤੇ ਅੰਧ ਵਿਸ਼ਵਾਸਾਂ ਵਿਚ ਉਲਝਾਈ ਜਾ ਰਹੀ ਸਿੱਖ ਕੌਮ! 

ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਖੰਡਵਾਦ ਤੇ ਅੰਧ ਵਿਸ਼ਵਾਸ਼ਾਂ ਦੀ ਧੁੰਧ ਨੂੰ ਦੂਰ ਕਰਦਿਆਂ ਮਨੁੱਖ ਨੂੰ ਰੱਬੀ ਗਿਆਨ ਦਾ ਸਿੱਧਾ ਰਸਤਾ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਗਿਆਨ ਭਰਪੂਰ ਸ਼ਬਦਾਂ ਵਿਚ ਸਾਡੀ ਸਮਝ ਲਈ ਸੇਧ ਦੇਂਦੇ ਹਨ " ਗੁਰਮੁਖ ਗਾਡੀ ਰਾਹੁ ਚਲੰਦਾ "।

ਸੋ ਆਪਾਂ ਕਹਿ ਸਕਦੇ ਹਾਂ ਕਿ ਰੱਬੀ ਗਿਆਨ ਦੇ ਸੂਰਜ ਨਾਲ ਕਰਮਕਾਂਡਾਂ, ਅੰਧ- ਵਿਸ਼ਵਾਸ਼ਾਂ ਤੇ ਸ਼ਖਸੀ ਪੂਜਾ ਦੀ ਸਦੀਆਂ ਤੋਂ ਪਸਰੀ ਸੰਘਣੀ ਧੁੰਧ ਨੂੰ ਦੂਰ ਕਰਕੇ ਮਨੁੱਖ  ਲਈ ਸਹਜ ਸੌਖ ਵਾਲੀ ਜੀਵਨ ਜੁਗਤਿ ਵਾਲਾ ਮੌਕਲਾ ਰਸਤਾ ਦਿੱਤਾ ਹੈ। ਐਸੇ ਸਰਬ ਕਲਿਆਣ ਵਾਲੇ ਅਦੁੱਤੀ ਮਾਰਗ ਦੀ ਜਾਣਕਾਰੀ ਆਪਣੇ ਦਸਾਂ ਜਾਮਿਆਂ ਰਾਹੀਂ ਨਿਰੰਤਰ ਅਮਲੀ ਰੂਪ ਵਿਚ ਪੇਸ਼ ਕਰਕੇ ਜਗਤ ਦੇ ਪ੍ਰਾਣੀ ਨੂੰ ਜੀਵਨ ਜੀਊਣ ਦੀ ਸੇਧ ਦਿੱਤੀ। ਗੁਰਮਤਿ ਗਿਆਨ ਦੇ ਇਸ ਗਾਡੀ ਰਸਤੇ ਕਰੋੜਾਂ ਮਨੁੱਖ ਤੁਰਨ ਲਈ ਤਿਆਰ ਹੋ ਗਏ। ਸਭ ਨੇ ਆਪਣੇ ਪੁਰਖਿਆਂ ਕੋਲ ਪਹਿਲੇ ਗ੍ਰਹਿਣ ਕੀਤੀਆਂ ਮਜ਼ਹਬੀ ਮਾਨਤਾਵਾਂ ਨੂੰ ਮੁੱਢੋ ਤਿਆਗਦਿਆਂ ਦੇਰ ਨਾ ਲਾਈ। ਵਰਤ, ਸ਼ਰਾਧ, ਸ਼ਖਸੀ ਪੂਜਾ,ਕਰਮਕਾਡਾਂ ਤੇ ਭਰਮਾਂ ਨੂੰ ਜੀਵਨ  ਵਿਚੋਂ ਵਗਾਹ ਮਾਰਿਆ। ਜੋ ਸਖ਼ੀ ਸਰਵਰੀ ਪੀਰ ਦੇ ਵੱਡੇ ਵੱਡੇ ਮੁਰੀਦ ਸਨ ਉਨ੍ਹਾਂ ਨਿਗਾਹੀਆ ਪੀਰ ਦੇ ਪੀਰ ਖ਼ਾਨੇ ਢਾਹ ਸੁੱਟੇ। ਹੋਰ ਅਨਮੱਤੀਆਂ ਨੇ ਆਪਣੇ ਆਪਣੇ ਮਜ਼ਹਬ ਦੀਆਂ ਮਾਨਤਾਵਾਂ ਨੂੰ ਤਿਆਗ ਦਿੱਤਾ। ਆਪਣੇ ਅਖੌਤੀ ਮਾਣ ਸਨਮਾਨ ਵਾਲੀਆਂ ਖਾਹਿਸ਼ਾਂ ਦੀ ਰਤਾ ਭਰ ਪਰਵਾਹ ਨਾ ਕੀਤੀ। ਕਿੰਨੇ , ਸਾਨੂੰ ਇਸ ਤਰ੍ਹਾਂ ਦੇ ਸਬੂਤ ਚਾਹੀਦੇ ? ਸੋਚੀਏ, ਇਤਿਹਾਸ ਦੇ ਪੰਨਿਆਂ ਤੋਂ ਇਹ ਪਰਿਵਰਤਣ  ਅਨੰਤ ਵਾਰ ਅਨੰਤ ਥਾਵਾਂ ਤੇ ਘਟਿਆ ਮਿਲਦਾ ਹੈ। 

ਸਾਡੇ ਸਤਿਗੁਰੂ ਜੀ ਨੇ ਰੱਬੀ ਗਿਆਨ ਦਾ ਉਹ ਖਜ਼ਾਨਾ ਵੀ ਮਹਾਨ ਗੁਰਮੁਖ ਰੂਹਾਂ ਦੇ ਕੋਲ ਜਾ ਜਾ ਇਕੱਤਰ ਕੀਤਾ ਜਿਨ੍ਹਾਂ ਦਾ ਜੀਵਨ ਕਰਣੀਨਾਮਾ ਵੱਡੇ ਇਨਕਲਾਬ ਦੀ ਟੋਹ ਦੇਂਦਾ ਹੈ। ਸਮੂਹ ਭਗਤ ਸਹਿਬਾਨ, ਭੱਟ ਸਾਹਿਬਾਨ ਤੇ ਗੁਰਸਿੱਖ ਜੋ ਬਾਣੀ ਕਾਰ ਹਨ ਸਭ ਉੱਚੀ ਉੱਚੀ ਇਕੋ ਇਕ ਸੱਦ ਲਾ ਰਹੇ ਹਨ "ਅੰਧਿਆਰੇ ਦੀਪਕੁ ਚਹੀਐ।। ਇਕ ਬਸਤੁ ਅਗੋਚਰ ਲਹੀਐ।। ਬਸਤੁ ਅਗੋਚਰ ਪਾਈ।। ਘਟਿ ਦੀਪਕ ਰਹਿਆ ਸਮਾਈ।। "

ਅੱਜ ਸਿੱਖ ਕਹਾਉਣ ਵਾਲਿਆਂ ਦਾ ਵੱਡਾ ਹਿੱਸਾ ਡੇਰੇਦਾਰਾਂ ਦਾ ਪਿੱਛਲੱਗ ਬਣ ਗਿਆ ਹੈ। ਇਹ ਡੇਰੇਦਾਰ ਕੌਣ ਹਨ? ਇਨ੍ਹਾਂ ਬਾਰੇ ਸੋਚਣ ਵਿਚਾਰਨ ਦਾ ਸਮਾਂ ਹੀ ਵਰਤਮਾਨ ਸਮੇਂ ਮੇਰੀ ਕੌਮ ਦੇ ਮੁਹਤਬਰ ਸੱਜਣਾਂ ਪਾਸ ਨਹੀਂ ਜੋ ਧਰਮ ਪ੍ਰਚਾਰ-ਪ੍ਰਸਾਰ ਲਈ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਗੁਰਮਤਿ ਤੇ ਮਨਮਤ ਦੇ ਨਿਖੇੜੇ ਕਰਨੇ ਸਨ। ਪੰਥ ਪ੍ਰਸਤੀ ਦੇ ਅਖੌਤੀ ਬੁਰਕੇ ਪਾ ਕੇ ਕੌਮ ਦੀਆਂ ਵੱਡੀਆਂ ਪ੍ਰਬੰਧਕੀ ਸੰਸਥਾਵਾਂ 'ਤੇ ਕਾਬਜ਼ ਹਨ ਤੇ ਪੱਕੀ ਤਰ੍ਹਾਂ ਕਾਬਜ਼ ਰਹਿਣ ਦੀ ਮਣਾਂ ਮੂੰਹੀ ਭੁੱਖ ਆਪਣੇ ਅੰਦਰ ਰੱਖ ਰਹੇ ਹਨ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੋ ਪਿੰਡਾਂ ਸ਼ਹਿਰਾਂ ਕਸਬਿਆਂ ਵਿਚ ਬਹੁਤ ਲੰਮੇ ਸਮੇਂ ਤੋਂ ਪ੍ਰਬੰਧਕ ਹਨ ਉਹ ਵੀ ਬਹੁਤੇ ਇਮਾਰਤਾਂ ਬਣਾਉਣ ਜਾਂ ਢਾਹੁਣ  ਦੀ ਵਿਖਾਵਾ ਵਾਦੀ ਬਿਰਤੀ ਨਾਲ ਅੱਖਾਂ ਬੰਦ ਕਰਕੇ ਕੰਮ ਕਰਦੇ ਲੱਭਦੇ ਹਨ। 

ਸਭ ਗੁਰਦੁਆਰਿਆਂ ਅੰਦਰ ਸੇਵਾ ਨਿਭਾਉਣ ਵਾਲੇ  ਰਾਗੀ, ਢਾਡੀ, ਗ੍ੰਥੀ, ਪ੍ਰਚਾਰਕ, ਕਵੀ ਕਵੀਸ਼ਰ, ਕਥਾਕਾਰ ਬਹੁਤੇ ਰੋਜ਼ੀ ਰੋਟੀ ਦੀ ਪ੍ਰਾਪਤੀ ਵਾਲੀ ਦ੍ਰਿਸ਼ਟੀ ਤੱਕ ਸੀਮਤ ਹਨ। ਦਾਸ ਦੀ ਆਪਣੀ ਸ਼ੁਰੂਆਤ ਵੀ ਇਸੇ ਬਿਰਤੀ ਨਾਲ ਹੋਈ ਸੀ। ਇਹ  ਤੇ  ਗੁਰੂ ਮਿਹਰ ਹੋਈ ਕਿ ਸਮਝ ਪੈ ਗਈ ਕਿ ਇਹ ਗੁਰੂ ਬਖਸ਼ਿਸ਼ ਭਰਿਆ ਮਾਰਗ ਜੀਵਨ ਜਾਚ ਸਿੱਖਣ ਲਈ ਹੈ। 

ਅੱਜ ਅਸੀਂ ਬਹੁਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰਲੇ ਗਿਆਨ ਤੱਕ ਨਾ ਖੁਦ ਪਹੁੰਚ ਬਣਾ ਕੇ ਅਮਲੀ ਜੀਵਨ ਦੇ ਵਾਰਸ ਹੋ ਪਾ ਰਹੇ ਹਾਂ ਨਾ ਹੀ ਸਿੱਖ ਸੰਗਤਾਂ ਨੂੰ ਇਸ ਲਾਸਾਨੀ ਰੱਬੀ ਗਿਆਨ ਦੀ ਸਮਝ ਵੱਲ ਲਾਉਣ ਦੀ ਕਿਰਿਆ ਲਈ  ਕਰਮਸ਼ੀਲ ਹਾਂ। 

ਬਹੁਤਾਤ ਗੁਰੂ ਘਰਾਂ ਅੰਦਰ ਇਕ ਸੂਚਨਾ ਤਖਤੀ' ਤੇ ਧਿਆਨ ਨਾਲ ਵੇਖੀਏ ਤਾਂ ਮੱਸਿਆ, ਪੂਰਨਮਾਸ਼ੀ, ਦਸਵੀਂ, ਸੰਗਰਾਂਦ ਆਦਿ ਤੇ ਕਈ ਥਾਵਾਂ ' ਤੇ  ਪੰਚਮੀ ਵੀ ਨੂੰ ਉਭਾਰਿਆ ਲਿਖਿਆ ਹੁੰਦਾ ਹੈ। 

ਗੁਰਪੁਰਬ ਬਾਰੇ ਸਭ ਤੋਂ ਹੇਠਾਂ ਉਲੇਖ ਹੁੰਦਾ ਹੈ। ਕਦੀ ਸੋਚਿਆ ਇਸ ਜਾਣਕਾਰੀ ਨਾਲ ਸਵਾਏ ਗੁਰਪੁਰਬ ਦੇ ਵੇਰਵੇ ਤੋਂ ਬਾਕੀ ਦੀਆਂ ਮਾਨਤਾਵਾਂ  ਨੂੰ ਗੁਰਬਾਣੀ ਅੰਦਰ ਕੋਈ ਮਾਨਤਾ ਹੈ? ਇਨ੍ਹਾਂ ਦਿਨਾਂ ਨੂੰ ਕਿੱਧਰੇ ਵੀ ਕੋਈ ਮਹੱਤਵ ਨਹੀਂ ਦਿੱਤਾ ਮਿਲਦਾ। ਬਲਕਿ ਗੁਰਬਾਣੀ ਅੰਦਰ ਤਿਥਾਂ ਵਾਰਾਂ ਦੀ ਮਹਾਨਤਾ ਸਵੀਕਾਰਨ ਦੀ ਨਿਖੇਧੀ ਮਿਲਦੀ ਹੈ। 

ਥਿਤੀ ਵਾਰ ਸੇਵਹਿ ਮੁਗਧ ਗਵਾਰੁ।। ਆਦਿ ਬੋਲਾਂ ਰਾਹੀਂ ਗਿਆਨ ਮਿਲਦਾ ਹੈ। 

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਸਹੀ ਲਾਭ ਜੀਵਨ ਸਵਾਰਨ ਲਈ ਕਿਵੇਂ ਲਿਆ ਜਾ ਸਕਦਾ ਹੈ? ਇਸ ਗੱਲ ਦਾ ਪ੍ਰਚਾਰ ਤੇ ਅਮਲ ਦੀ ਬਾਤ ਜਿਸ ਪੱਧਰ ਤੇ ਹੋਣੀ ਚਾਹੀਦੀ ਹੈ ਅਸੀਂ ਨਹੀਂ ਕਰ ਪਾ ਰਹੇ। ਸਤਿਕਾਰ ਦਾ ਬਾਹਰੀ ਪੱਖ ਆਏ ਦਿਨ ਅੰਨੀ ਸ਼ਰਧਾ ਦੇ ਬਦਲਦੇ ਰੂਪਾਂ ਵਿਚ ਅਪਣਾਇਆ ਜਾ ਰਿਹਾ। ਜਿਵੇਂ ਕਿ ਸਿੱਖ ਜਗਿਆਸੂ ਵਿਚ ਵਹਿਮ ਪੈਦਾ ਕਰ ਦਿੱਤਾ ਗਿਆ ਹੈ ਕਿ ਜੇ ਵਧੀਆ ਤੋਂ ਵਧੀਆ ਰੁਮਾਲਾ ਗੁਰੂ ਨੂੰ ਚੜ੍ਹਾਇਆ ਤਾਂ ਹੀ ਮੇਰੇ ਪਰਦੇ ਕੱਜੇ ਜਾਣੇ ਹਨ। ਜੇ ਜਗਿਆਸੂ ਰੁਮਾਲਾ ਨਹੀਂ ਚੜਾ ਸਕੇਗਾ ਤਾਂ ਉਹ ਗੁਰੂ ਬਖ਼ਸ਼ਿਸ਼ ਤੋਂ ਵਾਂਝਾ ਰਹੇਗਾ। ਜਦੋਂ ਕਿ  ਕੌਮ ਦੇ ਮਹਾਨ ਜਾਗਰੂਪ ਸਿੱਖ ਵਿਚਾਰਵਾਨਾਂ ਦਾ ਮੱਤ (ਵੀਚਾਰ) ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਰੁਮਾਲਾ ਅਰਪਨ ਕਰਨਾ ਮਜ਼ਬੂਰੀ ਜਾਂ ਜ਼ਰੂਰੀ ਨਹੀਂ ! 

ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਲੋੜ ਅਨੁਸਾਰ ਵਸਤੂਆਂ ਅਰਪਨ ਕੀਤੀਆਂ ਜਾਣ। ਜਿਵੇਂ ਦਰੀਆਂ, ਬਰਤਨ, ਕੱਪੜੇ ਆਦਿ। ਅੱਜ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਏ ਗਏ ਰੁਮਾਲਿਆਂ ਦੀ ਸੰਭਾਲ ਲਈ ਜਗ੍ਹਾ ਹੀ ਬਹੁਤਿਆਂ ਥਾਵਾਂ 'ਤੇ ਨਹੀਂ ਹੈ। ਅਰਦਾਸ ਕਰਨ ਵਾਲੇ ਭਾਈ ਸਾਹਿਬ ਜੀ ਲਗਪਗ ਇਹ ਸ਼ਬਦ ਵਰਤਦੇ ਹਨ ਹੇ ਸਤਿਗੁਰੂ ਜੀ ! ਤੁਹਾਡੇ ਸੇਵਕ ਪਰਵਾਰ ਨੇ ਰੁਮਾਲਾ ਅਰਪਨ ਕੀਤਾ ਹੈ ਪਰਿਵਾਰ ਦੇ ਲੋਕ ਪਰਲੋਕ ਪਰਦੇ ਕੱਜਣੇ। ਇਨ੍ਹਾਂ ਸ਼ਬਦਾਂ ਦੀ ਦਹਾਕਿਆਂ ਤੋਂ ਹੁੰਦੀ ਆ ਰਹੀ ਵਰਤੋਂ ਨੋ ਰੁਮਾਲੇ ਪ੍ਰਤੀ ਇਹ ਅੰਧ ਵਿਸ਼ਵਾਸ਼ ਹੀ ਪੈਦਾ ਕਰ ਦਿੱਤਾ ਹੈ। ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਥੋੜ੍ਹੇ ਜਿਹੇ ਗੁਰਮਤਿ ਨੂੰ ਸਮਝਣ ਵਾਲਿਆਂ ਨੇ ਰੁਮਾਲਿਆਂ ਦੀ ਥਾਂ ਹੋਰ ਵਸਤੂਆਂ ਦੇਣੀਆਂ ਆਰੰਭ ਕਰ ਦਿੱਤੀਆਂ ਹਨ। ਕਈ ਥਾਵਾਂ ਤੇ ਰੁਮਾਲਾ ਅਰਪਨ ਕਰਨ ਦੀ ਬਣਾ ਦਿੱਤੀ ਗਈ ਧਾਰਨਾ ਦੀ ਪੂਰਤੀ ਲਈ, ਗੁਰੂ ਘਰ ਮਾਇਆ ਜਮ੍ਹਾਂ ਕਰਵਾ ਕੇ ਪਹਿਲਾਂ ਵਰਤੇ ਰੁਮਾਲਿਆਂ ਵਿੱਚੋਂ ਹੀ ਗੁਰਦੁਆਰਾ ਸਾਹਿਬ ਤੋਂ ਰੁਮਾਲਾ ਲੈ ਕੇ ਅਰਪਨ ਕੀਤਾ ਜਾ ਰਿਹਾ ਹੈ। 

ਦਾਸ ਨੂੰ ਪਠਾਨਕੋਟ ਸ਼ਹਿਰ ਵਿਖੇ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦਾ ਪੋਤਰਾ ਮਿਲਿਆ ਬਹੁਤ ਸਹਜ ਠਰੰਮੇ ਨਾਲ ਉਨ੍ਹਾਂ ਕਿਹਾ ਕੋਈ ਢੰਗ ਤਰੀਕਾ ਲੱਭ ਕੇ ਸਿੱਖ ਸੰਗਤਾਂ ਨੂੰ ਇਸ ਗੱਲ ਲਈ ਰਜ਼ਾਮੰਦ ਕਰੋ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਰੁਮਾਲੇ ਨਾ ਚੜ੍ਹਾਇਆ ਕਰਨ! ਓਥੇ ਸਾਰਾ ਦਿਨ ਭਾਈ ਸਾਹਿਬ ਜੀ ਰੁਮਾਲਾ ਪਕੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੁਹਾਣ ਦੀ ਰਸਮੀ ਕਿਰਿਆ ਹੀ ਕਰਦੇ ਰਹਿ ਜਾਂਦੇ ਹਨ। ਕਿੰਨਾ ਚੰਗਾ ਹੋਵੇ ਕਿ ਰੁਮਾਲਿਆਂ 'ਤੇ ਖਰਚ ਹੋਣ ਵਾਲਾ ਪੈਸਾ ਲੋੜਵੰਦ ਕੌਮੀ ਪਰਵਾਰਾਂ ਦੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋਵੇ ਤਾਂ! 

ਕੌਮੀ ਸੱਥਾਂ ਵਿਚ ਅੰਧ ਵਿਸ਼ਵਾਸ਼ ਬਾਹਰੋਂ ਨਹੀਂ ਸਾਡੇ ਅੰਦਰੋਂ ਹੀ ਨਿੱਤ ਨਵੇਂ ਰੂਪ ਵਿਚ ਪਰੋਸਿਆ ਜਾ ਰਿਹਾ ਹੈ। ਗੁਰਬਾਣੀ ਸ਼ਬਦਾਂ ਨੂੰ ਵੀ ਵਰਤਣ ਤੋਂ ਗੁਰੇਜ਼ ਨਹੀਂ ਹੋ ਰਿਹਾ। ਕਿਸੇ ਸ਼ਬਦ ਰਾਹੀਂ ਕੋਈ ਸਿਧੀ(ਪਰਾਪਤੀ) ਕਿਸੇ ਰਾਹੀਂ ਕੋਈ ਹੋਰ ਸਿਧੀ ਤਥਾ ਪਰਾਪਤੀ ਦੀ ਗੱਲ ਜ਼ੋਰ ਸ਼ੋਰ ਨਾਲ ਲੰਮੇ ਅਰਸੇ ਤੋਂ ਪ੍ਰਚੱਲਿਤ ਹੈ ਤੇ ਅੱਜ ਕੱਲ੍ਹ ਵੀ ਹੈ। ਇਸੇ ਤਰ੍ਹਾਂ ਸ਼ਬਦਾਂ ਦੇ ਤਵੀਤ ਬਣਾ ਕੇ ਦੇਣੇ। ਇਥੋਂ ਤੱਕ ਸੁਣਨ ਵਿਚ ਆਇਆ ਹੈ ਕਿ ਸ਼ਬਦਾਂ ਨੂੰ ਲਿਖ ਕੇ ਘੋਲ ਕੇ ਪਾਣੀ ਵਿਚ ਪੀਣ ਦੀ ਗੱਲ ਵੀ ਕਿਧਰੇ ਹੈ। 

ਸ਼ਰਧਾ ਪੂਰਨ, ਦੁਖਭੰਜਨੀ, ਸੁਖਮਨਾ, ਸੰਕਟ ਮੋਚਨ ਆਦਿ ਸਿਰਲੇਖਾਂ ਹੇਠ ਗੁਰਬਾਣੀ ਦੇ ਗੁਟਕੇ ਵੀ ਅੰਧ ਵਿਸ਼ਵਾਸ਼ ਵੱਲ ਸੇਧਤ ਹਨ। ਸਿੱਖ ਜਗਿਆਸੂ ਨੂੰ ਗੁਰਬਾਣੀ ਪੜ੍ਹਨ ਵੀਚਾਰਨ ਤੇ ਅਮਲਾਉਣ ਦੇ ਮਹੱਤਵ ਦਾ ਪ੍ਰਚਾਰ ਕਿਉਂ ਨਹੀਂ ਅਸੀਂ ਕਰਦੇ। ਗੁਰਬਾਣੀ ਸਾਡੇ ਪੂਰੇ ਸਤਿਗੁਰੂ ਜੀ ਹਨ। ਸਾਡੇ ਜੀਵਨ ਜਾਚ ਦਾ ਖਜ਼ਾਨਾ ਹਨ। ਅਸੀਂ ਗੁਰਬਾਣੀ ਨੂੰ ਆਪਣੇ ਅੰਦਰ ਜੀਊਣਾ ਹੈ। ਗੁਰਬਾਣੀ ਸਰੂਪ ਹੋਣਾ ਹੈ। ਸਾਡੇ ਪੁਰਖੇ ਜੋ ਸਦੀਆਂ ਪਹਿਲਾਂ ਗੁਰੂ ਜੀ ਦੇ ਅਨਿਨ ਸੇਵਕ ਹੋ ਕੇ ਵਿਚਰੇ ਹਨ ਉਹ ਅੱਜ ਵਾਲੇ ਅੰਧ ਵਿਸ਼ਵਾਸਾਂ ਤੇ ਕਰਮਕਾਂਡਾਂ ਭੇਖ ਭਰਮਾਂ ਦੇ ਨੇੜੇ ਵੀ ਨਹੀਂ ਸਨ। ਸਾਨੂੰ ਜਾਗਣ ਦੀ ਲੋੜ ਹੈ। 

ਬਹੁਤ ਅਫ਼ਸੋਸ ਹੈ ਅੱਜ ਜੇਕਰ ਸਹੀ ਗੁਰਮਤਿ ਗਿਆਨ ਸਿਧਾਂਤ ਤੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਗੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਕਰਦਾ ਤਥਾ ਕਰਦੇ ਹਨ ਉਨ੍ਹਾਂ ਨੂੰ ਕੌਮੀ ਗਦਾਰ /ਗ਼ਦਾਰਾਂ ਵਾਂਗ ਵੇਖਿਆ ਵਰਤਿਆ ਜਾਣ ਲੱਗਿਆ ਹੈ। ਇਹ ਕੀ ਹੈ ਕਿਉਂ ਹੈ? ਕੌਣ ਇਸ ਪੱਖੋਂ ਵੀਚਾਰ ਕਰਕੇ ਗੁਰਬਾਣੀ ਗਿਆਨ ਪ੍ਰਚਾਰ ਕਰਨ ਵਾਲਿਆਂ ਲਈ ਪਲਕਾਂ ਵਿਛਾ ਕੇ ਅਦਬੀ ਮਹੌਲ ਸਿਰਜਣ ਲਈ ਅੱਗੇ ਆਉਣਗੇ! 

 

ਗਿਆਨੀ ਕੇਵਲ ਸਿੰਘ

ਸਾਬਕਾ ਜਥੇਦਾਰ 

ਤਖ਼ਤ ਸ੍ਰੀ ਦਮਦਮਾ ਸਾਹਿਬ।

95920-93472

panthaknagara@gmail.com