ਗਾਡੀ-ਲੁਹਾਰ ਰਾਜਸਥਾਨ ਦੇ ਟੱਪਰੀਵਾਸ ਕਬੀਲੇ ਦਾ ਸਭਿਆਚਾਰ
ਗਾਡੀਆ ਲੋਹਾਰ ਜਾਂ ਗਾਡੀ-ਲੁਹਾਰ ਰਾਜਸਥਾਨ ਵਿਚ ਇਕ ਟੱਪਰੀਵਾਸ ਕਬੀਲਾ ਹੈ ।
ਇਹ ਲੋਕ ਵੀ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿਚ ਵੀ ਮਿਲਦੇ ਹਨ ।ਇਹ ਟੋਲੀਆਂ ਵਿਚ ਜੀਵਨ ਬਤੀਤ ਕਰਦੇ ਹਨ ਅਤੇ ਆਪਣਾ ਸਾਰਾ ਸਾਮਾਨ ਗੱਡੀਆਂ ਉੱਤੇ ਲੱਦ ਕੇ ਰੱਖਦੇ ਹਨ | ਇਹ ਲੋਹਾਰਾ ਕੰਮ ਕਰਦੇ ਹਨ | ਇਸੇ ਲਈ ਇਨ੍ਹਾਂ ਨੂੰ 'ਗਾਡੀ ਲੋਹਾਰ' ਕਿਹਾ ਜਾਂਦਾ ਹੈ । ਇਨ੍ਹਾਂ ਲੋਕਾਂ ਨੂੰ ਪੰਜਾਬ ਵਿਚ 'ਗੱਡੀਆਂ ਵਾਲੇ' ਕਿਹਾ ਜਾਂਦਾ ਹੈ ।ਛੋਟੇ-ਮੋਟੇ ਖੇਤੀ ਸੰਦਾਂ ਦੀ ਰਿਪੇਅਰ ਚਿਮਟੇ, ਤੱਕਲੇ, ਖੁਰਚਣੇ ਬਣਾਉਣਾ, ਬੱਠਲਾਂ, ਬਾਲਟੀਆਂ ਨੂੰ ਥੱਲੇ ਅਤੇ ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣੇ ਇਨ੍ਹਾਂ ਦਾ ਮੁੱਖ ਕੰਮ ਹੈ ।ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ ।ਪਿੰਡਾਂ ਵਿਚ ਆਪਣੀਆਂ ਬੈਲ ਗੱਡੀਆਂ ਨੂੰ ਕਾਫ਼ਲੇ ਦੇ ਰੂਪ 'ਚ ਲੈ ਕੇ ਘੁੰਮਣ ਵਾਲੇ ਇਨ੍ਹਾਂ ਲੋਕਾਂ ਨੂੰ ਪੰਜਾਬ ਵਿਚ 'ਗੱਡੀਆਂ ਵਾਲੇ' ਸ਼ਬਦ ਨਾਲ ਪੁਕਾਰਿਆ ਜਾਂਦਾ ਹੈ ।ਪਿੰਡਾਂ ਵਿਚ ਇਨ੍ਹਾਂ ਦਾ ਅਧਾਰ ਹੁਣ ਘੱਟ ਚੁੱਕਾ ਹੈ ।ਪਰ ਫਿਰ ਵੀ ਘਰਾਂ ਦੇ ਚੁੱਲਿ੍ਹਆਂ ਦੀ ਸਵਾਹ ਕੱਢਣ ਵਾਲੀਆਂ ਕੜਛੀਆਂ, ਚਿਮਟੇ, ਤੱਕਲੇ, ਖੁਰਚਣੇ, ਬੱਠਲ ਰਿਪੇਅਰ ਕਰਨੇ, ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣਾ ਇਨ੍ਹਾਂ ਦਾ ਮੁੱਖ ਕੰਮ ਜਾਰੀ ਹੈ ।ਰਾਜਸਥਾਨ ਵਿਚ ਅਮਿਟ ਰਹਿਣ ਵਾਲੇ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਤਿਆਗ ਕਬੀਲਿਆਂ ਦੇ ਰੂਪ 'ਚ ਆਏ ਦੱਸੇ ਜਾਂਦੇ ਹਨ ।ਇਸ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਵਲੋਂ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਹਿੱਤ ਕਿਰਪਾਲ ਕਜ਼ਾਕ ਦੁਆਰਾ ਸੰਪਾਦਿਤ ਕਿਤਾਬ 'ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ' ਰਾਹੀਂ ਵੀ ਕੀਤੀ ਗਈ | ਕੁਝ ਸਦੀਆਂ ਪਹਿਲਾਂ ਗਾਡੀ ਲੁਹਾਰ ਰਾਜਪੂਤ ਸ਼ਾਨੋ-ਸ਼ੌਕਤ ਨਾਲ ਆਪਣੀ ਮੁੱਖ ਧਾਰਾ ਨਾਲੋਂ ਟੁੱਟ ਗਏ ਸਨ । ਆਪਣੀ ਜਨਮ ਭੋਇ ਨੂੰ ਤਿਆਗ ਕੇ ਟੱਪਰੀਵਾਸ ਕਬੀਲੇ ਦੇ ਰੂਪ 'ਚ ਪ੍ਰਵਰਤਿਤ ਹੋ ਗਏ ਸਨ | ਉਸ ਤੋਂ ਪਹਿਲਾਂ ਇਹ ਲੋਕ ਰਾਜਪੂਤਾਂ ਦੀਆਂ ਉਚ ਜਾਤੀਆਂ 'ਚੋਂ ਸਮਝੇ ਜਾਂਦੇ ਸਨ ।
ਇਹ ਲੋਕ ਆਪਣੇ-ਆਪ ਨੂੰ ਮਹਾਰਾਣਾ ਪ੍ਰਤਾਪ ਸਿੰਘ ਦੇ ਪੈਰੋਕਾਰ ਸਮਝਦੇ ਹਨ, ਜਿਸ ਸੰਬੰਧੀ ਇਤਿਹਾਸਕ ਹਵਾਲੇ ਵੀ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਇਨ੍ਹਾਂ ਦਾ ਪ੍ਰਣ ਹੈ ਕਿ ਚਿਤੌੜ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਬਣਦਾ ਸਤਿਕਾਰ ਫਿਰ ਪ੍ਰਾਪਤ ਨਾ ਕੀਤਾ ਜਾ ਸਕੇ ।ਮਹਾਰਾਣਾ ਪ੍ਰਤਾਪ ਦੇ ਨਾਲ ਜੁੜੇ ਰਾਜਪੂਤਾਂ ਨੇ ਇਸ ਅਹਿਦ ਦੀ ਪੂਰਤੀ ਲਈ ਹੀ ਘਰ-ਬਾਰ ਤਿਆਗੇ ਸਨ । ਆਪਣੇ ਪਰਿਵਾਰ ਸਮੇਤ ਜੰਗਲਾਂ 'ਚ ਰਹਿ ਕੇ ਮੁਗ਼ਲ ਸ਼ਾਸਕਾਂ ਵਿਰੁੱਧ ਲੜੀ ਲੰਬੀ ਲੜਾਈ ਨੂੰ ਇਹ ਹਾਰ ਗਏ ਸਨ ਤੇ ਇਨ੍ਹਾਂ ਦਾ ਵਕਾਰ ਗੁਆਚ ਗਿਆ ਸੀ ।
ਪਰ ਇਤਿਹਾਸਕਾਰਾਂ ਅਨੁਸਾਰ ਵੀ ਰਾਜਪੂਤ ਲੋਕ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਿਤੌੜ ਦੀ ਮਿੱਟੀ ਨੂੰ ਨਾ ਛੂਹਣ ਲਈ ਵਚਨਬੱਧ ਹੋ ਗਏ ਸਨ ।ਉਨ੍ਹਾਂ ਦਾ ਖੁਫ਼ੀਆ ਐਲਾਨ ਸੀ, ਜਦੋਂ ਤੱਕ ਚਿਤੌੜ 'ਚ ਗੁਆਚਿਆ ਵਕਾਰ ਬਹਾਲ ਨਹੀਂ ਹੋ ਜਾਂਦਾ, ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ ।ਕਾਫ਼ਲਿਆਂ 'ਚ ਘੁੰਮਦੇ ਰਹਿਣਗੇ ਤੇ ਕਿਸੇ ਤੋਂ ਮੰਗ ਕੇ ਨਹੀਂ ਖਾਣਗੇ ।ਹੁਣ ਤੱਕ ਇਹ ਛੋਟਾ-ਮੋਟਾ ਤਰਖਾਣਾ, ਲੁਹਾਰਾ ਕੰਮ ਕਰਕੇ ਆਪਣਾ ਡੰਗ ਟਪਾ ਰਹੇ ਹਨ ।ਰਾਣਾ ਪ੍ਰਤਾਪ ਨੇ ਰਾਜਪੂਤਾਂ ਦੀਆਂ ਖਿਲਰੀਆਂ ਸ਼ਕਤੀਆਂ ਨੂੰ ਇਕੱਠਾ ਕਰਨ ਦਾ ਕੰਮ ਆਰੰਭਿਆ ।ਉਸ ਨੇ ਰਾਜਪੂਤ ਕੌਮ 'ਵਿਚ ਨਵੀਂ ਰੂਹ ਫੂਕੀ । ਰਾਣਾ ਪ੍ਰਤਾਪ ਦੇ ਮਨਾਹੀਆ ਨਿਯਮਾਂ ਦੀ 'ਗੱਡੀਆਂ' ਵਾਲੇ ਅੱਜ ਵੀ ਪਾਲਣਾ ਕਰ ਰਹੇ ਹਨ ।ਜਿਵੇਂ ਕਿ ਮੇਵਾੜ ਦੀ ਸੁਤੰਤਰਤਾ ਤੱਕ, ਰਾਜ ਮਹਿਲਾਂ ਦਾ ਤਿਆਗ ।ਪੰਜ ਧਾਤੂ- ਸੋਨਾ, ਚਾਂਦੀ, ਤਾਂਬਾ, ਪਿੱਤਲ ਬਰਤਨਾਂ ਦੀ ਭੋਜਨ ਸਮੇਂ ਵਰਤੋਂ ਦੀ ਮਨਾਹੀ ।ਪਲੰਘਾਂ ਦੀ ਸੇਜ-ਵਰਜਨਾ,ਦਾੜ੍ਹੀ-ਮੁੱਛ ਕਤਰਨੀਂ ਵਰਜਿਤ, ਯੁੱਧ ਨਗਾਰੇ ਦੀ ਵਰਤੋਂ ਮਨ੍ਹਾਂ ਇਤਿਹਾਸ ਅਨੁਸਾਰ ਮੇਵਾੜ ਦੀ ਅਕਬਰ ਦੁਆਰਾ ਕੀਤੀ ਤਬਾਹੀ ਦੀ ਹਾਲਤ ਵੇਖ ਕੇ ਰਾਣਾ ਪ੍ਰਤਾਪ ਦੇ ਮਨ 'ਚ ਪੀੜਾ ਉੱਠਦੀ ਸੀ । ਦੁਬਾਰਾ ਜਿੱਤ ਦੀ ਲਾਲਸਾ ਨੂੰ ਲੈ ਕੇ ਟੁੱਟ ਚੁੱਕੇ ਲੋਕਾਂ ਨੇ ਕਮਲਮੀਰ ਕਿਲ੍ਹੇ 'ਚ ਇਕੱਠ ਕੀਤਾ ।ਗੁਰੀਲਾ ਫ਼ੌਜ ਲਈ ਵੱਡੇ ਪੱਧਰ 'ਤੇ ਭਰਤੀ ਆਰੰਭੀ | ਭਰਤੀ ਦੌਰਾਨ ਪ੍ਰਤਾਪ ਵਲੋਂ ਸ਼ਰਤ ਰੱਖੀ ਗਈ ਕਿ ਜੋ ਯੋਧਾ ਲੜਨਾ ਚਾਹੁੰਦਾ ਹੈ, ਉਹ ਘਰ-ਬਾਰ ਛੱਡ ਕੇ ਮੇਰੇ ਕੋਲ ਆਵੇ । 'ਗੱਡੀਆਂ ਵਾਲਿਆਂ' ਲੋਕਾਂ ਦੇ ਵਡੇਰੇ ਰਾਣਾ ਪ੍ਰਤਾਪ ਵਲੋਂ ਬਣਾਈ ਜਾ ਰਹੀ ਫ਼ੌਜ 'ਚ ਸ਼ਾਮਿਲ ਹੋ ਗਏ । ਇਸ ਤੋਂ ਇਲਾਵਾ ਕਬੀਲਾ ਬਜ਼ੁਰਗਾਂ ਦੇ ਦੱਸਣ ਅਨੁਸਾਰ ਲੁਹਾਰਗ੍ਹੜ ਵਿਚ ਰਹਿਣ ਵਾਲੇ ਗਾਡੀ ਲੁਹਾਰ ਰਾਜਪੂਤਾਂ ਨੇ ਚਿਤੌੜਗੜ੍ਹ ਦੇ ਸ਼ਾਸਕਾਂ ਲਈ ਕਈ ਤਰ੍ਹਾਂ ਦੇ ਹਥਿਆਰ ਬਣਾਉਣ ਦਾ ਕੰਮ ਵੀ ਕੀਤਾ ਹੈ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਤੋਪਾਂ ਦਾ ਨਾਂਅ ਲਿਆ ਜਾਂਦਾ ਹੈ ।
1. ਕੰਕਰਪਾਨੀ, 2. ਧੁਰਧਾਨੀ
ਇਹ ਦੋਵੇਂ ਤੋਪਾਂ ਅਕਬਰ ਚਿਤੌੜਗੜ੍ਹ ਨੂੰ ਜਿੱਤ ਲੈਣ ਉਪਰੰਤ ਵੀ ਨਾਲ ਨਹੀਂ ਲਿਜਾ ਸਕਿਆ । ਹੋਰ ਬਹੁਤ ਕੁਝ ਲੁੱਟਣ ਦੇ ਨਾਲ ਉਹ 'ਸ਼ਿਆਮ ਚੈਰਾਗ' ਅਤੇ 'ਰਣਜੀਤ ਨਗਾਰਾ' ਵੀ ਨਾਲ ਲੈ ਗਿਆ ਸੀ ।ਗੱਡੀਆਂ ਵਾਲੇ ਕਬੀਲੇ ਦੇ ਲੋਕ ਇਸ ਨੂੰ ਕਲੰਕ ਦੇ ਰੂਪ 'ਚ ਮੰਨਦੇ ਹਨ, ਕਿਉਂਕਿ ਕਬੀਲੇ ਦੇ ਪੁਰਖੇ ਉਸ ਸਮੇਂ ਲੋਹਗੜ੍ਹ ਦੀ 'ਲਖੋਦਾ ਬਾਰੀ' ਵਿਚੋਂ ਭੱਜ ਨਿਕਲੇ ਸਨ, ਜਿਸ ਸਮੇਂ ਜੈਮਲ ਅਤੇ ਪੱਤੋ, ਅਕਬਰ ਦੇ ਵਿਰੁੱਧ ਵੱਡਾ ਜੰਗ ਲੜ ਰਹੇ ਸਨ ।
ਬੇਸ਼ੱਕ ਇਸ ਕਬੀਲੇ ਨੇ ਵੱਖ-ਵੱਖ ਥਾਵਾਂ ਉੱਪਰ ਜਾ ਕੇ ਜ਼ਿੰਦਗੀ ਦੀ ਬਸਰ ਕੀਤੀ ਹੈ ਪਰ ਇਹ ਕਬੀਲਾ ਖੁਸ਼ਨੁਮਾ ਜ਼ਿੰਦਗੀ ਛੋਟੇ-ਛੋਟੇ ਪਲਾਂ ਵਿਚ ਗੁਜ਼ਾਰਦਾ ਹੈ ।
ਡਾਕਟਰ ਬਿਕਰਮਜੀਤ ਸਿੰਘ
Comments (0)