ਸਿੱਖ ਇਤਿਹਾਸ ਵਿਚ ਸ਼ਹਾਦਤ ਸ਼ਬਦ ਦੀ ਮਹਾਨਤਾ

ਸ਼ਹਾਦਤ ਸ਼ਬਦ ਨੇ ਸਿੱਖ ਇਤਿਹਾਸ ਦੇ ਸਫ਼ਿਆਂ ਨੂੰ ਉਹ ਮਾਣ ਬਖਸ਼ਿਆ, ਜੋ ਦੁਨੀਆ ਅੰਦਰ ਬੇਮਿਸਾਲ ਹੈ
'ਸ਼ਹੀਦ' ਜਾਂ 'ਸ਼ਹਾਦਤ' ਇਹ ਲਫ਼ਜ਼ ਅਰਬ ਤੋਂ ਆਏ ਪ੍ਰਤੀਤ ਹੁੰਦੇ ਹਨ । ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਸ਼ਰੀਫ਼ ਵਿਚ ਸ਼ਹੀਦ ਨੂੰ ਅੱਵਲ ਰੁਤਬਾ ਹਾਸਿਲ ਹੈ ।ਸ਼ਹੀਦ ਨੂੰ ਅੱਲ੍ਹਾ ਦੇ ਸਭ ਤੋਂ ਨੇੜੇ ਹੋਣ ਦਾ ਮਾਣ ਬਖਸ਼ੇ ਜਾਣ ਦੀ ਗੱਲ ਹੈ ।ਸ਼ਹੀਦ ਦੇ ਅੱਖਰੀ ਅਰਥ ਹਨ, ਸ਼ਾਹਿਦ ਹੋਣਾ, ਗਵਾਹ ਹੋਣਾ | ਸ਼ਹੀਦ ਹੋਣ ਵਾਲਾ ਕਿਸ ਗੱਲ ਦੀ ਗਵਾਹੀ ਭਰਦਾ ਹੈ? ਇਹ ਸਮਝਣ ਲਈ ਦੁਨੀਆ ਭਰ ਵਿਚ ਹੋਈਆਂ ਸ਼ਹਾਦਤਾਂ ਦੇ ਕਾਰਨਾਂ ਦੇ ਨਾਲ-ਨਾਲ ਸਮਾਜ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਹਰ ਸ਼ਹਾਦਤ ਦਾ ਪ੍ਰਮੁੱਖ ਕਾਰਨ ਸਾਹਮਣੇ ਆਵੇਗਾ ਕਿ ਸ਼ਹੀਦ ਹੋਣ ਵਾਲਾ ਕਿਸੇ ਹਾਕਮ ਦਾ ਹੰਕਾਰ ਤੋੜਦਾ ਹੋਇਆ ਸੱਚੇ ਰੱਬ ਦੀ ਹੋਂਦ ਦੀ ਗਵਾਹੀ ਦਿੰਦਾ ਹੋਇਆ ਨਿਸ਼ਕਾਮਤਾ ਨਾਲ ਆਪਣੀ ਜਾਨ ਵਾਰ ਗਿਆ ।
ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ ।ਇਸ ਮਹਾਨ ਅਤੇ ਲਾਸਾਨੀ ਸ਼ਹਾਦਤ ਨੇ ਸਤਿਗੁਰ ਦਾ ਓਟ ਆਸਰਾ ਲੈ ਕੇ ਜ਼ਾਲਮ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਜੂਝਣ ਦੀ ਸਿੱਖਾਂ ਅੰਦਰ ਅਜਿਹੀ ਰੂਹ ਫੂਕੀ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੇ ਦੁਨੀਆ ਨੂੰ ਦੰਗ ਕਰ ਦਿੱਤਾ ।ਸਿੱਖ ਧਰਮ ਅੰਦਰ ਸ਼ਹਾਦਤ ਦੇ ਸਿਧਾਂਤ ਅਤੇ ਸੰਕਲਪ ਨੂੰ ਸਮਝਣ ਲਈ ਕਿਸੇ ਵੀ ਸ਼ਹਾਦਤ ਨੂੰ ਅਚਨਚੇਤ ਵਾਪਰੀ ਸਿਰਫ ਇਕ ਘਟਨਾ ਦੇ ਰੂਪ ਨਹੀਂ ਵੇਖਣਾ ਹੋਵੇਗਾ, ਸਗੋਂ ਸ਼ਹਾਦਤ ਨੂੰ ਗੁਰੂ ਨਾਨਕ ਸਾਹਿਬ ਦੇ ਸਿਰਜੇ ਹੋਏ ਫਲ਼ਸਫੇ ਅਨੁਸਾਰ ਵਾਪਰ ਰਹੇ ਇਕ ਮਹੱਤਵਪੂਰਨ ਵਰਤਾਰੇ ਵਜੋਂ ਵੇਖਣਾ ਹੋਵੇਗਾ, ਜਿਵੇਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਵਲੋਂ ਭੁੱਖੇ ਸਾਧੂਆਂ ਲਈ ਲਗਾਇਆ ਗਿਆ 20 ਰੁਪਇਆਂ ਦਾ ਲੰਗਰ ਨਿਰੰਤਰ ਚੱਲ ਰਿਹਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਪਾਤਿਸ਼ਾਹ ਦਾ ਫੁਰਮਾਨ:
''ਜਉ ਤਉ ਪ੍ਰੇਮ ਖੇਲਣ ਕਾ ਚਾਉ¨
ਸਿਰੁ ਧਰਿ ਤਲੀ ਗਲੀ ਮੇਰੀ ਆਉ¨
ਇਤੁ ਮਾਰਗਿ ਪੈਰੁ ਧਰੀਜੈ¨
ਸਿਰੁ ਦੀਜੈ ਕਾਣਿ ਨ ਕੀਜੈ¨''
ਉੱਤੇ ਪਹਿਰਾ ਦਿੰਦਿਆਂ ਹੱਕ ਸੱਚ ਲਈ ਆਵਾਜ਼ ਉਠਾਉਂਦਿਆਂ, ਜ਼ਾਲਮ ਹਾਕਮ ਨੂੰ ਲਲਕਾਰਦਿਆਂ ਸਿੱਖ ਰਹਿੰਦੀ ਦੁਨੀਆ ਤੱਕ ਹੱਸ ਕੇ ਸ਼ਹਾਦਤਾਂ ਕਬੂਲਦੇ ਰਹਿਣਗੇ । ਪੰਜਵੇਂ ਪਾਤਿਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਨਾਲ ਲੜੀਆਂ ਗਈਆਂ ਲੜਾਈਆਂ ਮੌਕੇ ਬੇਸ਼ੱਕ ਗੁਰੂ ਸਾਹਿਬਾਨਾਂ ਦੀਆਂ ਲਾਡਲੀਆਂ ਫ਼ੌਜਾਂ 'ਚ ਸ਼ਹਾਦਤਾਂ ਹੋਈਆਂ ਹੋਣਗੀਆਂ, ਪਰ ਇਤਿਹਾਸ ਦੇ ਵਰਕਿਆਂ ਉੱਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਕੀਤੇ ਜਾਣ ਵਾਲੇ ਸਿੱਖਾਂ ਜਿਨ੍ਹਾਂ ਵਿਚ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦਾ ਜ਼ਿਕਰ ਪ੍ਰਮੁੱਖ ਹੈ, ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ । ਅੱਗੇ ਤੁਰਨ ਤੋਂ ਪਹਿਲਾਂ ਇਨ੍ਹਾਂ ਸ਼ਹਾਦਤਾਂ ਲਈ ਜ਼ਾਲਮਾਂ ਵਲੋਂ ਅਪਣਾਏ ਗਏ ਬੇਕਿਰਕ ਤਰੀਕਿਆਂ ਬਾਰੇ ਗੱਲ ਕਰਨਾ ਅਤਿਅੰਤ ਜ਼ਰੂਰੀ ਹੈ ।ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਨੰਗੇ ਪਿੰਡੇ ਉਪਰ ਤੱਤੀ ਰੇਤ ਦੇ ਕੜਛੇ ਪਾਉਣ ਉਪਰੰਤ ਉਨ੍ਹਾਂ ਨੂੰ ਰਾਵੀ ਦਰਿਆ 'ਚ ਵਹਾਇਆ ਗਿਆ । ਭਾਈ ਸਤੀਦਾਸ ਜੀ ਨੂੰ ਰੂੰਅ 'ਚ ਲਪੇਟ ਕੇ ਜਿਉਂਦਿਆਂ ਅੱਗ ਲਗਾ ਕੇ ਸਾੜਿਆ ਗਿਆ, ਭਾਈ ਮਤੀਦਾਸ ਜੀ ਨੂੰ ਆਰੇ ਨਾਲ ਵਿਚਾਲਿਓਾ ਚੀਰ ਦਿੱਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ ਗਿਆ, ਮਨੁੱਖੀ ਹੱਕਾਂ ਅਤੇ ਕਦਰਾਂ-ਕੀਮਤਾਂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਗਿਆ ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ¨
ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ¨
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਹੇਤ¨
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ¨
(ਅੰਗ 1105)
ਸ਼ਾਹਿ ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ 'ਤੇ ਸੀਸ ਭੇਟਾ ਦੇਣ ਵਾਲੇ ਪੰਜ ਪਿਆਰਿਆਂ ਨੇ ਗੁਰੂ ਤੋਂ ਅੰਮਿ੍ਤ ਦੀ ਦਾਤ ਲੈ ਖ਼ਾਲਸਾ ਰੂਪ ਹੋ, ਜਦੋਂ ਗੁਰੂ ਨੂੰ ਅੰਮਿ੍ਤ ਦੀ ਬਖ਼ਸ਼ਿਸ਼ ਕੀਤੀ ਤਾਂ ਇਸ ਅਲੌਕਿਕ ਵਰਤਾਰੇ ਨੇ ਦੀਨ-ਦੁਖੀਆਂ ਅਤੇ ਮਜ਼ਲੂਮਾਂ ਅੰਦਰ ਚੜ੍ਹਦੀ ਕਲਾ ਦੀ ਅਜਿਹੀ ਰੂਹ ਫੂਕੀ ਕਿ ਉਹ ਬੱਬਰ ਸ਼ੇਰ ਹੋ ਗਏ | ਖ਼ਾਲਸੇ ਦੀ ਗਰਜ ਨੇ ਭਿ੍ਸ਼ਟ ਚੁੱਕੀ ਹਕੂਮਤ ਦੀ ਰੂਹ ਨੂੰ ਕਾਂਬਾ ਛੇੜ ਦਿੱਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੜ੍ਹਦੀ ਕਲਾ ਦੇ ਜੈਕਾਰਿਆਂ ਦੀ ਗੂੰਜ ਸੁਣ ਅਸਮਾਨ ਨੇ ਝੁਕ ਕੇ ਅਨੰਦਪੁਰ ਦੀ ਧਰਤੀ ਨੂੰ ਨਮਸਕਾਰ ਕੀਤੀ | ਵਹਿਮਾਂ-ਭਰਮਾਂ, ਜਾਤ-ਪਾਤ, ਕਰਮ-ਕਾਂਡਾਂ ਦੀ ਦਲਦਲ ਵਿਚ ਹੀਣ-ਭਾਵਨਾ ਦੇ ਸ਼ਿਕਾਰ ਲੋਕ ਪੰਜਾਂ ਕਕਾਰਾਂ ਦੇ ਧਾਰਨੀ ਹੋ ਗੁਰੂ ਦਾ ਖ਼ਾਲਸਾ ਬਣ ਬਾਗ਼ੀ ਜਾਂ ਬਾਦਸ਼ਾਹ ਹੋ ਗਏ ।ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਮੌਕੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਅਤੇ ਸਰਹਿੰਦ ਦੀਆਂ ਕੰਧਾਂ ਵਿਚ ਚੋਏ ਛੋਟੇ ਸਾਹਿਬਜ਼ਾਦਿਆਂ ਦੇ ਲਹੂ ਨੇ ਇਤਿਹਾਸ ਦੇ ਵਰਕਿਆਂ ਨੂੰ ਧਾਰਮਿਕ ਦਿ੍ੜ੍ਹਤਾ ਅਤੇ ਪਿਆਰ ਦੇ ਅਜਿਹੇ ਰੰਗ 'ਚ ਰੰਗਿਆ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੇ ਖ਼ਾਲਸੇ ਨੂੰ ਬਹਾਦਰ ਮਰਜੀਵੜਿਆਂ ਦੀ ਕੌਮ ਬਣਾ ਦਿੱਤਾ ।
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ¨ (579)
ਜੇਕਰ ਇਤਿਹਾਸ ਦੇ ਝਰੋਖੇ 'ਤੇ ਨਜ਼ਰ ਮਾਰੀਏ ਤਾਂ ਸ਼ਹਾਦਤ ਦੇ ਜੋ ਕਾਰਨ ਸਮਝ 'ਚ ਆਉਂਦੇ ਹਨ ਉਹ ਇਸ ਪ੍ਰਕਾਰ ਹਨ- ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਅਤੇ ਮਕਸਦ ਹੰਕਾਰੀ ਬਾਦਸ਼ਾਹ ਜਹਾਂਗੀਰ ਦਾ ਹੰਕਾਰ ਤੋੜਨਾ ਸੀ, ਮੁਗ਼ਲ ਬਾਦਸ਼ਾਹ ਔਰਗੰਜ਼ੇਬ ਇਸ ਪ੍ਰਕਾਰ ਹਨ ਜੋ ਆਪਣੀ ਪਰਜਾ ਤੋਂ ਧਾਰਮਿਕ ਆਜ਼ਾਦੀ ਨੂੰ ਮਾਣਨ ਦਾ ਹੱਕ ਅਤੇ ਹੋਰ ਮੁਢਲੇ ਮਨੁੱਖੀ ਹੱਕ ਖੋਹ ਰਿਹਾ ਸੀ, ਨੂੰ ਗੁਰੂ ਸਾਹਿਬ ਨੇ ਇਨ੍ਹਾਂ ਮਨੁੱਖੀ ਹੱਕਾਂ ਦੇ ਰਾਖੇ ਬਣ ਕੇ ਚੁਣੌਤੀ ਦਿੱਤੀ ਤੇ ਮਜ਼ਲੂਮਾਂ ਦੇ ਹੱਕਾਂ ਲਈ ਬੋਲਦਿਆਂ ਸ਼ਹੀਦ ਹੋ ਗਏ।ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਨੇ ਜ਼ਾਲਮ ਹਕੂਮਤ ਦੀ ਨੀਂਹ ਨੂੰ ਅਜਿਹਾ ਹਲੂਣਾ ਦਿੱਤਾ ਕਿ ਮੁੜ ਮੁਗ਼ਲ ਉਹ ਬਾਦਸ਼ਾਹਤ ਕਾਇਮ ਨਾ ਕਰ ਸਕੇ ।
ਗੁਰੂ ਗੋਬਿੰਦ ਸਿੰਘ ਜੀ ਤੋਂ ਪੰਜ ਤੀਰ ਲੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦ ਸਰਹਿੰਦ ਫ਼ਤਹਿ ਕਰਨ ਲਈ ਚਾਲੇ ਪਾਏ ਤਾਂ ਸਿੱਖਾਂ ਵੱਲ ਲਿਖ ਕੇ ਚਿੱਠੀਆਂ ਪਾਈਆਂ ਕਿ ਅਸਾਂ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦਿਆਂ ਸਰਹਿੰਦ 'ਤੇ ਚੜ੍ਹਾਈ ਕਰਨੀ ਹੈ, ਤੁਹਾਨੂੰ ਫ਼ੌਜ 'ਚ ਭਰਤੀ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ, ਪਰ ਖ਼ਾਲਸੇ ਦੀ ਫ਼ੌਜ ਵਿਚ ਭਰਤੀ ਹੋਣ 'ਤੇ ਤਨਖਾਹ ਨਹੀਂ ਮਿਲੇਗੀ, ਸਗੋਂ ਹੋ ਸਕਦਾ ਪਾਤਿਸ਼ਾਹ ਦੀ ਮਿਹਰ ਸਦਕਾ ਸ਼ਹਾਦਤ ਨਸੀਬ ਹੋ ਜਾਵੇ ।ਸ਼ਹਾਦਤ ਦਾ ਚਾਅ ਐਸਾ ਕਿ ਮਾਝੇ, ਮਾਲਵੇ, ਦੁਆਬੇ ਅਤੇ ਪੰਜਾਬ ਤੋਂ ਇਲਾਵਾ ਹੋਰ ਵੀ ਦੂਰੋਂ-ਦੂਰੋਂ ਸਿੱਖ ਘਰੀਂ ਫ਼ਤਹਿ ਬੁਲਾ ਸ਼ਹੀਦੀਆਂ ਪਾਉਣ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਤੁਰ ਪਏ । ਇਤਿਹਾਸ ਦੇ ਇਹ ਸਫ਼ੇ ਬਾਖੂਬੀ ਸਮਝਾਉਂਦੇ ਨੇ ਕਿ ਸ਼ਹੀਦ ਹੋਣ ਵਾਲਾ ਪੂਰੇ ਹੋਸ਼ੋ-ਹਵਾਸ ਅਤੇ ਸੁਚੇਤ ਰੂਪ 'ਚ ਉਸ ਮਕਸਦ ਨੂੰ ਸਮਰਪਿਤ ਹੁੰਦਾ ਹੈ, ਜਿਸ ਲਈ ਉਹ ਸ਼ਹੀਦ ਹੋਣ ਜਾ ਰਿਹਾ ਹੁੰਦਾ ਹੈ ।
ਮਰਣੁ ਜੀਵਣੁ ਜੋ ਸਮ ਕਰਿ ਜਾਣੈ
ਸੋ ਮੇਰੇ ਪ੍ਰਭ ਭਾਇਦਾ¨ (ਅੰਗ 1059)
ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਰਬ ਦੀ ਰਜ਼ਾ ਨੂੰ ਸਤਿ ਕਰ ਮੰਨਣ ਵਾਲੇ ਮਨੁੱਖ ਜੋ ਜੀਵਨ ਅਤੇ ਮੌਤ ਨੂੰ ਇਕੋ ਜਿਹਾ ਹੀ ਸਮਝਦੇ ਹਨ, ਉਹ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ।ਸ਼ਹਾਦਤ ਦਾ ਜਾਮ ਪੀਣ ਵਾਲੇ ਨੂੰ ਮੌਤ ਡਰਾਉਂਦੀ ਨਹੀਂ, ਉਹ ਤਾਂ ਮੌਤ ਨੂੰ ਮਖੌਲਾਂ ਕਰਦੇ ਹੋਏ ਅੱਗੇ ਹੋ ਕੇ ਗੱਲ ਲਾਉਂਦੇ ਹਨ । ਸ਼ਹੀਦ ਹੋ ਜਾਣ ਵਾਲੇ ਕੋਲ ਸ਼ਹੀਦ ਹੋਣ ਤੋਂ ਪਹਿਲਾਂ ਜ਼ਿੰਦਾ ਰਹਿਣ ਲਈ ਕਈ ਵਾਰ ਇਕ ਹੀ ਨਹੀਂ, ਸਗੋਂ ਬਹੁਤ ਸਾਰੇ ਬਦਲ ਹੁੰਦੇ ਹਨ, ਪਰ ਉਹ ਸੱਚ ਅਤੇ ਹੱਕ 'ਤੇ ਪਹਿਰਾ ਦਿੰਦਾ ਹੋਇਆ ਸ਼ਹੀਦ ਹੋ ਜਾਣ ਨੂੰ ਚੁਣਦਾ ਹੈ । ਸ਼ਹੀਦ ਦੀ ਨਜ਼ਰ ਵਿਚ ਮਕਸਦ ਵੱਡਾ ਅਤੇ ਜ਼ਿੰਦਗੀ ਜਾਂ ਮੌਤ ਦੋਵੇਂ ਛੋਟੇ ਹੁੰਦੇ ਹਨ ।
ਕਬੀਰਾ ਮਰਤਾ ਮਰਤਾ ਜਗੁ ਮੁਆ
ਮਰਿ ਭਿ ਨ ਜਾਨੈ ਕੋਇ¨
ਐਸੀ ਮਰਨੀ ਜੋ ਮਰੈ ਬਹੁਰਿ
ਨ ਮਰਨਾ ਹੋਇ¨ (ਅੰਗ 555)
ਭਗਤ ਕਬੀਰ ਜੀ ਦਾ ਫੁਰਮਾਨ ਹੈ ਕਿ ਸਾਰਾ ਜਗ ਮਰ ਰਿਹਾ ਹੈ, ਪਰ ਸੱਚੀ ਮੌਤ ਮਰਨ ਦੀ ਸੋਝੀ ਕਿਸੇ ਕੋਲ ਨਹੀਂ, ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ, ਉਹ ਫਿਰ ਵਾਰ-ਵਾਰ ਨਹੀਂ ਮਰਦੇ ਭਾਵ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ | ਸ਼ਹੀਦ ਹੋ ਜਾਣ ਵਾਲੇ ਰੱਬ ਦੇ ਪਰਵਾਨਿਆਂ ਉੱਤੇ ਅਜਿਹੀ ਰੱਬੀ ਕਿ੍ਪਾ ਹੁੰਦੀ ਹੈ ਕਿ ਜੀਵਨ ਮੌਤ ਤੋਂ ਅਗਾਂਹ ਦੀ ਸੋਝੀ ਲੈ ਸ਼ਹਾਦਤ ਨੂੰ ਚੁਣਦੇ ਹਨ ਅਤੇ ਖ਼ਾਸ ਮਕਸਦ ਲਈ ਜਾਨ ਵਾਰ ਕੇ ਸਦਾ ਲਈ ਅਮਰ ਹੋ ਜਾਂਦੇ ਹਨ ।
ਪ੍ਰੋਫੈਸਰ ਯਸ਼ਪ੍ਰੀਤ ਕੌਰ
-ਪਿ੍ੰਸੀਪਲ, ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ, ਅੰਮਿ੍ਤਸਰ |
ਮੋਬਾਈਲ : 99147-11108
Comments (0)