ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇ ਜਨਮ ਦਿਹਾੜੇ ਮੌਕੇ ਜਰਨੈਲੀ ਫ਼ਤਿਹ ਮਾਰਚ ਦਿੱਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਨਿਕਲੇਗਾ : ਸਰਨਾ

ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇ ਜਨਮ ਦਿਹਾੜੇ ਮੌਕੇ ਜਰਨੈਲੀ ਫ਼ਤਿਹ ਮਾਰਚ ਦਿੱਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਨਿਕਲੇਗਾ : ਸਰਨਾ

ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰੀਆਂ ਅਰੰਭ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 4 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ 300ਵਾਂ ਜਨਮ ਦਿਹਾੜਾ ਮਨਾਉਣ ਲਈ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਅੱਜ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਕਰਤਾਰ ਸਿੰਘ ਵਿੱਕੀ ਚਾਵਲਾ, ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਦਿੱਲੀ ਕਮੇਟੀ ਦੇ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।    

ਮੀਟਿੰਗ ਵਿਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਰਜਿੰਦਰ ਸਿੰਘ ਮਹਿਤਾ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ ਤੋਂ ਵਿਸ਼ਾਲ ਫਤਹਿ ਮਾਰਚ ਕੱਢਿਆ ਜਾਵੇਗਾ ਅਤੇ ਇਸ ਦੀ ਰੂਪ-ਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਸੌਂਪੀ ਗਈ ਹੈ ਜੋ ਸ. ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨਗੇ।

ਇਸ ਮੌਕੇ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਕੇਵਲ ਰਾਮਗੜ੍ਹੀਆ ਭਾਈਚਾਰੇ ਲਈ ਹੀ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਅਜਿਹਾ ਸਮਾਂ ਸੀ ਜਦੋਂ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗ਼ਲ ਹਕੂਮਤ ਦਾ ਤਖਤਾ ਪਲਟ ਕੇ ਤਖ਼ਤ-ਏ-ਤਾਜ਼ ਲੈ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ ਅਤੇ ਅੱਜ ਵੀ ਰਾਮਗੜ੍ਹੀਆ ਬੁੰਗਾ ਵਿਚ ਉਸ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ  ਜੱਸਾ ਸਿੰਘ ਰਾਮਗੜ੍ਹੀਆ ਸਮੇਤ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਨਾ ਫਤਿਹ ਕੀਤਾ ਹੁੰਦਾ ਤਾਂ ਅੱਜ ਲਾਲ ਕਿਲੇ ’ਤੇ ਤਿਰੰਗਾ ਨਾ ਹੁੰਦਾ। 

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਜੱਸਾ ਸਿੰਘ ਰਾਮਗੜ੍ਹੀਆ ਦਾ 300ਵਾਂ ਜਨਮ ਦਿਵਸ ਸ਼ਾਨੋ-ਸ਼ੋਕਤ ਨਾਲ ਮਨਾਉਣ ਲਈ ਵੱਡੇ ਪੱਧਰ ’ਤੇ ਪ੍ਰੋਗਰਾਮ ਉਲੀਕੇ ਜਾਣ। ਜਰਨੈਲੀ ਫਤਹਿ ਮਾਰਚ ਕੱਢਿਆ ਜਾਵੇ ਅਤੇ ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਰਨੈਲੀ ਫਤਹਿ ਮਾਰਚ ਦਿੱਲੀ ਦੇ ਸਾਰੇ ਹਲਕਿਆਂ ਵਿੱਚੋਂ ਹੁੰਦਾ ਹੋਇਆ ਹਰਿਆਣਾ, ਪੰਜਾਬ ਵਿੱਚੋਂ ਲੰਘਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ, ਜਿੱਥੇ ਕੀਰਤਨ ਸਮਾਗਮ, ਕਵੀ ਦਰਬਾਰ ਆਦਿ ਪ੍ਰੋਗਰਾਮ ਕਰਵਾਏ ਜਾਣਗੇ।

ਇਸ ਮੌਕੇ ਰਾਮਗੜ੍ਹੀਆ ਬੈਂਕ ਦੀ ਪ੍ਰਧਾਨ ਰਣਜੀਤ ਕੌਰ, ਆਲ ਇੰਡੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਚੇਅਰਮੈਨ ਸੁਖਦੇਵ ਸਿੰਘ ਰਿਆਤ, ਨਾਮਧਾਰੀ ਸਮਾਜ ਦੇ ਐਚ.ਐਸ.ਹੰਸਪਾਲ, ਦਿੱਲੀ ਕਮੇਟੀ ਮੈਂਬਰ ਤੇਜਿੰਦਰ ਸਿੰਘ ਗੋਪਾ, ਕੁਲਤਾਰਨ ਸਿੰਘ, ਸੁਖਵਿੰਦਰ ਸਿੰਘ ਬੱਬਰ, ਜਤਿੰਦਰ ਸਿੰਘ ਸੋਨੂੰ, ਸਤਨਾਮ ਸਿੰਘ ਖਾਲਸਾ, ਪਰਮਜੀਤ ਸਿੰਘ ਰਾਣਾ, ਅਕਾਲੀ ਦਲ ਦੇ ਪੀ.ਆਰ.ਓ ਭੁਪਿੰਦਰ ਸਿੰਘ, ਰਮਨਦੀਪ ਸਿੰਘ ਸੋਨੂੰ ਸਮੇਤ ਹੋਰਨਾਂ ਉੱਘੀਆਂ ਸ਼ਖਸੀਅਤਾਂ ਮੌਜੂਦ ਰਹੀਆਂ।