ਵਿਸ਼ਵ ਜੰਗ ਦਾ ਪਹਿਲਾ ਪੜਾਅ ਸ਼ੁਰੂ ,ਨਾਟੋ ਲਈ ਵੱਡਾ ਖ਼ਤਰਾ ਬਣਿਆ ਚੀਨ
.*ਨਾਟੋ ਵਲੋਂ ਚੀਨ ਨੂੰ ਘੇਰਨ ਦੀ ਤਿਆਰੀ, ਪ੍ਰਸ਼ਾਂਤ ਮਹਾਸਾਗਰ ਵਿਚ ਜੰਗੀ ਬੇੜੇ ਕੀਤੇ ਇਕੱਠੇ
*ਯੂਕਰੇਨ ਡਰਟੀ ਬੰਬ ਨਾਲ ਕਰੇਗਾ ਹਮਲਾ... ਰੂਸ ਨੇ ਕੀਤਾ ਦਾਅਵਾ ਅਜਿਹਾ ਹੋਇਆ ਤਾਂ ਪ੍ਰਮਾਣੂ ਹਮਲਾ ਹੋਵੇਗਾ
ਰੂਸ ਯੂਕਰੇਨ ਦੀ ਜੰਗ ਨੇ ਵਧਾਇਆ ਪਰਮਾਣੂ ਯੁੱਧ ਦਾ ਖਤਰਾ
*ਰੂਸ ਦੀ ਸਰਕਾਰੀ ਅਖਬਾਰ rt international ਵਿਚ ਛਪੀ ਖਬਰ,ਯੂਕਰੇਨ ਇਨਕਾਰੀ
*ਅਮਰੀਕਾ ਤੇ ਰੂਸ ਵਿਚਾਲੇ ਫਿਰ ਸ਼ੁਰੂ ਹੋਵੇਗੀ ਪਰਮਾਣੂ ਹਥਿਆਰਾਂ ਦੀ ਦੌੜ, 14 ਸਾਲ ਪੁਰਾਣੀ ਸੰਧੀ ਖਤਮ ਹੋਣ ਦੀ ਸੰਭਾਵਨਾ
ਵਿਸ਼ਵ ਜੰਗ ਦਾ ਪਹਿਲਾ ਪੜਾਅ ਸ਼ੁਰੂ ਹੋ ਚੁਕਾ ਹੈ,ਜਿਸ ਦੀ ਜੜ੍ਹ ਅਮਰੀਕਾ ਹੈ ਜੋ ਪੂਰੇ ਵਿਸ਼ਵ ਵਿਚ ਥਾਣੇਦਾਰੀ ਕਰਨਾ ਚਾਹੁੰਦਾ ਹੈ।ਇਕ ਪਾਸੇ ਇਜਰਾਈਲ ਰਾਹੀਂ ਅਰਬ ਦੇਸਾਂ ਦਾ ਨਮਦਾ ਕਸ ਰਿਹਾ ਹੈ।ਰੂਸ ਨੂੰ ਯੂਕਰੇਨ ਨਾਲ ਜੰਗ ਵਿਚ ਫਸਾਈ ਬੈਠਾ ਹੈ ਤੇ ਯੂਕਰੇਨ ਦੀ ਮਦਦ ਕਰ ਰਿਹਾ ਹੈ।
ਨਿਊਯਾਰਕ ਤੋਂ ਨਿਊਜ ਵੈਬਸਾਈਟ ਬਲੂਮਬਰਗ ਡਾਟ ਕਾਮ ਦੀ ਤਾਜ਼ਾ ਰਿਪੋਟ ਅਨੁਸਾਰ ਹੁਣ ਤੱਕ ਚੀਨ 'ਤੇ ਨਜ਼ਰ ਰੱਖ ਰਹੇ ਨਾਟੋ ਨੂੰ ਆਖਰਕਾਰ ਪ੍ਰਸ਼ਾਂਤ ਮਹਾਸਾਗਰ ਵਿਚ ਆਪਣੀ ਫੌਜੀ ਮੌਜੂਦਗੀ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ। ਹੁਣ ਤੱਕ ਨਾਟੋ ਸਿਰਫ਼ ਰੂਸ ਨੂੰ ਹੀ ਸਭ ਤੋਂ ਵੱਡਾ ਖ਼ਤਰਾ ਮੰਨਦਾ ਸੀ ਪਰ ਇਸ ਸਾਲ ਜੁਲਾਈ ਵਿੱਚ ਵਾਸ਼ਿੰਗਟਨ ਵਿੱਚ ਹੋਈ ਕਾਨਫਰੰਸ ਵਿੱਚ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਮੰਨਿਆ ਗਿਆ ਸੀ। ਉਦੋਂ ਤੋਂ ਚੀਨ ਨਾਟੋ ਦਾ ਨਿਸ਼ਾਨਾ ਬਣ ਗਿਆ ਹੈ। ਨਾਟੋ ਦੇ ਮੈਂਬਰ ਚੀਨ ਦੇ ਖਿਲਾਫ ਫੌਜ ਵੀ ਤਾਇਨਾਤ ਕਰ ਰਹੇ ਹਨ। ਹੁਣ ਇਨ੍ਹਾਂ ਵਿਚ ਇਟਲੀ ਵੀ ਸ਼ਾਮਲ ਹੋ ਗਿਆ ਹੈ। ਪਹਿਲੀ ਵਾਰ, ਇਟਲੀ ਨੇ ਚੀਨ ਦੇ ਨਾਲ ਲੱਗਦੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਆਪਣਾ ਏਅਰਕ੍ਰਾਫਟ ਕੈਰੀਅਰ ਕੈਵੂਰ ਤਾਇਨਾਤ ਕੀਤਾ ਹੈ।
ਕੈਚੂਰ ਅਤੇ ਇਕ ਹੋਰ ਇਤਾਲਵੀ ਫ੍ਰੀਗੇਟ ਨੇ ਹਾਲ ਹੀ ਵਿੱਚ ਗੁਆਮ ਟਾਪੂ ਦੇ ਨੇੜੇ ਯੂਐਸ ਏਅਰਕ੍ਰਾਫਟ ਕੈਰੀਅਰ ਯੂਐਸਐਸ ਨੇ ਅਬ੍ਰਾਹਮ ਲਿੰਕਨ ਨਾਲ ਮਿਲਕੇ ਅਭਿਆਸ ਕੀਤਾ ਸੀ। ਕੈਵਰ ਕੈਰੀਅਰ ਸਟ੍ਰਾਈਕ ਗਰੁੱਪ ਦੇ ਕਮਾਂਡਰ ਰੀਅਰ ਐਡਮਿਰਲ ਗਿਆਨਕਾਰਲੋ ਸਿਏਪੀਨਾ ਨੇ ਕਿਹਾ ਕਿ ਇਹ, ਸਾਡੀ ਸਾਂਝੀ ਤਾਕਤ ਤੇ ਸਾਡੀ ਯੋਗਤਾ ਦਾ ਇਕ ਪ੍ਰਦਰਸ਼ਨ ਹੈ । ਕੁਝ ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਯੂਰਪੀਅਨ ਜਲ ਸੈਨਾ ਪ੍ਰਸ਼ਾਂਤ ਖੇਤਰ ਵਿੱਚ ਕਿਸੇ ਵੀ ਸੰਘਰਸ਼ ਵਿੱਚ ਇਕ ਅਗਾਂਹਵਧੂ ਭੂਮਿਕਾ ਨਿਭਾਉਣਗੇ। ਪਰ ਉਨ੍ਹਾਂ ਦੀ ਲਗਾਤਾਰ ਵਧਦੀ ਮੌਜੂਦਗੀ ਚੀਨ ਨਾਲ ਸਬੰਧਾਂ ਨੂੰ ਤਣਾਅਪੂਰਨ ਬਣਾ ਰਹੀ ਹੈ।ਯੂਰਪ ਹੁਣ ਚੀਨ ਦੇ ਨਿਸ਼ਾਨੇ ਉਪਰ ਹੈ।
ਚੀਨ ਤਾਇਵਾਨ ਦੇ ਕੋਲ ਲਗਾਤਾਰ ਲੜਾਕੂ ਅਤੇ ਬੰਬਾਰ ਜਹਾਜ਼ ਉਡਾ ਰਿਹਾ ਹੈ। ਖਦਸ਼ਾ ਹੈ ਕਿ ਚੀਨ ਕਿਸੇ ਵੀ ਸਮੇਂ ਤਾਈਵਾਨ 'ਤੇ ਹਮਲਾ ਕਰ ਸਕਦਾ ਹੈ। ਚੀਨ ਤਾਇਵਾਨ ਨਾਲ ਜੰਗ ਵਿਚ ਉਲਝ ਸਕਦਾ ਹੈ।ਅਮਰੀਕਾ ਨੇ ਤਾਈਵਾਨ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਅਜਿਹੇ ਵਿਚ ਤਾਇਵਾਨ 'ਤੇ ਹਮਲੇ ਦੀ ਸਥਿਤੀ ਵਿਚ ਅਮਰੀਕਾ ਵੀ ਇਸ ਸੰਘਰਸ਼ ਵਿਚ ਸਿਧੇ -ਅਸਿਧੇ ਰੂਪ ਵਿਚ ਸ਼ਾਮਲ ਹੋ ਸਕਦਾ ਹੈ।ਅਜਿਹੇ ਸਮੇਂ, ਯੂਰਪੀਅਨ ਜਲ ਸੈਨਾਵਾਂ ਅਮਰੀਕੀ ਫੌਜੀ ਸ਼ਕਤੀ ਨੂੰ ਵਧਾ ਸਕਦੀਆਂ ਹਨ, ਜਿਵੇਂ ਕਿ ਅਮਰੀਕੀ ਜਹਾਜ਼ਾਂ ਲਈ ਵਾਧੂ ਪਲੇਟਫਾਰਮ ਪ੍ਰਦਾਨ ਕਰਨਾ, ਪਣਡੁੱਬੀ ਅਟੈਕ ਦੀਆਂ ਸਮਰੱਥਾਵਾਂ ਨੂੰ ਵਧਾਈ ਰਖਣਾ, ਅਤੇ ਫੌਜੀ ਸਪਲਾਈ ਨੂੰ ਕਾਇਮ ਰੱਖਣਾ। ਨਾਟੋ ਦੇ ਮੈਂਬਰਾਂ ਦੇ ਵਿਚਾਲੇ ਰੱਖਿਆ ਸੰਧੀ ਹੈ ਜੋ ਸਿਰਫ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹਮਲਿਆਂ 'ਤੇ ਲਾਗੂ ਹੁੰਦੀ ਹੈ, ਇਸ ਲਈ ਉਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਦੂਜੇ ਦੀ ਰੱਖਿਆ ਕਰਨ ਲਈ ਕਾਨੂੰਨੀ ਤੌਰ 'ਤੇ ਮਜਬੂਰ ਨਹੀਂ ਕੀਤਾ ਜਾ ਸਕਦਾ।
ਬ੍ਰਿਟਿਸ਼ ਏਅਰਕ੍ਰਾਫਟ ਕੈਰੀਅਰ ਐਚਐਮਐਸ ਪ੍ਰਿੰਸ ਆਫ ਵੇਲਜ਼ ਅਤੇ ਇਸਦਾ ਸਟ੍ਰਾਈਕ ਗਰੁੱਪ ਅਗਲੇ ਸਾਲ ਪ੍ਰਸ਼ਾਂਤ ਖੇਤਰ ਵਿੱਚ ਪਹੁੰਚਣ ਵਾਲਾ ਹੈ। ਫਰਾਂਸ ਨੇ ਇਹ ਵੀ ਕਿਹਾ ਹੈ ਕਿ ਉਹ ਚਾਰਲਸ ਡੀ ਗੌਲ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਭੇਜੇਗਾ। ਇੱਕ ਸਟ੍ਰਾਈਕ ਸਮੂਹ ਇੱਕ ਏਅਰਕ੍ਰਾਫਟ ਕੈਰੀਅਰ ਦੇ ਆਲੇ ਦੁਆਲੇ ਬਣਾਈ ਗਈ ਇੱਕ ਛੋਟੀ ਜਿਹਾ ਸੈਨਿਕ ਦਲ ਹੁੰਦਾ ਹੈ ਜਿਸ ਵਿੱਚ ਆਮ ਤੌਰ 'ਤੇ ਵਿਨਾਸ਼ਕਾਰੀ, ਕਰੂਜ਼ਰ ਅਤੇ ਹੋਰ ਜਹਾਜ਼ਾਂ ਦੇ ਨਾਲ-ਨਾਲ ਲੜਾਕੂ ਜਹਾਜ਼ ਅਤੇ ਹੋਰ ਜਹਾਜ਼ ਸ਼ਾਮਲ ਹੁੰਦੇ ਹਨ। ਜਰਮਨੀ ਅਤੇ ਨੀਦਰਲੈਂਡ ਹੋਰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰਾਂ ਵਿੱਚੋਂ ਇੱਕ ਹਨ ਜੋ ਖੇਤਰ ਵਿੱਚ ਜੰਗੀ ਜਹਾਜ਼ ਭੇਜਣ ਦੀ ਯੋਜਨਾ ਬਣਾ ਰਹੇ ਹਨ। ਇਸ ਕਾਰਣ ਯੂਰਪ ,ਅਮਰੀਕਾ ਨਾਲ ਚੀਨ ਦਾ ਤਣਾਅ ਪੈਦਾ ਹੋ ਸਕਦਾ ਹੈ ਜੋ ਸਿਧੀ ਜੰਗ ਵਿਚ ਬਦਲ ਸਕਦਾ ਹੈ।
ਰੂਸ ਤੇ ਯੂਕਰੇਨ ਤਿਖੀ ਜੰਗ ਵਿਚ ਅਮਰੀਕਾ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਯੂਕਰੇਨ ਦੀ ਫੌਜ ਹੁਣ ਰੂਸ ਵਿਚ ਦਾਖਲ ਹੋ ਗਈ ਹੈ, ਜਿਸ ਨੇ ਪੁਤਿਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਡਰਟੀ ਬੰਬ ਨਾਲ ਹਮਲਾ ਕਰ ਸਕਦਾ ਹੈ। ਆਰ ਟੀ ਇੰਟਰਨੈਸ਼ਨਲ ਜੋ ਰੂਸ ਦੀ ਸਰਕਾਰੀ ਅਖਬਾਰ ਹੈ,ਉਸ ਅਨੁਸਾਰ ਕਈ ਰਿਪੋਰਟਾਂ ਵਿੱਚ, ਰੂਸੀ ਫੌਜੀ ਪੱਤਰਕਾਰਾਂ ਨੇ ਕਿਹਾ ਹੈ ਕਿ ਯੂਕਰੇਨ ਕਥਿਤ ਤੌਰ 'ਤੇ ਨਿਪ੍ਰੋਪੇਤ੍ਰੋਵਸਕ ਖੇਤਰ ਵਿੱਚ 'ਡਰਟੀ ਬੰਬ' ਸਮੇਤ ਪ੍ਰਮਾਣੂ ਭੜਕਾਹਟ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਯੂਕਰੇਨ ਦੀ ਫੌਜ ਰੂਸ ਦੇ ਕਬਜ਼ੇ ਵਾਲੇ ਜ਼ਪੋਰਿਜ਼ੀਆ ਨਿਊਕਲੀਅਰ ਪਾਵਰ ਪਲਾਂਟ ਅਤੇ ਰੂਸੀ ਕੁਰਸਕ ਨਿਊਕਲੀਅਰ ਪਾਵਰ ਪਲਾਂਟ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਫੌਜੀ ਪ੍ਰਤੀਨਿਧੀ ਮਾਰਤ ਖੈਰੂਲਿਨ ਨੇ ਪਹਿਲਾਂ ਹੀ ਆਪਣੇ ਟੈਲੀਗ੍ਰਾਮ ਚੈਨਲ 'ਤੇ ਇਸ ਸੰਬੰਧੀ ਪਹਿਲਾਂ ਵੀ ਦਾਅਵਾ ਕੀਤਾ ਸੀ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰਮਾਣੂ ਊਰਜਾ ਪਲਾਂਟਾਂ 'ਤੇ ਡਰਟੀ ਬੰਬਾਂ ਨਾਲ ਹਮਲਾ ਕਰਨ ਦੇ ਰੂਸੀ ਦਾਅਵਿਆਂ ਨੂੰ ਰੱਦ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਸ ਨੇ ਯੂਕਰੇਨ 'ਤੇ ਡਰਟੀ ਬੰਬ ਹਮਲੇ ਦੀ ਯੋਜਨਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਰੂਸ ਨੇ ਵੀ ਕਿਹਾ ਸੀ ਕਿ ਯੂਕਰੇਨ ਇੱਕ ਡਰਟੀ ਬੰਬ ਹਮਲੇ ਦੀ ਯੋਜਨਾ ਬਣਾ ਰਿਹਾ ਹੈ।
ਯਾਦ ਰਹੇ ਕਿ ਡਰਟੀ ਬੰਬ ਇੱਕ ਅਜਿਹਾ ਹਥਿਆਰ ਹੈ ਜਿਸ ਵਿੱਚ ਯੂਰੇਨੀਅਮ ਵਰਗੇ ਰੇਡੀਓ ਐਕਟਿਵ ਪਦਾਰਥ ਹੁੰਦੇ ਹਨ, ਜੋ ਧਮਾਕੇ ਨਾਲ ਹਵਾ ਵਿੱਚ ਖਿੱਲਰ ਜਾਂਦੇ ਹਨ। ਇਨ੍ਹਾਂ ਹਥਿਆਰਾਂ ਦਾ ਮਕਸਦ ਸਿਰਫ਼ ਖ਼ਤਰਨਾਕ ਰੇਡੀਏਸ਼ਨ ਫੈਲਾਉਣਾ ਹੈ, ਇਸ ਲਈ ਇਨ੍ਹਾਂ ਨੂੰ ਐਟਮ ਬੰਬ ਵਰਗੀ ਜ਼ਿਆਦਾ ਸ਼ੁੱਧ ਰੇਡੀਓਐਕਟਿਵ ਸਮੱਗਰੀ ਦੀ ਲੋੜ ਨਹੀਂ ਪੈਂਦੀ। ਡਰਟੀ ਬੰਬ ਬਣਾਉਣਾ ਪਰਮਾਣੂ ਹਥਿਆਰਾਂ ਨਾਲੋਂ ਬਹੁਤ ਸਸਤਾ ਹੁੰਦਾ ਹੈ ਅਤੇ ਇਸ ਦਾ ਅਟੈਕ ਤੇਜ਼ ਹੁੰਦਾ ਹੈ।
ਇਸ ਖਬਰ ਤੋਂ ਸਪੱਸ਼ਟ ਹੈ ਕਿ ਰੂਸ ਯੂਕਰੇਨ ਦੀ ਜੰਗ ਤਿਖੀ ਹੁੰਦੀ ਜਾ ਰਹੀ ਹੈ।ਯੂਕਰੇਨ ਦੀ ਪਿਠ ਉਪਰ ਅਮਰੀਕਾ ਤੇ ਯੂਰਪੀਅਨ ਦੇਸ ਹਨ।ਇਸ ਕਾਰਣ ਰੂਸ ਚਿੜਿਆ ਹੋਇਆ ਹੈ। ਇਸ ਜੰਗ ਪਿਛੇ ਅਮਰੀਕਾ ਦਾ ਹਥ ਹੈ।ਹਥਿਆਰਾਂ ਦੀ ਮੰਡੀ ਇਹ ਜੰਗ ਦਾ ਕਾਰਣ ਹੈ।ਜੰਗ ਹੋਵੇਗੀ ਅਮਰੀਕਾ ਦੇ ਹਥਿਆਰ ਵਿਕਣਗੇ।ਪਰ ਸੁਪਰ ਤਾਕਤਾਂ ਨਹੀਂ ਜਾਣਦੀਆਂ ਕਿ ਪ੍ਰਮਾਣੂ ਯੁਧ ਛਿੜਿਆ ਤਾਂ ਦੁਨੀਆਂ ਤਬਾਹ ਹੋ ਜਾਵੇਗੀ।
ਰੂਸ ਅਮਰੀਕਾ ਦੀ ਨੀਤੀ ਤੋਂ ਤੰਗ ਆਕੇ ਪ੍ਰਮਾਣੂ ਸੰਧੀ ਵੀ ਤੋੜ ਸਕਦਾ ਹੈ।
ਅਮਰੀਕਾ ਅਤੇ ਰੂਸ ਕੋਲ ਦੁਨੀਆ ਦੇ ਪ੍ਰਮਾਣੂ ਹਥਿਆਰਾਂ ਦਾ 90% ਭੰਡਾਰ ਹੈ। ਸਾਲ 2010 ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਸ ਸਮੇਂ ਦੇ ਰੂਸੀ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਇੱਕ ਸੰਧੀ 'ਤੇ ਦਸਤਖਤ ਕੀਤੇ ਸਨ, ਜਿਸ ਦਾ ਨਾਂ ਨਿਊ ਸਟਾਰਟ ਸੰਧੀ ਹੈ।ਇਸ ਸੰਧੀ ਦੇ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਅਮਰੀਕਾ ਅਤੇ ਰੂਸ ਕਿੰਨੇ ਪਰਮਾਣੂ ਹਥਿਆਰ ਬਣਾਉਣ ਦੇ ਸਮਰੱਥ ਹੋਣਗੇ, ਤਾਂ ਜੋ ਇਹ ਸੰਖਿਆ ਕਾਬੂ ਵਿੱਚ ਰਹੇ। ਇਹ ਵੀ ਤੈਅ ਕੀਤਾ ਗਿਆ ਸੀ ਕਿ ਕਿੰਨੀਆਂ ਮਿਜ਼ਾਈਲਾਂ ਤਿਆਰ ਹਾਲਤ ਵਿੱਚ ਹੋਣਗੀਆਂ। ਇਹ ਸੰਧੀ 2026 ਵਿੱਚ ਖਤਮ ਹੋਣ ਵਾਲੀ ਹੈ। ਇਸ ਸੰਧੀ ਤਹਿਤ ਰੂਸ ਅਤੇ ਅਮਰੀਕਾ ਵੱਧ ਤੋਂ ਵੱਧ 1550 ਪਰਮਾਣੂ ਮਿਜ਼ਾਈਲਾਂ, 700 ਲੰਬੀ ਦੂਰੀ ਦੀਆਂ ਮਿਜ਼ਾਈਲਾਂ ਅਤੇ ਬੰਬਾਰਾਂ ਨੂੰ ਤਿਆਰ ਹਾਲਤ ਵਿੱਚ ਰੱਖ ਸਕਦੇ ਹਨ। ਦੋਵੇਂ ਦੇਸ਼ ਇਹ ਪਤਾ ਕਰਨ ਲਈ ਇੱਕ ਦੂਜੇ ਦੇ ਪ੍ਰਮਾਣੂ ਟਿਕਾਣਿਆਂ ਦਾ ਦੌਰਾ ਕਰ ਸਕਦੇ ਹਨ ਕਿ ਕੀ ਕੋਈ ਸੰਧੀ ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ । ਇੱਕ ਸਾਲ ਵਿੱਚ ਅਜਿਹੇ 18 ਦੌਰੇ ਹੋ ਸਕਦੇ ਹਨ। 2011 ਵਿੱਚ ਹਸਤਾਖਰ ਕੀਤੇ ਗਏ ਸੰਧੀ ਨੂੰ 2021 ਵਿੱਚ ਹੋਰ 5 ਸਾਲਾਂ ਲਈ ਵਧਾ ਦਿੱਤਾ ਗਿਆ ਸੀ। ਹੁਣ ਇਹ ਸੰਧੀ ਫਰਵਰੀ 2026 ਤੱਕ ਹੀ ਮਨਜੂਰ ਹੈ। ਮਾਰਚ 2020 ਵਿੱਚ ਕੋਵਿਡ ਮਹਾਂਮਾਰੀ ਦੇ ਕਾਰਨ, ਦੋਵਾਂ ਦੇਸ਼ਾਂ ਵਿਚਕਾਰ ਪ੍ਰਮਾਣੂ ਸਾਈਟ ਦੇ ਦੌਰੇ ਰੁਕ ਗਏ ਸਨ। ਅਮਰੀਕਾ ਅਤੇ ਰੂਸ ਨਵੰਬਰ 2022 ਵਿੱਚ ਸਾਈਟ ਵਿਜ਼ਿਟ ਮੁੜ ਸ਼ੁਰੂ ਕਰਨ ਲਈ ਮਿਸਰ ਵਿੱਚ ਮਿਲਣ ਲਈ ਸਹਿਮਤ ਹੋਏ ਸਨ। ਪਰ, ਰੂਸ ਨੇ ਇਸ ਬੈਠਕ ਨੂੰ ਯੂਕਰੇਨ ਵਿਚ ਅਮਰੀਕਾ ਦੀ ਦਖਲਅੰਦਾਜ਼ੀ ਕਾਰਣ ਮੁਲਤਵੀ ਕਰ ਦਿੱਤਾ ਅਤੇ ਉਦੋਂ ਤੋਂ ਰੂਸ ਲਗਾਤਾਰ ਟਾਲ ਰਿਹਾ ਹੈ।ਪਰ ਰੂਸ ਅਤੇ ਅਮਰੀਕਾ ਦੇ ਮੌਜੂਦਾ ਰੁਖ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਸੰਧੀ ਅੱਗੇ ਵਧੇਗੀ। ਖ਼ਾਸਕਰ, ਰੂਸ ਅਜਿਹਾ ਨਹੀਂ ਚਾਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਵਿਚ ਇਕ ਵਾਰ ਫਿਰ ਤੋਂ ਪ੍ਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਯੂਕਰੇਨ ਨਾਲ ਜੰਗ ਤੋਂ ਬਾਅਦ ਰੂਸ ਨੂੰ ਲੱਗਦਾ ਹੈ ਕਿ ਉਸ ਨੂੰ ਆਪਣੇ ਹਥਿਆਰਾਂ ਦੀ ਖੇਪ ਵਧਾਉਣ ਦੀ ਲੋੜ ਹੈ। ਇਹ ਨਵੀਂ ਸਟਾਰਟ ਸੰਧੀ ਦੁਆਰਾ ਅੜਿੱਕਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਅਮਰੀਕਾ ਇਸ ਜੰਗ ਵਿੱਚ ਖੁੱਲ੍ਹ ਕੇ ਯੂਕਰੇਨ ਦੇ ਨਾਲ ਹੈ ਅਤੇ ਉਸ ਨੂੰ ਹਥਿਆਰ ਵੀ ਦੇ ਰਿਹਾ ਹੈ। ਇਸ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਵਰੀ 2023 ਵਿੱਚ ਹੀ ਇਸ ਸੰਧੀ ਤੋਂ ਹਟਣ ਦਾ ਐਲਾਨ ਕੀਤਾ ਸੀ। ਹਾਲਾਂਕਿ ਪੁਤਿਨ ਦੇ ਇਸ ਬਿਆਨ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਸੀ ਕਿ ਸੰਧੀ ਦੇ ਮੁਤਾਬਕ ਰੂਸ ਜੰਗ ਲਈ ਤਿਆਰ ਪ੍ਰਮਾਣੂ ਮਿਜ਼ਾਈਲਾਂ ਅਤੇ ਹਥਿਆਰਾਂ ਦੀ ਗਿਣਤੀ 'ਤੇ ਪਾਬੰਦੀਆਂ ਦਾ ਪਾਲਣ ਕਰਦਾ ਰਹੇਗਾ।ਕੁਝ ਰਿਪੋਰਟਾਂ ਵਿੱਚ, ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਨਵੇਂ ਹਥਿਆਰ ਤਿਆਰ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀ ਇਹ ਵੀ ਤਿਆਰੀ ਕਰ ਰਹੇ ਹਨ ਕਿ ਜੇਕਰ ਸੰਧੀ ਅੱਗੇ ਨਹੀਂ ਵਧਦੀ ਤਾਂ ਉਹ ਤੁਰੰਤ ਨਵੇਂ ਹਥਿਆਰ ਤਿਆਰ ਕਰਨ ਦੀ ਲੋੜ ਹੈ ਤਾਂ ਜੋ ਰੂਸ 'ਤੇ ਦਬਾਅ ਬਣਾਇਆ ਜਾ ਸਕੇ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਨੇ ਕੁਝ ਪਰਮਾਣੂ ਹਥਿਆਰ ਬਣਾਏ ਹਨ ਜੋ ਉਪਗ੍ਰਹਿਆਂ ਨੂੰ ਨਸ਼ਟ ਕਰ ਸਕਦੇ ਹਨ, ਜਿਨ੍ਹਾਂ ਨੂੰ ਉਹ ਆਰਬਿਟ ਵਿੱਚ ਤਾਇਨਾਤ ਕਰਨ ਜਾ ਰਿਹਾ ਹੈ। ਦੂਜੇ ਪਾਸੇ ਰੂਸ ਨੇ ਇਸ ਸੰਧੀ ਨੂੰ ਖਤਮ ਕਰਨ ਦੀ ਖੁੱਲ੍ਹ ਕੇ ਚਿਤਾਵਨੀ ਦਿੱਤੀ ਹੈ। ਅਜਿਹੇ 'ਚ ਇਹ ਸੰਧੀ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋ ਗਈ ਹੈ ਅਤੇ ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਅੰਦਰੂਨੀ ਤੌਰ 'ਤੇ ਇਕ-ਦੂਜੇ ਖਿਲਾਫ ਤਿਆਰੀ ਕਰ ਰਹੇ ਹਨ।
ਦ ਇਕਨਾਮਿਸਟ ਦੇ ਮੁਤਾਬਕ,ਸੈਂਟਰ ਫਾਰ ਆਰਮਜ ਕੰਟਰੋਲ ਐਂਡ ਨਾਨ ਪਲੋਰੋਫਿਰੇਸ਼ਨ ਦੇ ਸੀਨੀਅਰ ਨੀਤੀ ਨਿਰਦੇਸ਼ਕ ਜੌਹਨ ਏਰੋਥ ਨੇ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਰੂਸ ਦਾ ਸੰਧੀ ਤੋਂ ਆਪਣੇ ਆਪ ਨੂੰ ਪਿੱਛੇ ਹਟਣ ਦਾ ਐਲਾਨ ਅਮਰੀਕਾ 'ਤੇ ਦਬਾਅ ਬਣਾਉਣ ਦੀ ਚਾਲ ਵੀ ਹੋ ਸਕਦਾ ਹੈ। ਬ੍ਰਿਟਿਸ਼ ਅਖਬਾਰ ਗਾਰਡੀਅਨ ਨਾਲ ਇੱਕ ਇੰਟਰਵਿਊ ਵਿੱਚ, ਸੰਯੁਕਤ ਰਾਸ਼ਟਰ ਦੇ 'ਇਨਸਟੀਚਿਊਟ ਫਾਰ ਡਿਸਆਰਮਾਮੈਂਟ ਰਿਸਰਚ' ਦੇ 'ਸੈਂਟਰ ਆਫ ਆਰਮਜ਼ ਕੰਟਰੋਲ ਐਂਡ ਸਟ੍ਰੈਟਜਿਕ ਵੈਪਨਸ ਪ੍ਰੋਗਰਾਮ' ਦੇ ਸੀਨੀਅਰ ਖੋਜਕਾਰ ਐਂਡਰੀ ਬਾਕਲਿਟਸਕੀ ਵੀ ਇਸੇ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਰੂਸ ਸੰਧੀ ਤੋਂ ਹੋਰ ਪਿੱਛੇ ਹਟ ਸਕਦਾ ਹੈ। ਇਹ ਤੈਅ ਹੈ ਕਿ ਉਹ ਅਮਰੀਕਾ ਪ੍ਰਤੀ ਸਖ਼ਤ ਰੁਖ਼ ਅਪਣਾਏਗਾ।
ਇਸ ਲਈ ਇਹ ਜ਼ਰੂਰੀ ਹੈ ਕਿ ਰੂਸ ਯੂਕਰੇਨ ਤੇ ਖਾਸ ਤੌਰ ’ਤੇ ਗਾਜ਼ਾ ਵਿੱਚ ਜੰਗ ਸਮੇਤ ਚੱਲ ਰਹੇ ਹੋਰ ਯੁੱਧ ਖਤਮ ਕਰਨ ਲਈ ਕੂਟਨੀਤਕ ਯਤਨ ਵਧਾਏ ਜਾਣ। ਕੁਝ ਅਫਰੀਕੀ ਦੇਸ਼ਾਂ ਵਿੱਚ ਝਗੜੇ ਸੁਲਝਾਉਣ ਅਤੇ ਦੱਖਣੀ ਏਸ਼ੀਆ ਵਿੱਚ ਗੱਲਬਾਤ ਦੀ ਲੋੜ ਹੈ। ਗੁਟ ਨਿਰਲੇਪ ਲਹਿਰ ਦੀ ਅਣਹੋਂਦ ਵਿੱਚ ਬ੍ਰਿਕਸ ਕੁਝ ਭੂਮਿਕਾ ਨਿਭਾ ਸਕਦਾ ਹੈ, ਭਾਵੇਂ ਇਹ ਨਾਟੋ ਦੀ ਪਸੰਦ ਨਾ ਹੋਵੇ।
ਹੁਣ ਸਮਾਂ ਆ ਗਿਆ ਹੈ ਕਿ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਦੀ ਮਨਾਹੀ ਦੀ ਸੰਧੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ ਲਈ ਕੌਮਾਂਤਰੀ ਪੱਧਰ ’ਤੇ ਪਹਿਲਕਦਮੀ ਕੀਤੀ ਜਾਵੇ। ਉਨ੍ਹਾਂ ਨੂੰ ਸਾਰੀ ਪਰਮਾਣੂ ਸੰਚਾਲਿਤ ਹਥਿਆਰ ਪ੍ਰਣਾਲੀ ਨੂੰ ਹਾਈ ਅਲਰਟ ਤੋਂ ਦੂਰ ਰੱਖਣ ਲਈ ਸਹਿਮਤ ਕਰਨਾ ਪਏਗਾ। ਇਸ ਬਾਰੇ ਕੂਟਨੀਤਕ ਪਹਿਲਕਦਮੀਆਂ ਦੀ ਘਾਟ ਘਾਤਕ ਹੋ ਸਕਦੀ ਹੈ ਤੇ ਹਜ਼ਾਰਾਂ ਸਾਲ ਦੀ ਮਿਹਨਤ ਨਾਲ ਉਸਾਰੀ ਆਧੁਨਿਕ ਮਨੁੱਖੀ ਸਭਿਅਤਾ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ।ਇਸ ਸੰਬੰਧ ਵਿਚ ਸਿਖ ਧਰਮ ਵਾਲਿਆਂ ਨੂੰ ਵਿਸ਼ਵ ਪੱਧਰ ਉਪਰ ਹੋਰਨਾਂ ਧਰਮਾਂ ਨਾਲ ਮਿਲਕੇ ਵਿਸ਼ਵ ਸ਼ਾਂਤੀ ਦੀ ਮੁਹਿੰਮ ਚਲਾਉਣ ਦੀ ਲੋੜ ਹੈ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
9815700916
Comments (0)