ਪਾਕਿਸਤਾਨ ’ਚ ਜਬਰੀ ਧਰਮ ਬਦਲੀ ਤੇ ਨਿਕਾਹ ਦਾ ਸ਼ਿਕਾਰ ਬਣੀ ਸਿੱਖ ਕੁੜੀ ਦੀਨਾ ਕੌਰ ਦਾ ਮਾਮਲਾ ਦਿੱਲੀ ਕਮੇਟੀ ਨੇ ਪਾਕ ਹਾਈ ਕਮਿਸ਼ਨ ਕੋਲ ਚੁੱਕਿਆ

ਪਾਕਿਸਤਾਨ ’ਚ ਜਬਰੀ ਧਰਮ ਬਦਲੀ ਤੇ ਨਿਕਾਹ ਦਾ ਸ਼ਿਕਾਰ ਬਣੀ ਸਿੱਖ ਕੁੜੀ ਦੀਨਾ ਕੌਰ ਦਾ ਮਾਮਲਾ ਦਿੱਲੀ ਕਮੇਟੀ ਨੇ ਪਾਕ ਹਾਈ ਕਮਿਸ਼ਨ ਕੋਲ ਚੁੱਕਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 29 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਵਫ਼ਦ ਵੱਲੋਂ ਅੱਜ ਇਥੇ ਪਾਕਿਸਤਾਨ ਹਾਈ ਕਮਿਸ਼ਨ ਦੇ ਰਾਜਨੀਤਕ ਸਲਾਹਕਾਰ ਸ੍ਰੀ ਏਜਾਜ ਖਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮੁਲਕ ’ਚ ਵੱਸਦੇ ਘੱਟ ਗਿਣਤੀ ਭਾਈਚਾਰੇ ਦੇ ਸਿੱਖ-ਹਿੰਦੂ ਪਰਿਵਾਰ ਦੀਆਂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਬਦਲੀ ਕਰਕੇ ਨਿਕਾਹ ਕਰਨ ਅਤੇ ਘੱਟ-ਗਿਣਤੀਆਂ ਦੇ ਪਰਿਵਾਰਾਂ ਨੂੰ ਨਿੱਤ ਪੇਸ਼ ਆ ਰਹੀਆਂ ਦਿੱਕਤਾਂ ਸੰਬੰਧੀ ਇਤਰਾਜ਼ ਪ੍ਰਗਟ ਕਰਦੇ ਹੋਏ ਇਕ ਮੰਗ-ਪੱਤਰ ਸੌਂਪਿਆ ਗਿਆ । ਭਾਰਤ ’ਚ ਵੱਸਦੇ ਦੀਨਾ ਕੌਰ ਦੇ ਕੁਝ ਪਰਿਵਾਰਕ ਜੀਆਂ ਵੱਲੋਂ ਡੀਐਸਜੀਐਮਸੀ ਨਾਲ ਮੁਲਾਕਾਤ ਕਰਕੇ ਇਸ ਮਾਮਲੇ ’ਚ ਮਦਦ ਦੀ ਮੰਗ ਕੀਤੀ ਗਈ ਹੈ ।

ਦਿੱਲੀ ਦੇ ਚਾਣਕਿਆ ਪੁਰੀ ’ਚ ਸਥਿਤ ਪਾਕਿ ਹਾਈ ਕਮਿਸ਼ਨ ਦੇ ਦਫਤਰ ਵਿਖੇ ਸ੍ਰੀ ਏਜਾਜ ਖਾਨ ਨੂੰ ਮੰਗ-ਪੱਤਰ ਸੌਂਪਣ ਤੋਂ ਬਾਅਦ ਸ. ਹਰਮੀਤ ਸਿੰਘ ਕਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਮੁਲਾਕਾਤ ’ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ਦੇ ਪੀਰ ਬਾਬਾ ਟਾਊਨ ਵਿਖੇ 25 ਸਾਲਾ ਸਿੱਖ ਕੁੜੀ ਦੀਨਾ ਕੌਰ ਨੂੰ ਇਕ ਮੁਸਲਿਮ ਰਿਕਸ਼ਾ ਚਾਲਕ ਦੁਆਰਾ ਅਗਵਾ ਕਰਕੇ ਜਬਰੀ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਦੀ ਅਤਿ-ਮੰਦਭਾਗੀ ਘਟਨਾ ਵਾਪਰੀ ਹੈ । ਦੀਨਾ ਕੌਰ ਜੋ ਕਿ ਪਾਕਿ ’ਚ ਬਤੌਰ ਅਧਿਆਪਿਕਾ ਕੰਮ ਕਰਕੇ ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਦੀ ਜ਼ੁੰਮੇਵਾਰੀ ਨਿਭਾ ਰਹੀ ਸੀ ਉਸ ਨੂੰ ਧੱਕੇ ਨਾਲ ਅਗਵਾ ਕਰਕੇ ਉਸ ਦਾ ਧਰਮ ਬਦਲੀ ਕੀਤਾ ਗਿਆ ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ।

ਸ. ਕਾਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ’ਚ ਮੁਲਜ਼ਮ ਨੂੰ ਉਥੋਂ ਦੇ ਪੁਲਿਸ-ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਤਾਂ ਕੀਤਾ ਗਿਆ ਹੈ ਪਰੰਤੂ ਕਿਤੇ ਨਾ ਕਿਤੇ ਇਸ ਮਾਮਲੇ ’ਚ ਲਗਾਤਾਰ ਢਿੱਲ ਵੀ ਵਰਤੀ ਜਾ ਰਹੀ ਹੈ ਜਿਸ ਦਾ ਸਿੱਧਾ ਮਕਸਦ ਮੁਲਜ਼ਮ ਨੂੰ ਕਾਨੂੰਨੀ ਚਾਰਾਜੋਈ ਦੌਰਾਨ ਉਸ ਦੇ ਹੱਕ ’ਚ ਫੈਸਲਾ ਭੁਗਤਾਉਣ ਦੀ ਸੋਚ ਹੋ ਸਕਦਾ ਹੈ । ਜੇਕਰ ਇਸ ਮਾਮਲੇ ’ਚ ਸਖ਼ਤ ਕਾਰਵਾਈ ਨਾ ਕੀਤੀ ਗਈ ਅਤੇ ਪਾਕਿਸਤਾਨ ’ਚ ਵੱਸਦੇ ਸਿੱਖ-ਹਿੰਦੂ ਪਰਿਵਾਰਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਨਹੀਂ ਕਰਵਾਇਆ ਗਿਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਤਕ ਪਹੰੁਚ ਕੀਤੀ ਜਾਵੇਗੀ । ਪਾਕਿਸਤਾਨ ’ਚ ਇਸ ਤੋਂ ਪਹਿਲਾਂ ਵੀ ਹਿੰਦੂ-ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਕਹੇ ਤਸ਼ੱਦਦ ਦੇ ਕੇ ਉਨ੍ਹਾਂ ਦਾ ਧਰਮ ਬਦਲੀ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ ਹਨ ਪਰੰਤੂ ਪਾਕਿਸਤਾਨ ਸਰਕਾਰ ਗੂੰਗੀ-ਬੋਲੀ ਬਣ ਕੇ ਤਮਾਸ਼ਾ ਵੇਖਦੀ ਰਹੀ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਪਾਕਿਸਤਾਨ ’ਚ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬੁੱਤ ਢਾਹੇ ਜਾਣ ’ਤੇ ਵੀ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਾਕਿ ਸਰਕਾਰ ਵੱਲੋਂ ਦੁਨੀਆਂ ਭਰ ’ਚ ਢਿੰਢੋਰਾ ਪਿੱਟਿਆ ਜਾਂਦਾ ਹੈ ਕਿ ਉਸ ਦੇ ਮੁਲਕ ’ਚ ਘੱਟ-ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਪਾਕਿ ’ਚ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨ ਅਤੇ ਉਨ੍ਹਾਂ ਦੇ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ, ਜੋ ਕਿ ਨਿਰਾ ਝੂਠ ਹੈ । ਉਨ੍ਹਾਂ ਕਿਹਾ ਪਾਕਿ ’ਚ ਵੱਸਦੇ ਘੱਟ ਗਿਣਤੀ ਭਾਈਚਾਰੇ ਦੇ ਸਿੱਖਾਂ-ਹਿੰਦੂਆਂ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਅਤੇ ਉਹ ਲਗਾਤਾਰ ਖਤਰੇ ’ਚ ਜੀਵਨ ਬਤੀਤ ਕਰ ਰਹੇ ਹਨ ।

ਦਿੱਲੀ ਕਮੇਟੀ ਦੇ ਵਫ਼ਦ ’ਚ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ, ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਦਿੱਲੀ ਕਮੇਟੀ ਮੈਂਬਰ ਐਮ.ਪੀ.ਐਸ. ਚੱਢਾ, ਸ. ਵਿਕਰਮ ਸਿੰਘ ਰੋਹਿਣੀ, ਸ. ਗੁਰਦੇਵ ਸਿੰਘ ਅਤੇ ਸ. ਗੁਰਮੀਤ ਸਿੰਘ ਭਾਟੀਆ ਆਦਿ ਸ਼ਾਮਿਲ ਸਨ ।