ਅਮਰੀਕਾ ਦੀ ਟੈਨੇਸੀ ਸਟੇਟ ਯੁਨੀਵਰਸਿਟੀ ਨੇੜੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਤੇ 9 ਹੋਰ ਜ਼ਖਮੀ, 6 ਦੀ ਹਾਲਤ ਗੰਭੀਰ

ਅਮਰੀਕਾ ਦੀ ਟੈਨੇਸੀ ਸਟੇਟ ਯੁਨੀਵਰਸਿਟੀ ਨੇੜੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਤੇ 9 ਹੋਰ ਜ਼ਖਮੀ, 6 ਦੀ ਹਾਲਤ ਗੰਭੀਰ
ਕੈਪਸ਼ਨ ਨੈਸ਼ਵਿਲੇ ਵਿਖੇ ਹੋਈ ਗੋਲੀਬਾਰੀ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨੈਸ਼ਵਿਲੇ ਸ਼ਹਿਰ ਵਿਚ ਟੈਨੇਸੀ ਸਟੇਟ ਯੁਨੀਵਰਸਿਟੀ  ਨੇੜੇ ਗੋਲੀਬਾਰੀ ਹੋਣ ਦੀ ਖਬਰ ਹੈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 9 ਹੋਰ ਜ਼ਖਮੀ ਹੋ ਗਏ। ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਜ਼ਖਮੀਆਂ ਵਿਚੋਂ ਘੱਟੋ ਘੱਟ ਇਕ ਵਿਅਕਤੀ ਗੋਲੀਬਾਰੀ ਵਿਚ ਸ਼ਾਮਿਲ ਹੈ। ਨੈਸ਼ਵਿਲੇ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਇਕ ਗਲੀ ਦੇ ਨਾਲ ਹੋਈ ਜਿਥੇ ਟੈਨੇਸੀ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀਆਂ ਦੀ ਘਰ ਵਾਪਿਸ ਪਰੇਡ ਹੋ ਰਹੀ ਸੀ। ਮੈਟਰੋਪੋਲੀਟਨ ਨੈਸ਼ਵਿਲੇ ਪੁਲਿਸ ਵਿਭਾਗ ਦੇ ਬੁਲਾਰੇ ਡਾਨ ਆਰੋਨ ਨੇ ਕਿਹਾ ਹੈ ਕਿ ਗੋਲੀਬਾਰੀ ਵਿਚ ਕਿਸੇ ਗਿਰੋਹ ਦੇ ਸ਼ਾਮਿਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਤੇ ਇਹ ਗੋਲੀਬਾਰੀ ਦੇ ਧੜਿਆਂ ਵਿਚਾਲੇ ਹੋਈ ਹੈ ਜਦ ਕਿ  ਆਸ ਪਾਸ ਕਾਫੀ ਲੋਕ ਖੜੇ ਸਨ। ਬੁਲਾਰੇ ਅਨੁਸਾਰ ਮਾਰਿਆ ਗਿਆ ਵਿਅਕਤੀ 24 ਸਾਲ ਦਾ ਹੈ ਜਿਸ ਦੀ ਅਜੇ ਪਛਾਣ ਨਹੀਂ ਹੋਈ।  ਜ਼ਖਮੀਆਂ ਵਿਚ  3 ਬੱਚੇ ਸ਼ਾਮਿਲ ਹਨ ਜਿਨਾਂ ਨੂੰ ਸਥਾਨਕ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ ਹੈ। ਇਨਾਂ ਵਿਚ ਇਕ 12 ਸਾਲ  ਤੇ ਦੋ 14-14 ਸਾਲ ਦੀਆਂ ਲੜਕੀਆਂ ਹਨ। ਇਨਾਂ ਦੀ ਹਾਲਤ ਸਥਿੱਰ ਹੈ ਤੇ ਜ਼ਖਮ ਜਾਨ ਲੇਵਾ ਨਹੀਂ ਹਨ ਜਦ ਕਿ ਦੂਸਰੇ ਪੀੜਤ ਜਿਨਾਂ ਦੀ ਉਮਰ  23 ਸਾਲ ਤੋਂ ਲੈ ਕੇ 55 ਸਾਲ  ਦਰਮਿਆਨ ਹੈ, ਦੀ ਹਾਲਤ ਗੰਭੀਰ ਹੈ। ਨੈਸ਼ਵਿਲੇ ਪੁਲਿਸ ਕਮਾਂਡਰ ਐਨਥਨੀ ਮੈਕਲੇਨ ਅਨੁਸਾਰ ਜਾਂਚਕਾਰਾਂ ਨੂੰ ਤੁਰੰਤ ਇਹ ਪਤਾ ਨਹੀਂ ਲਗ ਸਕਿਆ ਕਿ ਜ਼ਖਮੀਆਂ ਵਿਚ ਯੁਨੀਵਰਸਿਟੀ ਦਾ ਕੋਈ ਵਿਦਿਆਰਥੀ ਵੀ ਸ਼ਾਮਲ ਹੈ ਜਾਂ ਨਹੀਂ। ਪੁਲਿਸ ਅਨੁਸਾਰ ਮਾਮਲਾ ਅਜੇ ਜਾਂਚ ਅਧੀਨ ਹੈ।