ਤਾਲਿਬਾਨ ਨੇ ਅਮਰੀਕਾ ਨੂੰ ਸੰਧੀ ਤੋੜਨ ਦੀ ਧਮਕੀ ਦਿੱਤੀ

ਤਾਲਿਬਾਨ ਨੇ ਅਮਰੀਕਾ ਨੂੰ ਸੰਧੀ ਤੋੜਨ ਦੀ ਧਮਕੀ ਦਿੱਤੀ

ਤਾਲਿਬਾਨ ਅਤੇ ਅਮਰੀਕਾ ਦਰਮਿਆਨ ਹੋਈ ਜੰਗਬੰਦੀ ਦੀ ਸੰਧੀ ਬਾਰੇ ਅੱਜ ਬਿਆਨ ਜਾਰੀ ਕਰਦਿਆਂ ਤਾਲਿਬਾਨ ਨੇ ਅਮਰੀਕਾ 'ਤੇ ਸੰਧੀ ਦੀਆਂ ਸ਼ਰਤਾਂ ਲਾਗੂ ਨਾ ਕਰਨ ਦਾ ਦੋਸ਼ ਲਾਉਂਦਿਆਂ ਧਮਕੀ ਦਿੱਤੀ ਹੈ ਕਿ ਜੇ ਸ਼ਰਤਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਧੀ ਕਿਸੇ ਵੀ ਸਮੇਂ ਟੁੱਟ ਸਕਦੀ ਹੈ। ਬਿਆਨ ਵਿਚ ਤਾਲਿਬਾਨ ਨੇ ਦੋਸ਼ ਲਾਇਆ ਹੈ ਕਿ ਆਮ ਨਾਗਰਿਕ ਇਲਾਕਿਆਂ ਵਿਚ ਡਰੋਨ ਨਾਲ ਹਮਲੇ ਕੀਤੇ ਜਾ ਰਹੇ ਹਨ ਅਤੇ ਸੰਧੀ ਦੀ ਸ਼ਰਤ ਮੁਤਾਬਕ ਅਫਗਾਨ ਸਰਕਾਰ 5,000 ਤਾਲਿਬਾਨੀ ਲੜਾਕਿਆਂ ਨੂੰ ਰਿਹਾਅ ਕਰਨ ਵਿਚ ਆਨਾ ਕਾਨੀ ਕਰ ਰਹੀ ਹੈ।

ਤਾਲਿਬਾਨ ਨੇ ਧਮਕੀ ਭਰੇ ਸ਼ਬਦਾਂ 'ਚ ਕਿਹਾ ਹੈ ਕਿ ਸੰਧੀ ਮੁਤਾਬਕ ਤਾਲਿਬਾਨੀ ਲੜਾਕਿਆਂ ਵੱਲੋਂ ਅਫਗਾਨੀ ਫੌਜ ਖਿਲਾਫ ਸ਼ਹਿਰਾਂ ਅਤੇ ਫੌਜੀ ਕੈਂਪਾਂ 'ਤੇ ਹਮਲੇ ਬੰਦ ਕਰਕੇ ਸਿਰਫ ਪੇਂਡੂ ਖੇਤਰਾਂ ਤਕ ਹਮਲੇ ਸੀਮਤ ਕੀਤੇ ਗਏ ਹਨ ਪਰ ਜੇ ਇਹ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਹਮਲੇ ਫੇਰ ਤੇਜ ਹੋ ਸਕਦੇ ਹਨ।

ਬਿਆਨ ਵਿਚ ਕਿਹਾ ਗਿਆ, "ਅਸੀਂ ਅਮਰੀਕਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸੰਧੀ ਦੀਆਂ ਸ਼ਰਤਾਂ 'ਤੇ ਕਾਇਮ ਰਹਿਣ ਤੇ ਉਹਨਾਂ ਨੂੰ ਪੂਰਾ ਕਰਨ ਲਈ ਆਪਣੇ ਸਹਿਯੋਗੀਆਂ ਨੂੰ ਕਹਿਣ।"

ਜਦਕਿ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਨੇ ਤਾਲਿਬਾਨ ਦੇ ਡਰੋਨ ਹਮਲਿਆਂ ਵਾਲੇ ਦੋਸ਼ਾਂ ਨੂੰ ਨਕਾਰਿਆ ਹੈ। ਅਮਰੀਕੀ ਫੌਜ ਦੇ ਬੁਲਾਰੇ ਕਰਨਲ ਸੋਨੀ ਲੈਗੇਟ ਨੇ ਟਵੀਟ ਕੀਤਾ ਕਿ ਸੰਧੀ ਮੁਤਾਬਕ ਜੇ ਅਫਗਾਨ ਨੈਸ਼ਨਲ ਡਿਫੈਂਸ ਅਤੇ ਸੁਰੱਖਿਆ ਫੋਰਸਾਂ 'ਤੇ ਹਮਲਾ ਹੁੰਦਾ ਹੈ ਤਾਂ ਅਸੀਂ ਉਹਨਾਂ ਦੀ ਰਾਖੀ ਕਰਨ ਲਈ ਪਾਬੰਦ ਹਾਂ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਅਮਰੀਕੀ ਦੀ ਮਦਦ ਵਾਲੀ ਸਰਕਾਰ ਬਣਾਉਣ ਲਈ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਹਨਾਂ ਦੇ ਵਿਰੋਧੀ ਅਬਦੁੱਲ੍ਹਾ ਅਬਦੁੱਲ੍ਹਾ ਦਰਮਿਆਨ ਜੱਦੋਜਹਿਦ ਚੱਲ ਰਹੀ ਹੈ। ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਇਹ ਸਮਝੌਤਾ ਕਰਾਉਣ ਲਈ ਖਾਸ ਅਮਰੀਕਾ ਤੋਂ ਚੱਲ ਕੇ ਅਫਗਾਨਿਸਤਾਨ ਗਏ ਸਨ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਇਸ ਲਈ ਅਮਰੀਕਾ ਤਾਲਿਬਾਨ ਸੰਧੀ ਦੇ ਅਗਲੇ ਪੜਾਅ ਲਈ ਅਫਗਾਨਿਸਤਾਨ ਸਰਕਾਰ ਦੀ ਤਾਲਿਬਾਨ ਨਾਲ ਗੱਲਬਾਤ ਦਾ ਮੂੰਹ ਮੁਹਾਂਦਰਾ ਨਹੀਂ ਬਣ ਰਿਹਾ ਤੇ ਸੰਧੀ ਵਿਚਾਲੇ ਲਟਕੀ ਹੋਈ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।