ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼

ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼

ਚੰਡੀਗੜ੍ਹ: ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਂਦੇ ਦਿਨਾਂ ਅੰਦਰ ਇਹ ਵਾਧਾ ਹੋਰ ਤੇਜ਼ੀ ਫੜ੍ਹ ਸਕਦਾ ਹੈ। ਇਸ ਦੌਰਾਨ ਜਿੱਥੇ ਸਰਕਾਰਾਂ ਵੱਲੋਂ ਕੋਰੋਨਾਵਾਇਰਸ ਮਰੀਜ਼ਾਂ ਨੂੰ ਭਾਲ ਕੇ ਆਈਸੋਲੇਟ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਇਸ ਮੁਹਿੰਮ ਦੇ ਤਰੀਕੇ ਅਤੇ ਹਸਪਤਾਲਾਂ ਦੀ ਤਿਆਰੀ ਤੇ ਮਰੀਜ਼ਾਂ ਨਾਲ ਵਿਹਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾ ਸਵਾਲ ਭਾਰਤ ਦੀ ਕੋਰੋਨਾ ਟੈਸਟ ਕਰਨ ਦੀ ਦਰ 'ਤੇ ਖੜ੍ਹਾ ਹੋ ਰਿਹਾ ਹੈ ਜਿਸ ਨੂੰ ਇਸ ਮਹਾਂਮਾਰੀ ਨੂੰ ਰੋਕਣ ਦੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਪਰ ਭਾਰਤ ਦੀ ਟੈਸਟ ਕਰਨ ਦੀ ਦਰ ਦੁਨੀਆ ਦੇ ਹੋਰ ਬਹੁਤ ਮੁਲਕਾਂ ਨਾਲੋਂ ਬਹੁਤ ਘੱਟ ਹੈ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵੱਲੋਂ ਅੱਜ 6 ਅਪ੍ਰੈਲ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ 5 ਅਪ੍ਰੈਲ ਤਕ ਕੁੱਲ 89,534 ਸੈਂਪਲ ਟੈਸਟ ਕੀਤੇ ਗਏ ਹਨ ਜਿਹਨਾਂ ਮੁਤਾਬਕ ਭਾਰਤ ਵਿਚ 3554 ਲੋਕਾਂ ਵਿਚ ਕੋਰੋਨਾਵਾਇਰਸ ਪਾਇਆ ਗਿਆ ਹੈ। 

ਫਰਵਰੀ ਮਹੀਨੇ ਤੋਂ ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਕੋਰੋਨਾ ਦੇ ਸ਼ੱਕੀ ਜਾਂ ਪੀੜਤ ਲੋਕਾਂ ਨੇ ਹਸਪਤਾਲ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕੁੱਝ ਮੌਤਾਂ ਵੀ ਹੋਈਆਂ। ਪੰਜਾਬ ਵਿਚ ਵੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਆਪਣੇ ਪਰਿਵਾਰ ਨਾਲ ਮੌਤ ਤੋਂ ਪਹਿਲਾਂ ਕੀਤੀ ਆਖਰੀ ਫੋਨ ਕਾਲ ਨੇ ਸਪਸ਼ਟ ਕੀਤਾ ਸੀ ਕਿ ਹਸਪਤਾਲਾਂ ਵਿਚ ਮਰੀਜ਼ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਰਹੇ ਹਨ। ਉਹ ਵੀ ਆਪਣੀ ਗੱਲ ਬਾਤ ਵਿਚ ਖੁਦਕੁਸ਼ੀ ਕਰਨ ਦੀ ਗੱਲ ਕਰਦੇ ਸੁਣੇ ਗਏ।

18 ਮਾਰਚ ਨੂੰ ਅਸਟ੍ਰੇਲੀਆ ਤੋਂ ਦਿੱਲੀ ਪਹੁੰਚੇ ਪੰਜਾਬ ਦੇ ਇਕ ਨੌਜਵਾਨ ਨੂੰ ਜਦੋਂ ਕੋਰੋਨਾਵਾਇਰਸ ਦੇ ਸ਼ੱਕ ਦੇ ਚਲਦਿਆਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ ਤਾਂ ਉਸਨੇ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। 

ਅੱਜ ਹਰਿਆਣਾ ਦੇ ਕਰਨਾਲ ਵਿਚ ਸਥਿਤੀ ਕੇਸੀਜੀਐਮਸੀ ਹਸਪਤਾਲ ਵਿਚ ਦਾਖਲ ਇਕ 55 ਸਾਲਾ ਵਿਅਕਤੀ ਸ਼ਿਵ ਚਰਨ ਦੀ ਕੋਰੋਨਾ ਆਈਸੋਲੇਸ਼ਨ ਵਾਰਡ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਮੌਤ ਹੋ ਗਈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਵਿਅਕਤੀ ਦੀ ਕੋਰੋਨਾਵਾਇਰਸ ਰਿਪੋਰਟ ਬੀਤੇ ਕੱਲ੍ਹ ਨੈਗੇਟਿਵ ਆ ਗਈ ਸੀ। ਇਸ ਨੂੰ ਸ਼ੱਕ ਦੇ ਅਧਾਰ 'ਤੇ 1 ਅਪ੍ਰੈਲ ਤੋਂ ਇੱਥੇ ਦਾਖਲ ਕੀਤਾ ਗਿਆ ਸੀ। ਉਹ ਹਸਪਤਾਲ ਦੀ ਛੇਵੀਂ ਮੰਜ਼ਿਲ 'ਤੇ ਦਾਖਲ ਸੀ, ਜਿੱਥੋਂ ਉਸਨੇ ਬਿਸਤਰੇ ਦੀਆਂ ਚਾਦਰਾਂ ਦੀ ਰੱਸੀ ਬਣਾ ਕੇ ਹੇਠ ਉਤਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਡਿਗਣ ਨਾਲ ਉਸਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਕਈ ਹੋਰ ਅਜਿਹੇ ਖੁਦਕੁਸ਼ੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂ ਵਿਚ ਖੁਦਕੁਸ਼ੀ ਕਰਨ ਵਾਲੇ ਲੋਕਾਂ ਨੂੰ ਜਾਂ ਕੋਰੋਨਾਵਾਇਰਸ ਹੋਣ ਦਾ ਸ਼ੱਕ ਹੋ ਰਿਹਾ ਸੀ ਜਾਂ ਉਹਨਾਂ ਦਾ ਨਾਂ ਕੋਰੋਨਾਵਾਇਰਸ ਨਾਲ ਜੋੜਿਆ ਜਾ ਰਿਹਾ ਸੀ। 

ਮਾਨਸਿਕ ਰੋਗਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਪ੍ਰਤੀ ਅਪਣਾਈ ਜਾ ਰਹੀ ਛੂਤ ਅਤੇ ਸਮਾਜਿਕ ਸ਼ਰਮ ਵਰਗੀ ਪਹੁੰਚ ਇਸ ਬਿਮਾਰੀ ਨਾਲ ਲੜਨ ਖਿਲਾਫ ਵੱਡੀ ਔਕੜ ਬਣ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਨੂੰ ਮਰੀਜ਼ਾਂ ਦੀ ਥਾਂ ਦੋਸ਼ੀਆਂ ਵਾਂਗ ਦੇਖਿਆ ਜਾਣ ਲੱਗਾ ਹੈ ਜਿਸ ਨਾਲ ਲੋਕਾਂ ਵਿਚ ਇਸ ਬਿਮਾਰੀ ਨੂੰ ਲੁਕਾਉਣ ਦੀ ਪ੍ਰਵਿਰਤੀ ਜ਼ੋਰ ਫੜ੍ਹ ਸਕਦੀ ਹੈ ਜੋ ਬਹੁਤ ਖਤਰਨਾਕ ਹੋ ਸਕਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਮਹਾਂਮਾਰੀ ਬਾਰੇ ਲੋਕਾਂ ਦਾ ਸਹੀ ਨਜ਼ਰੀਆ ਬਣਾਉਣ ਵਿਚ ਨਾਕਾਮ ਹੋ ਰਹੀ ਹੈ ਜੋ ਬਹੁਤ ਖਤਰਨਾਕ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।