ਭਾਰਤੀ ਸੰਗੀਤ ਦਾ ਪ੍ਰਸਿੱਧ ਤੇ ਪ੍ਰਮੁੱਖ ਸਾਜ਼ 'ਤਬਲਾ'

ਭਾਰਤੀ ਸੰਗੀਤ ਦਾ ਪ੍ਰਸਿੱਧ ਤੇ ਪ੍ਰਮੁੱਖ ਸਾਜ਼ 'ਤਬਲਾ'

ਆਧੁਨਿਕ ਯੁੱਗ ਵਿਚੋਂਚ ਭਾਰਤੀ ਸ਼ਾਸਤਰੀ ਸੰਗੀਤ ਦਾ ਪ੍ਰਮੁੱਖ ਤੇ ਸਿਰਮੌਰ ਅਵਨਧ ਸਾਜ਼ ਜੇਕਰ ਤਬਲੇ ਨੂੰ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ।

ਫ਼ਾਰਸੀ ਭਾਸ਼ਾ 'ਚ ਅਵਨਧ ਸਾਜ਼ਾਂ (ਚਮੜੇ ਨਾਲ ਮੜ੍ਹੇ ਤਾਲ ਸਾਜ਼) ਲਈ 'ਤਬਲ' ਸ਼ਬਦ ਵਰਤਿਆ ਜਾਂਦਾ ਹੈ। ਤਬਲ ਦੇ ਅੰਤਰਗਤ ਮ੍ਰਿਦੰਗ, ਪਖਾਵਜ, ਢੋਲਕ, ਗੁਰਜ ਆਦਿ ਸਾਜ਼ ਆ ਜਾਂਦੇ ਹਨ। ਅਰਬ ਦੇਸ਼ਾਂ 'ਚ ਵੀ ਦੁਦੰਭੀ (ਪ੍ਰਾਚੀਨ ਚਮੜੇ ਨਾਲ ਮੜਿਆ ਸਾਜ਼) ਦੇ ਸਮਾਨ ਰੂਪ ਵਾਲੇ ਸਾਜ਼ ਨੂੰ ਤਬਲ ਕਿਹਾ ਜਾਂਦਾ ਹੈ। ਤਬਲਾ ਸਾਜ਼ ਦਾ ਉਲੇਖ ਪ੍ਰਾਚੀਨ ਗ੍ਰੰਥਾਂ 'ਚ ਨਹੀਂ ਮਿਲਦਾ। ਕੁਝ ਵਿਦਵਾਨ ਤਬਲੇ ਦਾ ਜਨਮਦਾਤਾ ਅਲਾਉਦੀਨ ਖਿਲਜੀ ਦੇ ਦਰਬਾਰੀ ਸੰਗੀਤਕਾਰ ਅਮੀਰ ਖੁਸਰੋ ਨੂੰ ਮੰਨਦੇ ਹਨ। ਕੁਝ ਵਿਦਵਾਨ ਤਬਲੇ ਦਾ ਵਿਕਾਸ ਮ੍ਰਿਦੰਗ ਸਾਜ਼ ਦੇ ਆਧਾਰ 'ਤੇ ਹੋਇਆ ਮੰਨਦੇ ਹਨ। ਇਕ ਹੋਰ ਮੱਤ ਅਨੁਸਾਰ ਮ੍ਰਿਦੰਗ ਨੂੰ ਵਿਚਾਰੋਂ ਕੱਟ ਕੇ ਇਸ ਦੇ ਦੋਵਾਂ ਸਿਰਿਆਂ ਨੂੰ ਖੜ੍ਹਾ ਕਰਕੇ ਵਜਾਉਣ ਨਾਲ ਜੋੜੀ ਸਾਜ਼ ਹੋਂਦ 'ਚ ਆਇਆ। ਜੋੜੀ ਸਾਜ਼ ਦੇ ਬਾਏਂ (ਖੱਬੇ ਪਾਸੇ ਵਾਲਾ ਧਾਮਾ) ਉੱਤੇ ਗਿੱਲਾ ਆਟਾ ਲਗਾ ਕੇ ਵਜਾਇਆ ਜਾਂਦਾ ਸੀ, ਬਾਅਦ 'ਚ ਉਸਤਾਦ ਸਿਧਾਰ ਖਾਂ ਨੇ ਸੱਜੇ ਪਾਸੇ ਵਾਲੇ ਚੱਟੂ ਦੀ ਤਰ੍ਹਾਂ ਹੀ ਧਾਮੇ ਉੱਤੇ ਸਿਆਹੀ ਲਗਾ ਦਿੱਤੀ, ਜਿਸ ਨਾਲ ਤਬਲੇ 'ਤੇ ਢੋਲਕ ਦੇ ਸਾਰੇ ਬੋਲ ਨਿਕਲਣ ਲੱਗੇ। ਇਸ ਤਬਦੀਲੀ ਨਾਲ ਇਸ ਸਾਜ਼ ਦੀ ਮਕਬੂਲੀਅਤ ਵਧ ਗਈ। ਅਸਲ ਵਿਚ ਮ੍ਰਿਦੰਗ ਪਖਾਵਜ ਦੀ ਪ੍ਰਕਿਰਤੀ ਗੰਭੀਰ ਹੋਰ ਕਾਰਨ ਇਸ ਦਾ ਪ੍ਰਯੋਗ ਧਰੁਪਦ ਧਮਾਰ ਗੰਭੀਰ ਪ੍ਰਕਿਰਤੀ ਵਾਲੀਆਂ ਗਾਇਨ ਸ਼ੈਲੀਆਂ 'ਚ ਹੁੰਦਾ ਸੀ ਪ੍ਰੰਤੂ ਖਿਆਲ ਗਾਇਨ ਸ਼ੈਲੀ ਦਾ ਪ੍ਰਚਾਰ ਵਧਣ ਨਾਲ ਇਸ ਨਾਲ ਸੰਗਤ ਲਈ ਤਬਲੇ ਦਾ ਪ੍ਰਚਲਣ ਵੱਧ ਗਿਆ। ਸ਼ਾਸਤਰੀ ਸੰਗੀਤ ਤੋਂ ਇਲਾਵਾ ਅਰਧ ਸ਼ਾਸਤਰੀ ਗਾਇਨ ਸ਼ੈਲੀਆਂ ਟੱਪਾ, ਠੁਮਰੀ, ਦਾਦਰਾ ਨਾਲ ਤਬਲੇ ਦੀ ਸੰਗਤ ਕੀਤੀ ਜਾਂਦੀ ਹੈ ਅਤੇ ਗੁਰਬਾਣੀ ਕੀਰਤਨ 'ਚ ਵੀ ਜੋੜੀ ਸਾਜ਼ ਦਾ ਪ੍ਰਚਲਨ ਘਟਣ ਨਾਲ ਕੀਰਤਨ 'ਚ ਜ਼ਿਆਦਾਤਰ ਤਬਲੇ ਦਾ ਹੀ ਪ੍ਰਯੋਗ ਹੋ ਰਿਹਾ ਹੈ। ਫ਼ਿਲਮੀ ਸੰਗੀਤ 'ਚ ਵੀ ਤਬਲਾ ਸਾਜ਼ ਪ੍ਰਮੁੱਖ ਭੂਮਿਕਾ 'ਚ ਹੈ। ਤਬਲੇ ਸਾਜ਼ ਦੀ ਮਕਬੂਲੀਅਤ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਾਇਨ ਦੇ ਘਰਾਣਿਆਂ ਦੀ ਤਰ੍ਹਾਂ ਤਬਲੇ ਦੇ ਵੀ ਵੱਖ-ਵੱਖ ਘਰਾਣੇ ਹੋਂਦ 'ਚ ਆਏ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਦਿੱਲੀ ਘਰਾਣਾ, ਬਨਾਰਸ ਘਰਾਣਾ, ਪੰਜਾਬ ਘਰਾਣਾ, ਅਜਰਾੜਾ ਘਰਾਣਾ, ਲਖਨਊ ਘਰਾਣਾ, ਫਾਰੂਖਾਬਾਦ ਘਰਾਣਾ ਆਦਿ ਵਿਸ਼ੇਸ਼ ਹਨ। ਤਬਲੇ ਸਾਜ਼ ਦੇ ਦੋ ਹਿੱਸੇ ਹੁੰਦੇ ਹਨ ਦਾਇਆਂ (ਸੱਜਾ) ਅਤੇ ਬਾਇਆਂ (ਖੱਬਾ)। ਦਾਏਂ ਭਾਗ ਨੂੰ ਚੱਟੂ ਕਿਹਾ ਜਾਂਦਾ ਹੈ ਜੋ ਕਿ ਅੰਬ, ਬਿਜੈਸਾਰ ਜਾਂ ਟਾਹਲੀ ਦੀ ਲੱਕੜ ਨੂੰ ਅੰਦਰੋਂ ਖੋਖਲਾ ਕਰਕੇ ਉੱਤੇ ਚਮੜਾ ਮੜ ਕੇ ਤਿਆਰ ਕੀਤਾ ਜਾਂਦਾ ਹੈ। ਬਾਏਂ ਭਾਗ ਨੂੰ ਡੁੱਗੀ ਕਿਹਾ ਜਾਂਦਾ ਹੈ।

ਇਹ ਮਿੱਟੀ, ਪਿੱਤਲ, ਸਟੀਲ ਆਦਿ ਤੋਂ ਬਣਦਾ ਹੈ। ਤਬਲੇ ਦੇ ਦੋਵਾਂ ਹਿੱਸਿਆਂ ਉੱਤੇ ਸਿਆਹੀ ਲਗਾਈ ਜਾਂਦੀ ਹੈ। ਚੱਟੂ ਨੂੰ ਸੁਰ ਕਰਨ ਲਈ ਗੱਟੇ ਲਗਾਏ ਜਾਂਦੇ ਹਨ। ਅਕਸਰ ਡੁੱਗੀ 'ਚ ਵੀ ਛੋਟੇ ਆਕਾਰ ਦੇ ਗੱਟੇ ਲਗਾ ਲਏ ਜਾਂਦੇ ਹਨ। ਤਬਲੇ ਨੂੰ ਸੁਰ ਕਰਨ ਲਈ ਪਿੱਤਲ ਜਾਂ ਸਟੀਲ ਦੀ ਹਥੌੜੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਸ਼ਾਸਤਰੀ ਸੰਗੀਤ 'ਚ ਤਬਲੇ ਨੂੰ ਵਿਸ਼ਵ ਪੱਧਰ ਉੱਤੇ ਪ੍ਰਸਿੱਧ ਕਰਨ 'ਚ ਉਸਤਾਦ ਜ਼ਾਕਿਰ ਹੁਸੈਨ ਦਾ ਨਾਂਅ ਸਭ ਤੋਂ ਪਹਿਲੀ ਕਤਾਰ ਦੇ ਕਲਾਕਾਰਾਂ 'ਚ ਆਉਂਦਾ ਹੈ। ਪੰਜਾਬ ਵਿਚ ਪੰਡਿਤ ਰਮਾਕਾਂਤ, ਉਸਤਾਦ ਕਾਲੇ ਰਾਮ ਅਤੇ ਉਸਤਾਦ ਕੁਲਵਿੰਦਰ ਸਿੰਘ ਸੈਂਕੜੇ ਵਿਦਿਆਰਥੀਆਂ ਨੂੰ ਤਬਲੇ ਦੀ ਵਿਧੀਬੱਧ ਤਰੀਕੇ ਨਾਲ ਤਾਲੀਮ ਦੇ ਰਹੇ ਹਨ।

 

ਪ੍ਰੋਫੈਸਰ ਜਗਪਿੰਦਰ ਪਾਲ ਸਿੰਘ

-ਮੁਖੀ ਪੋਸਟ ਗ੍ਰੈਜੂਏਟ ਸੰਗੀਤ ਅਤੇ ਗੁਰਮਤਿ ਸੰਗੀਤ ਵਿਭਾਗ।

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ