ਅਸਲ ਸੱਚ  ਜ਼ਿੰਦਗੀ  ਦਾ *ਜੋ ਬੀਜੋਗੇ, ਉਹੀ ਮਿਲੇਗਾ*

ਅਸਲ ਸੱਚ  ਜ਼ਿੰਦਗੀ  ਦਾ *ਜੋ ਬੀਜੋਗੇ, ਉਹੀ ਮਿਲੇਗਾ*

*ਜਿੰਦਗੀ ਓਹ ਦਿੰਦੀ ਏ ਜਿਵੇਂ ਦੇ ਅਸੀਂ ਹਾਂ*

  ਦਵਿੰਦਰ ਸਿੰਘ ਜੌਹਲ

ਕਿਸੇ ਸੰਤ ਪਾਸ ਇੱਕ ਨੌਜਵਾਨ ਆਇਆ ਤੇ ਬੇਨਤੀ ਕਰਨ ਲੱਗਿਆ ਕਿ ਕੋਈ ਵਿਧੀ ਦੱਸੋ , ਮਨ ਕਾਬੂ ਚ ਨਹੀਂ ਏ , ਧਿਆਨ ਚ ਬੈਠਦਾਂ ਤਾਂ ਕਿਸੇ ਹੋਰ ਵਹਿਣੀ ਵਹਿ ਜਾਂਦਾ ਏ। ਜਿੰਦਗੀ ਨੀਰਸ ਹੋ ਗਈ ਏ ,  ਕੀ ਕਰਾਂ? ਏਸ ਤਰੀਕੇ ਕਦੋਂ ਪਾਰ ਉਤਾਰਾ ਹੋਵੇਗਾ ਮੇਰਾ ? 

ਸੰਤ ਨੇ ਓਸ ਵੱਲ ਨਜ਼ਰ ਕੀਤੀ, ਬੜੇ ਪਿਆਰ ਨਾਲ ਬੋਲਿਆ ,” ਬੱਚੇ, ਤੂੰ ਪਾਰ ਉਤਾਰੇ ਦਾ ਫਿਕਰ ਛੱਡ, ਤੇਰੀ ਤਾਂ ਉਮਰ ਖਤਮ ਏ, ਆਖਰੀ ਹਫ਼ਤਾ ਚੱਲ ਰਿਹਾ ਏ ਤੇਰਾ , ਪੂਰੇ ਸੱਤ ਦਿਨ ਬਾਅਦ ਰਵਾਨਗੀ ਏ, ਤੂੰ ਏਸ ਜਗਤ ਵਿੱਚ ਆ ਕੇ ਜਾਣੇ ਅਨਜਾਣੇ ਜੋ ਵਾਅਦੇ ਕੀਤੇ ਨੇ ਕਿਸੇ ਨਾਲ, ਬਖ਼ਸ਼ਾ ਲੈਣੇ ਚਾਹੀਦੇ ਨੇ ਏਸ ਵਕਤ ਦੌਰਾਨ “ 

ਸੁਣਕੇ ਨੌਜਵਾਨ ਦੀ ਹਾਲਤ ਪਤਲੀ ਪੈ ਗਈ। ਪਸੀਨੇ ਛੁੱਟ ਗਏ। ਹੱਥ ਪੈਰ ਫੁੱਲ ਗਏ। ਸੰਤ ਨੇ ਕਿਹਾ ਕਿ ਜਲਦੀ ਜਾਹ, ਬੈਠ ਨਾ, ਆਪਣੇ ਕੀਤੇ ਤੇ ਪਛਤਾਵਾ ਕਰ, ਮੁਆਫ਼ੀ ਮੰਗ ਲੈ ਓਹਨਾਂ ਤੋਂ ਜੋ ਲੱਗਦਾ ਏ ਕਿ ਤੇਰੇ ਤੋਂ ਦੁਖੀ ਹੋਏ ਨੇ ਕਦੀ, ਤੇ ਦਿਲੋਂ ਮੁਆਫ ਕਰ ਦੇ ਓਹਨਾਂ ਨੂੰ ਵੀ ਜੋ ਤੈਂਨੂੰ ਜਾਪਦਾ ਏ ਕਿ ਬੇਵਜ੍ਹਾ ਦੁੱਖ ਦੇਂਦੇ ਰਹੇ ਨੇ “

 ਨੌਜਵਾਨ ਤੁਰ ਪਿਆ ਓਸੇ ਵਕਤ। ਮਾਤਾ ਪਿਤਾ , ਭੈਣਾਂ ਭਾਈ , ਸਕੇ ਸੰਬੰਧੀਆਂ ਤੋ ਲੈ ਕੇ ਹਰ ਓਸ ਸਖਸ਼ ਪਾਸ ਜਾ-ਜਾ ਕੇ ਮਿਲਣ ਲੱਗਿਆ , ਬਿਨਾ ਦੱਸੇ ਕਿ ਓਹਦੇ ਦਿਲ ਵਿੱਚ ਕੀ ਚੱਲ ਰਿਹਾ ਏ , ਹਰੇਕ ਨੂੰ ਬੇਹੱਦ ਪਿਆਰ ਸਤਿਕਾਰ  ਨਾਲ਼ ਮਿਲਣ ਲੱਗਿਆ। ਹੱਥ ਜੋੜ ਕੇ ਮੁਆਫ਼ੀ ਯਾਚਨਾ ਕਰ ਲਈ ਓਹਨੇ ਸਭ ਤੋਂ , ਕਿ ਕਦੀ ਭੁੱਲ ਭੁਲੇਖੇ ਦਿਲ ਦੁਖਾਇਆ ਗਿਆ ਹੋਵੇ ਤਾਂ ਅਨਜਾਣ ਸਮਝਕੇ ਬਖ਼ਸ਼ ਦਿਓ। ਨਤੀਜਾ  ਇਹ ਹੋਇਆ ਕਿ ਓਹਨੂੰ ਮਿਲਣ ਵਾਲੇ ਸਭ ਲੋਕ ਵੀ ਓਸਦੇ ਏਸ ਦਿਲੀ ਮੋਹ ਤੇ ਪਿਆਰ ਭਰੇ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਪਿਘਲਣ ਲੱਗੇ। ਪਿਆਰ ਦੇ ਝਰਨੇ ਫੁੱਟ ਪਏ  , ਧਰਤੀ ਦੇ ਸਭ ਲੋਕ ਦੇਵਤੇ ਲੱਗਣ ਲੱਗੇ , ਨੀਰਸ ਜਿੰਦਗੀ ਬੇਹੱਦ ਸੋਹਣੀ ਲੱਗਣ ਲੱਗੀ। ਪੂਰੀ ਦੀ ਪੂਰੀ ਦੁਨੀਆਂ ਈ ਨਵੀਂ ਨਵੀਂ  ਲੱਗਣ ਲੱਗੀ। ਇਹਨਾਂ ਚੰਦ ਦਿਨਾਂ ਨੇ ਓਸ ਨੌਜਵਾਨ ਦੀ ਕਾਇਆ ਕਲਪ ਕਰ ਦਿੱਤੀ। ਅਖੀਰਲੇ ਦਿਨ ਜਿਸ ਸ਼ਾਮ ਨੂੰ ਓਸ ਦਾ ਜਾਣਾ ਤੈਅ ਸੀ ਪ੍ਰਲੋਕ ਵੱਲ, ਓਹ ਵਾਪਸ ਸੰਤ ਪਾਸ ਨਤਮਸਤਕ ਹੋਣ ਗਿਆ। ਸ਼ੁਕਰਾਨੇ ਵਿੱਚ ਹੱਥ ਜੁੜ ਗਏ , ਅੱਖਾਂ ਪਛਤਾਵੇ ਵਿੱਚ ਨਹੀਂ , ਸ਼ੁਕਰਾਨੇ ਵਿੱਚ ਨੀਰ ਵਰਸੌਣ ਲੱਗੀਆਂ। ਹੱਥ ਜੋੜ ਬੋਲਿਆ ਕਿ ਸ਼ੁਕਰਾਨੇ ਕਬੂਲ ਕਰੋ , ਜਾਣ ਤੋਂ ਪਹਿਲਾਂ ਅੱਖਾਂ ਖੋਹਲ ਦੇਣ ਲਈ। ਹੁਣ ਮੈਂ ਹੌਲ਼ਾ ਫੁੱਲ ਹਾਂ, ਦੁਨੀਆਂ ਨੇ ਓਨਾ ਪਿਆਰ ਵਰਸਾ ਦਿੱਤਾ ਏ ਜੋ ਕਈ ਜਨਮਾਂ ਚ ਨਹੀਂ ਸੀ ਮਿਲਣਾ। ਹੁਣ ਜਾਣ ਦਾ ਕੋਈ ਰੰਜ ਨਹੀਂ, ਮਲਾਲ ਨਹੀਂ ਰਿਹਾ । 

ਸੰਤ ਨੇ ਨੌਜਵਾਨ ਨੂੰ ਮੁਸਕਰਾ ਕੇ ਤੱਕਿਆ ਤੇ ਬੋਲੇ ,” ਹੁਣ ਤੂੰ ਜਿੰਦਗੀ ਦੇ ਅਸਲ ਮਾਅਨੇ ਜਾਣ ਚੁੱਕਾ ਏਂ ਪੁੱਤਰ ,  ਮੌਤ ਹੁਣ ਆਵੇ ਜਾਂ ਪੰਜਾਹ ਸਾਲ ਬਾਅਦ ਆਵੇ , ਕੋਈ ਫਰਕ ਨਹੀਂ ਪੈਂਦਾ , ਬਸ ਇਹ ਯਾਦ ਨਾ ਭੁੱਲੀਂ ਕਿ ਜਿੰਦਗੀ ਨਾਸ਼ਵਾਨ ਏਂ , ਮੈਂ ਸੱਤ ਦਿਨ ਦਾ ਵਕਤ ਜਾਣਬੁੱਝ ਕੇ ਕਿਹਾ ਸੀ ਕਿ ਇਹ ਯਾਦ ਪੂਰੀ ਛਿੱਦਤ ਨਾਲ ਬਣੀ ਰਹੇ , ਤੂੰ ਕਿਤੇ ਨਹੀਂ ਮਰਨ ਵਾਲਾ ਹਾਲੇ , ਜਾਹ , ਸੁਖ ਲੈ , ਲੋਕਾਂ ਨੂੰ ਵੀ ਸੁਖ ਦੇ, ਦੁਆਵਾਂ ਦੇਹ, ਦੁਆਵਾਂ ਮਿਲਣਗੀਆਂ ਵਾਪਸ , ਮੁਸਕਰਾਹਟਾਂ ਹਾਸੇ ਵੰਡ , ਦੂਣ ਸਵਾਏ ਹੋ ਕੇ ਵਾਪਸ ਆਉਣਗੇ , ਏਹੀ ਫ਼ਲਸਫ਼ਾ ਏ ਜਿੰਦਗੀ ਦਾ। ਜੋ ਬੀਜੋਗੇ ,ਓਹੀ ਮਿਲੇਗਾ , ਹੋਰ ਕੁਝ ਮਿਲਣ ਦਾ ਕੋਈ ਉਪਾਅ ਈ ਨਹੀ ਏ  'ਤੇ ਸੱਚ ਵੀ ਏਹੀ ਏ , ਇਸ ਜਿੰਦਗੀ ਦੀ ਰਸੋਈ ਦਾ ਕੋਈ ਮੀਨੂੰ ਨਹੀਂ ਏ , ਜੋ ਖ਼ੁਦ ਪਕਾਓਗੇ , ਓਹੀ ਚੱਖਣਾ ਹੋਵੇਗਾ । 

ਜਿੰਦਗੀ ਸਾਨੂੰ ਓਹ ਨਹੀਂ ਦੇਂਦੀ ਜੋ ਅਸੀਂ ਚਾਹੁੰਦੇ ਹਾਂ , ਜਿੰਦਗੀ ਓਹ ਦਿੰਦੀ ਏ ਜਿਵੇਂ ਦੇ ਅਸੀਂ ਹਾਂ , ਧੁਰ ਅੰਦਰੋਂ ਜੋ ਅਸੀਂ ਸੋਚਦੇ ਹਾਂ , ਓਹੀ ਸਾਡੀ ਆਭਾ ਏ , ਸਾਡਾ ਵਿਅਕਤਿਤਵ ਏ । 

   ਕਦੀ ਸਵਾਸਾਂ ਤੇ ਧਿਆਨ ਕਰੀਏ ਤਾਂ ਮਿੰਟ ਵੀ ਨਹੀ ਠਹਿਰਦਾ ਮਨ, ਪਰ ਸੌ ਦੇ ਨੋਟਾਂ ਦੀ ਥੱਦੀ ਗਿਣਦਿਆਂ ਇਕਾਗਰ ਹੋ ਜਾਂਦਾ ਏ , ਮਸਲਾ ਨਫ਼ੇ ਨੁਕਸਾਨ ਜੋ ਬਣ ਜਾਂਦਾ ਏ । ਪਰ ਜੇ ਸਮਝ ਆ ਜਾਵੇ ਕਿ ਨੋਟ ਤਾਂ ਫਿਰ ਵੀ ਆ ਜਾਣਗੇ , ਭੁੱਖੇ ਤਾਂ ਨਹੀ ਮਰਨ ਲੱਗੇ , ਪਰ ਸਵਾਸ ਜਦੋਂ ਮੁੱਕ ਗਏ ਤਾਂ ਫਿਰ ਨਹੀ ਮਿਲਣੇ , ਇੱਕ ਵੀ ਨਹੀਂ ਮਿਲਣਾ , ਅੱਧਾ ਕੁ ਵੀ ਨਹੀਂ । ਹਾਲਾਂਕਿ ਇਹੀ ਸੱਚ ਏ ਕਿ ਹਰ ਪਲ ਹਰ ਘੜੀ  ਸਵਾਸਾਂ ਦੀ ਲੜੀ  ਦੇ ਮੋਤੀ ਕਿਰਦੇ ਜਾ ਰਹੇ ਨੇ , ਇਹ ਵੀ ਨਹੀਂ ਪਤਾ ਕਿ ਬਾਕੀ ਕਿੰਨੇ ਨੇ।   ਤੇ ਫਿਰ ਕੀਮਤੀ ਕੀ ਨੇ ? ਸਵਾਸ ਜਾਂ  ਮਾਇਆ , ਦੁਆਵਾਂ ਜਾਂ ਦੌਲਤਾਂ ? 

 ਜਿੰਦਗੀ ਸਫਲ ਹੋ ਜਾਵੇ ਜੇ

ਹੱਥ ਕਾਰ (ਕਿਰਤ) ਵੱਲੇ,  ਤੇ ਦਿਲ  ਯਾਰ ਵੱਲੇ 

ਰਹਿਣ ਦਾ ਵੱਲ ਆ ਜਾਵੇ , ਸੋਚ ਏਥੇ ਈ ਟਿਕ ਜਾਵੇ।