ਸਾਡਾ ਅਮੀਰ ਬਚਪਨ

ਸਾਡਾ ਅਮੀਰ ਬਚਪਨ

ਸੋਚਣਾ ਆਧੁਨਿਕ ਹੋ ਕੇ ਅਸੀਂ ਕੀ ਖੱਟਿਆ ਤੇ ਕੀ ਗਵਾਇਆ ...??

ਕਦੇ ਮੁੱਠ ਮੁੱਠ ਆਟੇ ਪਿੱਛੇ ਪਿੰਡਾਂ ਵਿੱਚ ਘਰ ਘਰ ਰੰਗ-ਬਿਰੰਗੀਆਂ ਭੰਬੀਰੀਆਂ ਵੇਚਣ ਵਾਲੀਆਂ ਆਇਆ ਕਰਦੀਆਂ ਸਨ । ਜਦੋਂ ਘਰ ਦੇ ਬੂਹੇ ਮੂਹਰੇ ਆ ਕੇ ਰੰਗ ਬਿਰੰਗੇ ਗੱਤੇ ਨਾਲ ਬਣਾਏ  ਡਮਰੂ ਵਜਾਉਣੇ ਤਾਂ  ਟਕ ਟਕ ਦੀ ਆਵਾਜ਼ ਸੁਣ ਜ਼ੁਆਕਾਂ ਨੇ ਗਲੀ ਵੱਲ ਨੂੰ ਭੰਬੀਰੀਆਂ ਤੇ ਡਮਰੂ ਲੈਣ ਭੱਜ ਤੁਰਨਾ ।  

ਕਿਸੇ ਨੇ ਮੁੱਠ ਆਟਾ ਪਾਉਣਾ ਤੇ ਕਿਸੇ ਨੇ ਕੌਲੀ .. !!

ਪਰ ਭੰਬੀਰੀਆਂ ਸਾਰੇ ਜੁਆਕਾਂ ਨੇ ਲੈ ਲੈਣੀਆਂ ।

ਸਾਰਾ ਦਿਨ ਟਕ ਟਕ ਦੀ ਆਵਾਜ ਦਿੰਦਾ ਡਮਰੂ ਤੇ ਵਿਹੜੇ ਵਿੱਚ ਹੀ ਭੱਜ ਭੱਜ ਕੇ ਭੰਬੀਰੀਆਂ ਨੂੰ ਚਲਾਉਣਾ ...ਅੰਤਾਂ ਦੀ ਖੁਸ਼ੀ ਦਿੰਦਾ ਸੀ । 

ਜੇ ਨਾਨੀਆਂ ਦਾਦੀਆਂ ਮਾਵਾਂ ਨੇ ਵਿਹੜਿਆਂ ਵਿੱਚ ਚੁੱਲ੍ਹੇ ਚੌਂਤੇ ਲਿੱਪਣੇ ਤਾਂ ਬੱਚਿਆਂ ਨੇ ਢੇਰ ਸਾਰੇ ਨਿੱਕੇ ਨਿੱਕੇ ਮਿੱਟੀ ਦੇ ਭਾਂਡੇ ਬਣਾ ਲੈਣੇ ।

ਕਦੇ ਜ਼ੁਆਕਾਂ ਨੂੰ ਨਾਨੀਆਂ ਦਾਦੀਆਂ ਝਿੜਕਾਂ ਨਹੀਂ ਸਨ ਦਿੰਦੀਆਂ ਤੇ ਜ਼ੁਆਕ ਮਿੱਟੀ ਵਿੱਚ ਖੂਬ ਮਸਤੀ ਕਰਦੇ ਸਨ । 

ਮਿੱਟੀ ਦੇ ਬਣਾਏ ਢੇਰ ਸਾਰੇ ਭਾਂਡਿਆਂ ਨਾਲ ਜ਼ੁਆਕ ਰਲ ਕੇ ਘਰ-ਘਰ ਖੇਡਦੇ । ਇੰਝ ਹੀ ਬੱਚਿਆਂ ਨੂੰ ਰਸੋਈ ਨਾਲ ਪਿਆਰ ਬਣ ਜਾਂਦਾ ਸੀ ਤੇ ਸੁਚੱਜਤਾ ਆ ਜਾਂਦੀ ਸੀ । 

ਜਿਹੜਾ ਵੀ ਕੰਮ ਘਰਦੀਆਂ ਔਰਤਾਂ ਛੋਹਦੀਆਂ ,ਘਰ ਦੇ ਜ਼ੁਆਕ ਪੂਰੇ ਧਿਆਨ ਨਾਲ ਉਸ ਵਿੱਚ ਹੱਥ ਮਾਰਦੇ ਆਪਣੇ ਵਿੱਤ ਮੁਤਾਬਿਕ ਹਿੱਸਾ ਪਾਉਂਦੇ ...। ਨਾਨੀਆਂ ਦਾਦੀਆਂ ਕਦੇ ਕਾਹਲੀਆਂ ਨਹੀਂ ਸਨ ਪੈਂਦੀਆਂ.. 

ਜੇ ਘਰ ਸੇਵੀਆਂ ਵੱਟਣੀਆਂ ਤਾਂ ਜੁਆਕਾਂ ਨੇ ਭੱਜ ਭੱਜ ਕੇ ਸੇਵੀਆਂ ਸੁੱਕਣੀਆ ਪਾਉਣੀਆਂ .. ਕਦੇ ਮਸ਼ੀਨ ਵਿੱਚ ਪੇੜਾ ਧੱਕਣਾ ਤੇ ਕਦੇ ਘੋੜੀ ਗੇੜਨ ਲੱਗ ਜਾਣਾ । 

ਵਿਹੜੇ ਵਿੱਚ ਮੰਜਿਆਂ ਨੂੰ ਮੂਧੇ ਮਾਰ ਕੇ ਰੱਸੀਆਂ ਤੇ ਸੁੱਕਣੀਆਂ ਪਾਈਆਂ ਸੇਵੀਆਂ ਬਹੁਤ ਆਨੰਦ ਦਿੰਦੀਆਂ .. ਜੇ ਕਿਤ੍ਹੇ ਇੱਲਤਾਂ  ਕਰਦੇ ਜ਼ੁਆਕ ਸੇਵੀਆਂ ਤੋੜ ਦਿੰਦੇ ਤਾਂ ਦਾਦੀਆਂ ਮੋਹ ਭਿੱਜੀਆਂ ਗਾਲ੍ਹਾਂ ਕੱਢਦੀਆਂ ਕਹਿੰਦੀਆਂ ...”ਖਸਮਾਂ ਨੂੰ ਖਾਣਿਓ ! ਕਿਉਂ ਮਾਵਾਂ ਨੂੰ ਤੋੜੀ ਜਾਨੇ ਆਂ “ 

ਤਾਂ ਜ਼ੁਆਕਾਂ ਨੇ ਹਿੜ ਹਿੜ ਕਰਦਿਆਂ ਮੂਹਰੇ ਭੱਜ ਪੈਣਾ ਤੇ ਫਿਰ ਕੋਲ ਆ ਬਹਿਣਾ ...ਸੱਚ ਵਿੱਚ ਹੀ ਨਵੇਂ ਕੰਮਾਂ ਨੂੰ ਵੇਖ ਚਾਅ ਚੜ੍ਹ ਜਾਂਦਾ ਤੇ ਪਤਾ ਨਾ ਲੱਗਦਾ ...ਕਦੋਂ ਕੰਮ ਨੇਪਰੇ ਚੜ ਜਾਂਦੇ । 

ਕਦੇ ਮਾਮੀਆਂ ਮਾਸੀਆਂ ਨੇ ਦਰੀਆਂ ਲਈ ਸੂਤ ਰੰਗਣਾਂ ,ਕਦੇ ਚਰਖੇ ਤੇ ਨੜੇ ਵੱਟਣੇ ਤੇ ਫਿਰ ਖੇਸਾਂ ਲਈ ਤਾਣਾਂ ਤਣਨਾ ...ਸਾਰਾ ਦਿਨ ਸਲਾਈਆਂ ਤੇ ਘੁੰਮਦੇ ਨੜੇ ਤੇ ਤਾਣਾ ਤਣਦੀਆਂ ਮਾਸੀਆਂ ਨਾਲ ਭੱਜੇ ਫਿਰਨਾ । ਕਦੇ ਤਾਣਾ ਟੱਪ ਟੱਪ ਧਾਗੇ ਤੋੜ ਦੇਣੇ ਤੇ ਕਦੇ ਕਾਨੇ ਪੱਟ ਸੁੱਟਣੇ ...!!

ਕਦੇ ਥਕਾਵਟ ਨਹੀਂ ਸੀ ਹੁੰਦੀ ਸਗੋਂ ਚਾਅ ਚਾਅ ਨਾਲ  ਕੰਮ ਵੀ ਸਿੱਖ ਲੈਂਦੇ । ਘਰਾਂ ਵਿੱਚ ਨਾਲੇ ਬੁਣਨੇ ਚਰਖਾ ਕੱਤਣਾ , ਦਰੀਆਂ ਖੇਸ ਬਣਾਉਣੇ ,ਚਾਦਰਾਂ ਕੱਢਣੀਆਂ,  ਟੋਕਰੀਆਂ , ਛਿੱਕੂ , ਪੱਖੀਆਂ  ਬਣਾਉਣੇ ਹਰ ਘਰ ਵਿੱਚ ਆਮ ਜਿਹੀ ਗੱਲ ਸੀ .. ਪਰ ਕਦੇ ਇਹ ਨਹੀਂ ਸੋਚਿਆ ਸੀ ਕੇ ਇਹ ਕੰਮ ਬਹੁਤ ਜਲਦੀ ਸਾਡੇ ਘਰਾਂ ਵਿੱਚੋਂ ਅਲੋਪ ਹੋ ਜਾਣਗੇ । 

ਕਦੇ ਕਦੇ ਨਾਨੀ ਦਾਦੀ ਨੇ ਮਾੜਚੂ ਜਿਹੇ ਜੁਆਕ ਨੂੰ ਚਰਮਖ ਕਹਿ ਕੇ ਬੁਲ਼ਾਉਣਾ ਤੇ ਕਿਤੇ ਗੁੰਦਵੇਂ ਜਿਹੇ ਬੱਚੇ ਨੂੰ ਦਮਕੜਾ ਕਹਿ ਕੇ ਸੰਬੋਧਨ ਕਰਨਾ .. ਕਦੇ ਇੱਲਤੀ ਜ਼ੁਆਕ ਨੂੰ “ਤੱਕਲੇ ਵਾਂਗ ਸਿੱਧਾ ਕਰਦੂ “ਕਹਿ ਕੇ ਝਿੜਕਣਾ ਤੇ ਕਦੇ ਲਾਡ ਨਾਲ “ਕੀ ਕਰਦਾ ਮੁੰਨਾ ਜਿਹਾ “ ਕਹਿਣਾ..!! (ਮੁੰਨਾ ਚਰਖੇ ਦਾ ਅੰਗ)

ਘਰਾਂ ਦੀਆਂ  ਰੋਣਕਾਂ ਤੇ ਵਿਆਹ ਵਾਂਗ ਬੀਤਦੇ ਦਿਨ ਹਰ ਵਕਤ ਖਿੜੇ ਰਹਿਣ ਦੀ ਬਾਤ ਪਾਉਂਦੇ ਸਨ .. ਕਦੇ ਵੀ ਘਰਾਂ ਵਿੱਚ ਟੈਸ਼ਨ , ਲਾਲਚ , ਲੜਾਈ ਜਾਂ ਮਤਲਬੀ ਰਿਸ਼ਤਿਆਂ ਦੇ ਨਾਮੋ ਨਿਸ਼ਾਨ ਨਹੀਂ ਸਨ ਹੁੰਦੇ । 

 ਜ਼ੁਆਕਾਂ ਨੂੰ  ਮਾਂ ਤਾਈ ਚਾਚੀ ਮਾਸੀ ਮਾਮੀ ਵਿੱਚ  ਤੇਰ ਮੇਰ ਦਾ ਭੌਰਾ ਫਰਕ  ਨਹੀਂ ਪਤਾ ਹੁੰਦਾ ਸੀ । ਇੱਕ ਕੌਲੀ ਵਿੱਚ ਘਰ ਦੇ ਸਾਰੇ ਜੁਆਕ ਬਹਿ ਰੋਟੀ ਖਾ ਲੈਂਦੇ ਸਨ .. !!

ਜਿਉ ਜਿਉ ਪੜਾਈ ਦਾ ਪੱਲ੍ਹਾ ਫੜਦੇ ਗਏ , ਘਰਾਂ ਵਿੱਚ ਕੈਦ ਹੁੰਦੇ ਗਏ ...ਸਹਿਣਸ਼ੀਲਤਾ  ਤੇ ਸਬਰ ਸਿਦਕ ਗੁਆਚਦੇ ਗਏ ਪਰਿਵਾਰ ਟੁੱਟਦੇ ਹੋਏ  ਛੋਟੇ ਹੁੰਦੇ ਗਏ ਤੇ ਸ....ਦਾ  ਲਈ ਸਕੂਨ ਗੁਆ ਕੇ ਲਾਲਚਾਂ ਵਿਖਾਵਿਆਂ ਦੀ ਦਲ ਦਲ ਵਿੱਚ ਬੁਰੀ ਤਰ੍ਹਾਂ ਫਸਦੇ ਸਦਾ ਲਈ  ਚੈਨ  ਖੋਹ ਬੈਠੇ .. !! 

ਜਦੋਂ ਕਦੇ  ਮਨ ਬੀਤੇ ਜ਼ਮਾਨੇ ਦੇ ਹੰਢਾਏ ਸਵਰਗੀ ਪਲਾਂ ਦੀ ਉਡਾਰੀ ਭਰਦਾ ਹੈ ਤਾਂ ਉਹ ਅਣਮੁੱਲੇ ਰਿਸ਼ਤੇ ਤੇ ਘਰਾਂ ਦੀਆਂ ਰੌਣਕਾ ਯਾਦ ਕਰ  ਪਛਤਾਵੇ ਦੇ ਹੰਝੂ ਵਹਾਉਂਦਾ ਅਰਦਾਸ ਕਰਦਾ ਹੈ ਕੇ ਕਾਸ਼ ਕਾਸ਼ !!

ਉਹ ਵਕਤ ਵਾਪਿਸ ਆ ਜਾਵੇ ...!!

ਸੋਚਣਾ ਆਧੁਨਿਕ ਹੋ ਕੇ ਅਸੀਂ ਕੀ ਖੱਟਿਆ ਤੇ ਕੀ ਗਵਾਇਆ ...??

ਕਿੱਡਾ ਅਮੀਰ ਵਿਰਸਾ ਕੁਝ ਕੁ ਸਾਲਾਂ ਵਿੱਚ ਆਪਣੇ  ਹੱਥੀਂ ਵਿਸਾਰ ਕੇ ਪਛਤਾਵੇ ਦੀ ਬਾਤ ਪਾਉਂਦਾ ਸਵਾਲ ਬਣਿਆ ਸਾਡੇ ਤੋਂ ਸਦਾ ਜਵਾਬ ਮੰਗਦਾ ਰਹੇਗਾ .. ??

 

ਰਾਜਵਿੰਦਰ ਕੌਰ ਵਿੜਿੰਗ