ਪਾਪਾ ਮੈਂ ਲੜਾਂਗੀ

ਪਾਪਾ ਮੈਂ ਲੜਾਂਗੀ

ਕਹਾਣੀ

ਮਨਦੀਪ ਕੁੰਦੀ ਤਖਤੂਪੁਰਾ

ਨਵਰੀਤ ਪੂਰੀ ਰਾਤ ਆਪਣੇ ਪੇਪਰ ਦੀ ਤਿਆਰੀ ਕਰਦੀ ਰਹੀ ਤੇ ਦੂਸਰੇ ਦਿਨ ਸੁਵਖਤੇ ਹੀ ਪਹਿਲੀ ਬੱਸ ਚੰਡੀਗੜ੍ਹ ਨਿਕਲਣ ਤੋਂ ਪਹਿਲਾਂ ਮਾਂ ਨਾਲ ਸਲਾਹ ਕਰ ਕੇ ਪਾਪਾ ਨੂੰ ਫੋਨ ਕਰਨ ਤੋਂ ਇਸ ਗੱਲ ਲਈ ਪਾਸਾ ਵੱਟ ਲਿਆ ਕਿ ਸਵੇਰੇ-ਸਵੇਰੇ ਕਾਹਨੂੰ ਤੰਗ ਕਰਨਾ। ਬਾਕੀ ਗੱਲਾਂ ਵਾਪਸ ਆ ਕੇ ਹੋਣਗੀਆਂ। ਆਪਣੇ ਪਾਪਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਸਤੇ ’ਚ ਨਵਰੀਤ ਨੇ ਸਫ਼ਰ ਕਰਦਿਆਂ ਵੀ ਆਪਣਾ ਇੱਕ ਮਿੰਟ ਵੀ ਅਜਾਈਂ ਨਹੀਂ ਜਾਣ ਦਿੱਤਾ। ਸੈਂਟਰ ਪਹੁੰਚ ਕੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਉਸ ਨੇ ਇੱਕ ਵਾਰ ਪਾਪਾ ਨੂੰ ਫੋਨ ਜ਼ਰੂਰ ਲਾਇਆ, ਪਰ ਅੱਗਿਓਂ ਕੋਈ ਜਵਾਬ ਨਾ ਮਿਲਣ ਕਰਕੇ ਆਪਣੇ ਸਮੇਂ ਨੂੰ ਵੇਖ ਉਹ ਫੋਨ ਜਮ੍ਹਾਂ ਕਰਵਾ ਸੈਂਟਰ ਵਾਲੇ ਕਮਰੇ ’ਚ ਦਾਖ਼ਲ ਹੋ ਗਈ। ਪੇਪਰ ਨੂੰ ਪੂਰੀ ਇਕਾਗਰਤਾ ਨਾਲ ਅਟੈਂਡ ਕਰਨ ਤੋਂ ਬਾਅਦ ਉਸ ਨੇ ਕੁਝ ਘੰਟਿਆਂ ਬਾਅਦ ਬਾਹਰ ਆ ਕੇ ਫੋਨ ਨੂੰ ਬੰਦ ਪਿਆ ਵੇਖਿਆ। ਸਾਮਾਨ ਲੈ ਕੇ ਉਹ ਕਾਹਲੀ ਨਾਲ ਆਟੋ ਫੜ ਖਰੜ ਵਾਲੇ ਬੱਸ ਸਟੈਂਡ ’ਤੇ ਉਤਰ ਗਈ। ਫਿਰ ਆਪਣੇ ਪਿੰਡ ਮਾਜਰੀ ਵਾਲੀ ਬੱਸ ਨੂੰ ਕੁਝ ਮਿੰਟ ਉਡੀਕਣ ਤੋਂ ਬਾਅਦ ਜਦੋਂ ਉਸ ਨੂੰ ਚੈਨ ਨਹੀਂ ਆਇਆ ਤਾਂ ਉਹਨੇ ਜਕੋ-ਤਕੀ ’ਚ ਕਿਸੇ ਤੋਂ ਫੋਨ ਫੜ ਕੇ ਜਿਵੇਂ ਹੀ ਘਰੇ ਕਾਲ ਕੀਤੀ ਤਾਂ ਬਹੁਤ ਸਾਰੀਆਂ ਕਾਲਾਂ ਵੱਜਣ ਤੋਂ ਬਾਅਦ ਵੀ ਕਿਸੇ ਨੇ ਫੋਨ ਨਾ ਚੁੱਕਿਆ। ਇਸ ਕਰਕੇ ਉਹ ਆਪਣੇ ਪਾਪਾ ਬਾਰੇ ਹੋਰ ਵੀ ਫ਼ਿਕਰਮੰਦ ਹੋ ਕੇ ਆਪਣੀ ਬੱਸ ਦੀ ਉਡੀਕ ਕਰਦੀ ਰਹੀ।‘‘ਬੱਚੇ ਜੇ ਤੂੰ ਕਹੇ ਤਾਂ ਮੈਂ ਵੀ ਦਿੱਲੀ ਪੰਦਰਾਂ ਕੁ ਦਿਨ ਲਾ ਆਵਾਂ, ਅਜੇ ਤੇਰੇ ਪੀ.ਸੀ.ਐੱਸ ਦੇ ਫਾਈਨਲ ਪੇਪਰ ਦੀ ਤਾਰੀਖ਼ ਪੱਕੀ ਨਹੀਂ ਹੋਈ। ਜਦੋਂ ਤੱਕ ਪੇਪਰਾਂ ਦੀ ਕੋਈ ਗੱਲ ਸਿਰੇ ਨਹੀਂ ਲੱਗਦੀ ਤੇ ਦਿਸ਼ਾ ਦੇ ਸਕੂਲ ਨਹੀਂ ਖੁੱਲ੍ਹਦੇ।’’

ਐਨੀ ਗੱਲ ਕਹਿ ਕੇ ਦਿਲਬਾਗ ਸਿਆਂ ਆਪਣੀ ਬਹੁਤ ਹੀ ਸੂਝਵਾਨ ਵੱਡੀ ਬੇਟੀ ਨਵਰੀਤ ਦੀ ਦਿੱਲੀ ਧਰਨੇ ’ਚ ਜਾਣ ਲਈ ਸਹਿਮਤੀ ਲੈਣਾ ਚਾਹੁੰਦਾ ਸੀ, ਪਰ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਨਵਰੀਤ ਨੇ ਕਿਹਾ, ‘‘ਪਾਪਾ, ਤੁਹਾਡੀ ਮਰਜ਼ੀ ਐ। ਤੁਸੀਂ ਮੰਨਣੀ ਤਾਂ ਕਿਸੇ ਦੀ ਹੈ ਨੀ। ਮੇਰੀ ਤਾਂ ਐਵੇਂ ਪੋਚੇ ਮਾਰਨ ਨੂੰ ਸਹਿਮਤੀ ਲੈਂਦੇ ਹੋ। ਇਸ ਤੋਂ ਪਹਿਲਾਂ ਵੀ ਤੁਸੀਂ ਦਸ ਦਿਨ ਦਾ ਲਾਰਾ ਲਾ ਕੇ ਗਏ ਸੀ ਤੇ ਮਗਰੋਂ ਮੰਮੀ ਨੇ ਫੋਨ ਕਰ-ਕਰ ਕੇ ਸੱਦਿਆ। ਤੁਸੀਂ ਤਾਂ ਬਸ ਜਦੋਂ ਜਾਂਦੇ ਹੋ ਉੱਥੇ ਦਿਲ ਲਾ ਕੇ ਆਪਣੀ ਦੁਨੀਆਂ ਵਸਾ ਲੈਨੇ ਹੋ।’’‘‘ਓ ਨਹੀਂ ਪੁੱਤ, ਆਹ! ਗੱਲ ਨਾ ਕਰਿਆ ਕਰ। ਸੋਡੇ ਤਿੰਨਾਂ ਬਿਨਾਂ ਭਲਾ ਹੋਰ ਕਿਹੜੀ ਦੁਨੀਆਂ ਐ ਮੇਰੀ? ਬੱਚੇ ਮੈਂ ਤੇ ਤੇਰੀ ਮਾਂ ਨੇ ਮਿੱਟੀ ਨਾਲ ਮਿੱਟੀ ਹੁੰਦੇ ਲੰਘਾ ਲਈ ਅੱਧੀ। ਹੁਣ ਤਾਂ ਤੁਹਾਡੇ ਦੋਵਾਂ ’ਤੇ ਆਸਾਂ ਨੇ। ਦਿਸ਼ਾ ਤਾਂ ਅਜੇ ਛੋਟੀ ਆ ਆਪਣੀ, ਦਸਵੀਂ-ਬਾਰਵੀਂ ਤੱਕ ਬੱਚੇ ਨੂੰ ਆਪਣੇ ਕਰੀਅਰ ਦੀ ਬਹੁਤੀ ਪ੍ਰਵਾਹ ਨਹੀਂ ਹੁੰਦੀ। ਤੈਨੂੰ ਵੇਖ-ਵੇਖ ਅੱਗੇ ਵਧਣਾ ਉਹਨੇ ਪੁੱਤਰਾ! ਤੂੰ ਕੁਰਸੀ ਲੈ ਲਈ ਤਾਂ ਉਹ ਆਪਣੇ ਸਿਰੇ... ਦੂਸਰੀ ਗੱਲ ਜੋ ਮੈਂ ਵਾਰ-ਵਾਰ ਤੇਰੇ ’ਤੇ ਐਨਾ ਜ਼ੋਰ ਤਾਂ ਦਿੰਦਾਂ ਬਈ ਐਤਕੀਂ ਸਾਨੂੰ ਦਿੱਲੀ ਜਾ ਕੇ ਹੋਰ ਸਮਝ ਆ ਗਈ ਬਈ ਵੱਡੇ ਬਾਬੂ ਏ.ਸੀ. ਕਮਰਿਆਂ ’ਚ ਬੈਠ ਕੇ ਕਿਸਾਨਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ। ਜੇਕਰ ਜ਼ਿਮੀਂਦਾਰ ਤਬਕੇ ਜਾਣੀ ਕਿਰਤੀ ਤੇ ਕਿਸਾਨੀ ਲੋਕਾਂ ਦੇ ਧੀਆਂ-ਪੁੱਤ ਅਫ਼ਸਰ ਲੱਗ ਗਏ ਤਾਂ ਘੱਟੋ-ਘੱਟ ਉਨ੍ਹਾਂ ਨੇ ਜੇ ਹੋਰ ਕੁਝ ਨਹੀਂ ਕਰਨਾ ਤਾਂ ਉਹ ਇੱਕ ਕਿਰਤੀ ਤੇ ਕਿਸਾਨ ਨੂੰ ਇੱਜ਼ਤ ਭਰੀਆਂ ਨਜ਼ਰਾਂ ਨਾਲ ਵੇਖਣਗੇ, ਉਨ੍ਹਾਂ ਦਾ ਆਪਣੇ ਦਫ਼ਤਰਾਂ ’ਚ ਸਤਿਕਾਰ ਤਾਂ ਕਰਿਆ ਕਰਨਗੇ। ਹੁਣ ਤਾਂ ਬਹੁਤੇ ਬਾਬੂ ਬਣ ਕੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਬਹੁਤ ਘੱਟ ਲੋਕ ਨੇ ਜੋ ਵੱਡੇ ਅਫ਼ਸਰ ਬਣ ਕੇ ਇਨਸਾਨੀਅਤ ਨੂੰ ਜਿਉਂਦਾ ਮੰਨ ਕੇ ਤੁਰਦੇ ਨੇ। ਬਹੁਤੇ ਤਾਂ ਰੱ...ਬ... ਐਤਕੀਂ ਜੇਕਰ ਤੇਰੀ ਚੋਣ ਪੰਜਾਬ ਸਰਕਾਰ ਦੇ ਕਿਸੇ ਉੱਚੇ ਅਹੁਦੇ ਲਈ ਹੋ ਗਈ ਤਾਂ ਆਪਣੇ ਪੈਰਾਂ ’ਤੇ ਖੜ੍ਹੀ ਹੋ ਕੇ ਘੱਟੋ-ਘੱਟ ਆਈ.ਏ.ਐੱਸ. ਅਫ਼ਸਰ ਜ਼ਰੂਰ ਬਣੀਂ।’’‘‘ਤੁਸੀਂ ਫ਼ਿਕਰ ਨਾ ਕਰੋ। ਤੁਹਾਡੀਆਂ ਅੱਖਾਂ ਵਿਚਲੇ ਸੁਪਨੇ ਮੈਂ ਪੂਰੀ ਸ਼ਿੱਦਤ ਨਾਲ ਪੂਰਾ ਕਰਨ ਲਈ ਦਿਨ-ਰਾਤ ਇੱਕ ਕੀਤਾ ਹੋਇਆ। ਸਾਨੂੰ ਘਾਟੇ ’ਤੇ ਕਮੇਟੀਆਂ ਚੁੱਕ-ਚੁੱਕ ਕੇ ਕਿਵੇਂ ਪੜਾਈ ਜਾਨੇ ਹੋ ਇਹ ਅਸੀਂ ਬਾਖ਼ੂਬੀ ਜਾਣਦੀਆਂ ਹਾਂ। ਅੱਜ ਦੇ ਸਮੇਂ ਇੱਕ-ਡੇਢ ਕਿੱਲੇ ’ਤੇ ਗੁਜ਼ਰਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸੋਡੇ ਨਾਲ ਮੰਮੀ ਵੀ ਵਿਚਾਰੀ ਖੜ੍ਹੀ ਲੱਤ ਰਹਿੰਦੀ ਐ ਪਸ਼ੂਆਂ ਨਾਲ ਤਾਂ ਜਾ ਕੇ ਕਿਤੇ ਦੋ ਕਿਲੋ ਦੁੱਧ ਹੁੰਦਾ। ਇਸ ਤੋਂ ਬਾਅਦ ਜਦੋਂ ਡੇਅਰੀ ਪਾਉਣ ਜਾਂਦੇ ਨੇ ਤਾਂ ਡੇਅਰੀ ਵਾਲੇ ਪਾਣੀ ਨਾਲੋਂ ਵੀ ਸਸਤਾ ਖਰੀਦਦੇ ਨੇ। ਸਾਰੇ ਘਰ ਦੀ ਪੂਰੀ ਕਬੀਲ਼ਦਾਰੀ ਦੀ ਸਮਝ ਹੈ ਮੈਨੂੰ। ਏਸੇ ਲਈ ਤਾਂ ਮੈਂ ਤਹਾਨੂੰ ਵਾਰ-ਵਾਰ ਬਾਹਰ ਜਾਣ ਤੋਂ ਰੋਕਦੀ ਆਂ, ਦਵਾਈ ਤੁਸੀਂ ਬੀ.ਪੀ. ਤੇ ਕਲੈਸਟਰੋਲ ਦੀ ਲੈਂਦੇ ਨਹੀਂ ਕਈ-ਕਈ ਦਿਨ। ਜਦੋਂ ਡਾਕਟਰ ਨੇ ਦਵਾਈ ਪੱਕੀ ਲਾਈ ਆ ਫਿਰ ਤੁਸੀਂ ਕਿਉਂ...?’’‘‘ਓ ਕਾਹਨੂੰ ਪੁੱਤ! ਐਵੇਂ ਹੀ ਫ਼ਿਕਰ ਕਰਦੀ ਰਹਿੰਦੀ ਏਂ ਮੇਰਾ। ਜੇ ਬਿਮਾਰੀ ਤੋਂ ਡਰ ਕੇ ਘਰੇ ਬੈਠਗੇ ਫਿਰ ਭਲਾ ਕਿਵੇਂ ਗੁਜ਼ਾਰਾ ਹੋਊ ਆਪਣਾ। ਨਾਲੇ ਦਵਾਈ ਤਾਂ ਅੱਜਕੱਲ੍ਹ ਕੌਣ ਨਹੀਂ ਖਾਂਦਾ? ਡਾਕਟਰ ਐਵੇਂ ਛਿੱਲ ਲਾਹੁਣ ਦੇ ਮਾਰੇ ਕੋਈ ਨਾ ਕੋਈ ਟੈਸਟ ਲਿਖ ਹੀ ਦਿੰਦੇ ਨੇ। ਵੇਖ! ਤੂੰ ਇਸ ਘਰ ’ਚ ਸਭ ਤੋਂ ਵੱਧ ਪੜ੍ਹੀ ਲਿਖੀ ਐਂ ਤੈਨੂੰ ਸਾਰਾ ਪਤਾ ਦਿਨੋਂ-ਦਿਨੀਂ ਦੇਸ਼ ਵੱਡੇ ਪੂੰਜੀਪਤੀਆਂ ਦੇ ਹੱਥਾਂ ’ਚ ਦੇਣ ਲਈ ਸਰਕਾਰਾਂ ਪੱਬਾਂ ਭਾਰ ਹੋਈਆਂ ਰਹਿੰਦੀਆਂ। ਬਾਕੀ ਦੇਸ਼ ਦੀਆਂ ਬਹੁਤੀਆਂ ਚੀਜ਼ਾਂ ’ਤੇ ਪੂੰਜੀਪਤੀਆਂ ਦਾ ਰਾਜ ਚੱਲਦਾ। ਜੇ ਸਾਡੇ ਖੇਤਾਂ ਦੇ ਦਾਣੇ ਵੀ ਉਨ੍ਹਾਂ ਦੇ ਹੱਥ ਆ ਜਾਣਗੇ ਤਾਂ ਇੱਕ ਦਿਨ ਖੇਤ ਮਾਲਕਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰੰਮ ਕਰਵਾਇਆ ਕਰਨਗੇ ਖੇਤ ਮਾਲਕਾਂ ਤੋਂ। ਇੱਕ ਗੱਲ ਮੇਰੀ ਧੀ ਹੋਰ ਯਾਦ ਰੱਖੀਂ ਦੁਨੀਆਂ ’ਚ ਕਿਸੇ ਵੀ ਥਾਂ ’ਤੇ ਇਕੱਲੇ ਪੈਸਿਆਂ ਨਾਲ ਸੰਘਰਸ਼ ਨਹੀਂ ਲੜੇ ਜਾਂਦੇ। ਸੰਘਰਸ਼ ਲੜਨ ਲਈ ਬੰਦਿਆਂ ਦੀ ਲੋੜ ਜਾਣੀ ਮੈਨ ਪਾਵਰ ਸਭ ਤੋਂ ਪਹਿਲਾਂ।’’

‘‘ਪਾਪਾ ਜੀ, ਜੇ ਤੁਸੀਂ ਤਨੋਂ-ਮਨੋਂ ਜਾ ਕੇ ਖ਼ੁਸ਼ ਓ ਤਾਂ ਮੰਮੀ ਦੀ ਆਗਿਆ ਲੈ ਲਓ। ਨਿੱਕੀ ਨੂੰ ਮੈਂ ਆਪੇ ਸਮਝਾ ਲਵਾਂਗੀ।’’

‘‘ਪੁੱਤ, ਮੰਮੀ ਨੂੰ ਵੀ ਤਾਂ ਤੂੰ ਹੀ ਮਨਾਉਣਾ। ਜੇਕਰ ਤੇਰੀ ਹਾਂ ਤਾਂ ਤੇਰੀ ਮੰਮੀ ਨੇ ਕੀ ਕਹਿਣਾ?’’

‘‘ਕੋਈ ਗੱਲ ਨਹੀਂ ਪਾਪਾ ਜੀ, ਮੈਂ ਮੰਮੀ ਨਾਲ ਕੱਲ੍ਹ ਗੱਲ ਕਰਾਂਗੀ, ਪਰ ਜੇਕਰ ਦਵਾਈ ਨਾ ਲਈ ਤਾਂ... ਪਹਿਲਾਂ ਵਾਅਦਾ ਕਰੋ... ਤੁਸੀਂ ਦਵਾਈ ਲਈ ਕਦੇ ਵੀ ਨਾਗਾ ਨਹੀਂ ਪਾਓਗੇ।’’

ਦੂਸਰੇ ਦਿਨ ਸਵੇਰੇ ਨਵਰੀਤ ਨੇ ਆਪਣੀ ਮਾਂ ਨੂੰ ਕਿਹਾ, ‘‘ਮੰਮੀ, ਪਾਪਾ ਦੁਬਾਰਾ ਫਿਰ ਦਿੱਲੀ ਧਰਨੇ ’ਤੇ ਜਾਣਾ ਚਾਹੁੰਦੇ ਨੇ।’’

‘‘ਕਿਉਂ?’’ ਮਾਂ ਨੇ ਨਵਰੀਤ ਨੂੰ ਸਵਾਲ ਕੀਤਾ।

‘‘ਮੰਮੀ, ਇਹ ਤਾਂ ਤੁਸੀਂ ਪੁੱਛ ਲਓ। ਤੁਹਾਨੂੰ ਪਤਾ ਮੇਰੇ ਕੋਲੋਂ ਪਾਪਾ ਨੂੰ ਕਿਸੇ ਕੰੰਮ ਲਈ ਨਾਂਹ ਨਹੀਂ ਨਿਕਲਦੀ।’’

‘‘ਆਹੋ! ਤੁਸੀਂ ਹੀ ਵਿਗਾੜਿਆ ਆਪਣੇ ਪਾਪਾ ਨੂੰ। ਤੁਹਾਡੀ ਤਾਂ ਦੋਨਾਂ ਭੈਣਾਂ ਦੀ ਇੱਕੋ ਗੱਲ ਆ, ਤੀਸਰਾ ਪਾਪਾ ਰਲ ਜਾਂਦਾ ਤੁਹਾਡੇ ਨਾਲ ਤੇ ਰਹਿ ਵਿਚਾਰੀ ਮੈਂ ਜਾਨੀ ਆਂ। ਮੇਰਾ ਕੀ ਐ? ਨਾ ਆਪਾਂ ਤਿੰਨਾਂ ’ਚ ਤੇ ਨਾ ਤੇਰ੍ਹਾਂ ’ਚ।’’

‘‘ਕਾਹਤੋਂ ਐਵੇਂ ਲੋਹੇ-ਲਾਖੇ ਹੁੰਦੇ ਹੋ। ਤੁਹਾਡੇ ਬਿਨਾਂ ਪਤਾ ਕਦੇ ਪੱਤਾ ਨਹੀਂ ਹਿਲਦਾ ਇਸ ਘਰ ’ਚ। ਤੁਸੀਂ ਤਾਂ ਮਾਲਕ ਹੋ ਘਰ ਦੇ। ਅਸੀਂ ਹੀ ਵਿਚਾਰੇ ਗੋਲੇ ਲੱਗੇ ਆਂ।’’

‘‘ਚੰਗਾ ਚੰਗਾ! ਐਵੇਂ ਹੁਣ ਹੋਰ ਮਿੱਠੀਆਂ ਨਾ ਮਾਰ ਆਪਣੇ ਬਾਪੂ ਵਾਂਗੂੰ। ਉਹਨੇ ਵੀ ਸਾਰੀ ਉਮਰ ਸੁੱਕਾ ਹੇਜ਼ ਮਤੇਈ ਦਾ, ਮੂੰਹ ਚੁੰਮ ਕੇ ਟੁੱਕ ਨਹੀਂ ਦੇਈਦਾ ਵਾਂਗ ਹੀ ਰੱਖਿਆ ਮੈਨੂੰ।’’

‘‘ਮੰਮੀ, ਤੁਹਾਨੂੰ ਪਤਾ ਪਾਪਾ ਕਿੰਨਾ ਡਰਦੇ ਨੇ ਸੋਡੇ ਕੋਲੋਂ?’’

‘‘ਬਸ! ਰਹਿਣ ਦੇ ਨੀ ਪਾਪੇ ਦੀਏ ਚਮਚੀਏ। ਹੁਣ ਤੂੰ ਮੈਨੂੰ ਇਹ ਦੱਸ ਬਈ ਤੁਸੀਂ ਪਿਉ ਧੀ ਰਲ ਕੇ ਚਾਹੁੰਨੇ ਕੀ ਹੋ?’’

‘‘ਚਾਹੁੰਨਾ ਕੀ ਆ, ਅਸੀਂ ਕਿਹੜਾ ਸੋਨੇ ਦਾ ਕੈਂਠਾ ਮੰਗਣਾ? ਪਾਪਾ ਕਹਿੰਦੇ ਨੇ ਜੇ ਤੁਸੀਂ ਆਗਿਆ ਦੇਵੋ ਤਾਂ ਉਹ ਦੁਬਾਰਾ ਦਿੱਲੀ ਜਾਣ ਨੂੰ ਫਿਰਦੇ ਨੇ।’’

ਇਸ ਵਾਰ ਨਸੀਬ ਕੁਰ ਥੋੜ੍ਹੇ ਠਰੰਮੇ ਨਾਲ ਤੇ ਡੂੰਘਾ ਹਾਉਕਾ ਲੈ ਕੇ ਫਿਰ ਕਹਿਣ ਲੱਗੀ, ‘‘...ਵੇਖ ਲੈ ਧੀਏ, ਬੰਦਿਆਂ ਬਿਨਾ ਘਰ ਨਹੀਂ ਚੱਲਦੇ ਹੁੰਦੇ। ਜਿਸ ਘਰੇ ਜਵਾਨ ਧੀਆਂ ਹੋਣ ਉਹ ਘਰ ਸੁੰਝੇ ਨਹੀਂ ਸੋਭਦੇ। ਦੂਸਰਾ ਤੈਨੂੰ ਪਤਾ ਮੂਹਰੇ ਕੜਕਦੀ ਸਰਦੀ ’ਚ ਕਿਵੇਂ ਟੈਮ ਪਾਸ ਹੋਊ ਬਾਹਰ? ਇਹ ਤਾਂ ਐਵੇਂ ਕਮਲ ਜਿਹਾ ਮਾਰੀ ਜਾਂਦੇ ਨੇ ਜਿਹੜਾ ਬੰਦਾ ਆਪਣੀ ਪਰਵਾਹ ਨਹੀਂ ਕਰਦਾ ਉਹਨੂੰ ਭਲਾ ਕਿਵੇਂ ਅੱਖਾਂ ਤੋਂ ਓਹਲੇ ਤੋਰ ਦੇਵਾਂ। ਇਹ ਉੱਥੇ ਜਾਹ ਕੇ ਮਗਰੋਂ ਸਾਰਾ ਕੁਝ ਭੁੱਲ ਜਾਂਦੇ ਨੇ ਬਈ ਪਿੱਛੇ ਕੋਈ ਹੈਗਾ ਜਾਂ ਨਹੀਂ। ਇਹਨੂੰ ਸਾਰੀ ਉਮਰ ਲੋਕ ਸੇਵਾ ਦਾ ਭੂਤ ਚਿੰਬੜਿਆ ਰਿਹੈ।’’‘‘ਮੰਮੀ ਪਲੀਜ਼, ਮੇਰੇ ਕਹਿਣ ’ਤੇ ਇੱਕ ਵਾਰੀ। ਤੁਸੀਂ ਦਿਲ ਨਾ ਤੋੜਿਓ ਪਾਪਾ ਦਾ। ਇਸ ਤੋਂ ਬਾਅਦ ਆਪਾਂ ਮੇਰੇ ਫਾਈਨਲ ਪੇਪਰਾਂ ਦਾ ਬਹਾਨਾ ਲਾ ਕੇ ਵਾਪਸ ਸੱਦ ਲਵਾਂਗੇ।’’‘‘ਚਲੋ ਜੇ ਤੁਸੀਂ ਸਾਰਿਆਂ ਨੇ ਮਤਾ ਪਕਾ ਹੀ ਲਿਆ ਤਾਂ ਫਿਰ ਮੈਂ ਐਵੇਂ ਟੰਗ ਕਿਉਂ ਅੜਾਉਣੀ ਆ। ਮੈਂ ਸਭ ਸਮਝਦੀ ਆਂ। ਹੁਣ ਆਪਣੀ ਸਲਾਹ ਤੋਂ ਬਾਅਦ ਸ਼ਾਮਾਂ ਤਾਈ ਤਿਆਰੀ ਖਿੱਚ ਲੈਣੀ ਆ ਏਹਨੇ। ਤੁਸੀਂ ਦੋਵੇਂ ਜਾਣੀਆਂ ਰਲ ਕੇ ਇਹਦਾ ਬੋਰੀ ਬਿਸਤਰਾ ਬੰਨ੍ਹਣ ਲੱਗ ਜਾਓ। ਬਾਕੀ ਦਵਾਈਆਂ ਪਾਉਣੀਆਂ ਨਾ ਭੁੱਲ ਜਾਇਓ। ਖਾਣੀ ਤਾਂ ਇਹਨੇ ਹੈ ਨੀ। ਇਹ ਕਿਹੜਾ ਮੰਨਦਾ ਕਿਸੇ ਡਾਕਟਰ ਨੂੰ ਕੁਸ਼।’’ਮਾਂ ਦੀ ਕਹੀ ਹੋਈ ਇੱਕ-ਇੱਕ ਗੱਲ ਉਸ ਵਕਤ ਸੌ ਫ਼ੀਸਦੀ ਸੱਚੀ ਨਿਕਲੀ ਜਦੋਂ ਸ਼ਾਮ ਤਾਈਂ ਪਾਪਾ ਜੀ ਨੇ ਬੈਗ ਮੋਢੇ ’ਚ ਪਾ ਕੇ ਸਾਥੋਂ ਅਲਵਿਦਾ ਲੈਂਦਿਆਂ ਆਖਿਆ।‘‘ਬੱਚਿਓ! ਮੇਰੇ ਮਗਰੋਂ ਆਪਣੀ ਮਾਂ ਦਾ ਖ਼ਿਆਲ ਰੱਖਿਓ। ਇਹਦੇ ਨਾਲ ਕੰੰਮ ’ਚ ਹੱਥ ਵਟਾਉਂਦੇ ਰਿਹੋ। ਮੈਂ ਆਪ ਹੀ ਬਹੁਤੇ ਦਿਨ ਨਹੀਂ ਲਾਉਂਦਾ। ਬਸ ਹਫ਼ਤੇ ਕੁ ਤੱਕ ਵਾਪਸ ਆ ਜਾਵਾਂਗਾ। ਜਿੱਦੇਂ ਹੀ ਨਵਰੀਤ ਦਾ ਪੇਪਰ ਹੋਇਆ ਉਸ ਤੋਂ ਦੋ ਦਿਨ ਪਹਿਲਾਂ ਮੈਨੂੰ ਫੋਨ ਕਰ ਦਿਓ। ਮੈਂ ਸਵੇਰੇ ਨੁੁੂੰ ਜੈਤੋ ਦੇ ਵਾਰੇ ਵਾਂਗੂ ਤੁਹਾਡੇ ਸਾਹਮਣੇ ਹੋਵਾਂਗਾ।’’

‘‘ਪਾਪਾ ਜੀ, ਜਦੋਂ ਤੁਹਾਨੂੰ ਮੰਮੀ ਵਾਰ-ਵਾਰ ਆਖੀ ਜਾਂਦੇ ਨੇ ਫਿਰ ਤੁਸੀਂ ਰੁਕਦੇ ਕਿਉਂ ਨਹੀਂ?’’ ਇਸ ਵਾਰ ਦਿਲਬਾਗ ਦੀ ਛੋਟੀ ਬੇਟੀ ਦਿਸ਼ਾ ਨੇ ਅੱਖਾਂ ਭਰਦਿਆਂ ਕਿਹਾ।

‘‘ਓ ਹੋ! ਤੂੰ ਤਾਂ ਕੁੜੇ ਮੇਰਾ ਸ਼ੇਰ ਪੁੱਤ ਏਂ। ਮੈਨੂੰ ਲੱਗਦਾ ਸੀ ਇਸ ਵਾਰ ਤੂੰ ਹੱਸ ਕੇ ਭੇਜੇਂਗੀ ਮੈਨੂੰ। ਆਹ! ਵੇਖ ਲੈ ਨਵਰੀਤ ਖੜ੍ਹੀ ਹੱਸੀ ਜਾਂਦੀ ਏ।’’

‘‘ਬਸ ਤੁਸੀਂ ਵੀ ਪਾਪਾ, ਐਵੇਂ ਈ। ਹੱਸਦੀ-ਹੁਸਦੀ ਨਵਰੀਤ ਦੀਦੀ ਵੀ ਨਹੀਂ। ਚੰਗਾ ਜਾਓ। ਹੁਣ ਕਿਤੇ ਪਹਿਲਾਂ ਸਮਾਧੀ ਲਾ ਕੇ ਨਾ ਬਹਿ ਜਾਇਓ।’’

‘‘ਬੱਚਿਓ! ਹੁਣ ਥੋੜ੍ਹਾ ਥੋੜ੍ਹਾ ਤੁਸੀਂ ਵੀ ਆਪਣੇ ਪੈਰਾਂ ’ਤੇ ਖੜ੍ਹਿਆ ਕਰੋ। ਜੇਕਰ ਆਦਮੀ ਦੇ ਸੁਪਨੇ ਵੱਡੇ ਹੋਣ ਤਾਂ ਓਨੀ ਵੱਡੀ ਹਿੰਮਤ ਵੀ ਰੱਖਣੀ ਚਾਹੀਦੀ ਹੈ। ਮੈਂ ਤਾਂ ਤਹਾਨੂੰ ਹਰ ਵੇਲੇ ਇਹੋ ਕੁਝ ਸਿਖਾਇਆ ਜ਼ਿੰਦਗੀ ’ਚ। ਲੋਕਾਂ ਵਿੱਚ ਰਹਿਣ ਲਈ ਸਾਨੂੰ ਹਮੇਸ਼ਾ ਆਪਣਾ ਹੌਸਲਾ ਵੱਡਾ ਰੱਖ ਕੇ ਹੀ ਜਿਊਣਾ ਪੈਂਦਾ ਕਿਉਂਕਿ ਛੋਟੇ ਹੌਸਲੇ ਵਾਲੇ ਲੋਕ ਦੁਨੀਆਂ ਦੀ ਦਮੂੰਹੀ ਆਰੀ ਦਾ ਸਾਹਮਣਾ ਨਹੀਂ ਕਰ ਸਕਦੇ। ਕਿਸੇ ਦਰੱਖਤ ’ਤੇ ਪਾਏ ਹੋਏ ਜਾਨਵਰਾਂ ਦੇ ਆਲ੍ਹਣਿਆਂ ਨੂੰ ਗੌਰ ਨਾਲ ਵੇਖਿਓ! ਜਦੋਂ ਤੱਕ ਉਨ੍ਹਾਂ ’ਚ ਬੋਟ ਛੋਟੇ ਹੁੰਦੇ ਨੇ ਉਦੋਂ ਤੱਕ ਹੀ ਦਾਣੇ ਉਨ੍ਹਾਂ ਦੇ ਮੂੰਹ ’ਚ ਪੈਂਦੇ ਨੇ ਤੇ ਜਦੋਂ ਉਹ ਆਪਣੀ ਪਰਵਾਜ਼ ਦੇ ਕਾਬਿਲ ਹੋ ਜਾਂਦੇ ਨੇ ਫਿਰ ਕੋਈ ਨਹੀਂ ਪੁੱਛਦਾ ਬਈ ਉਹ ਭੁੱਖੇ ਨੇ ਜਾਂ ਰੱਜੇ। ਅਸਲ ’ਚ ਮੈਂ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੋਡੇ ਵਾਂਗ, ਪਰ ਵਕਤ ਦੇ ਥਪੇੜੇ ਤੇ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਮੈਨੂੰ ਕਾਫ਼ੀ ਕੁਝ ਸਿਖਾ ਗਈ ਜੋ ਹੁਣ ਮੈਂ ਕਿਸੇ ਨਾ ਕਿਸੇ ਰੂਪ ’ਚ ਤੁਹਾਨੂੰ ਦੱਸਦਾ ਰਹਿੰਦਾਂ। ਬੇਸ਼ੱਕ ਮੈਨੂੰ ਤੁਹਾਡੇ ’ਤੇ ਬਹੁਤ ਮਾਣ ਏ ਤੇ ਮੈਂ ਆਪਣੇ ਵਿਸ਼ਵਾਸ ਦੇ ਆਧਾਰ ’ਤੇ ਕਹਿ ਸਕਦਾਂ ਕਿ ਆਉਣ ਵਾਲੇ ਸਮੇਂ ਅੰਦਰ ਤੁਸੀਂ ਆਪਣੇ ਪਰਿਵਾਰ ਤੇ ਆਪਣੇ ਪਿੰਡ ਦਾ ਨਾਮ ਜ਼ਰੂਰ ਉੱਚਾ ਕਰਨਾ ਹੈ।’’ ਇਸ ਤੋਂ ਬਾਅਦ ਜਾਣ ਤੋਂ ਪਹਿਲਾਂ ਉਹ ਆਪਣੀ ਜੀਵਣ ਸਾਥਣ ਨੂੰ ਕਹਿਣ ਲੱਗਿਆ, ‘‘ਵੇਖ ਭਾਗਵਾਨੇ! ਐਹੋ ਜੇ ਲਾਸਾਨੀ ਘੋਲ ਜ਼ਿੰਦਗੀ ’ਚ ਵਾਰ-ਵਾਰ ਨਹੀਂ ਲੜੇ ਜਾਂਦੇ। ਜੇਕਰ ਮੌਕਾ ਮਿਲਿਆ ਤਾਂ ਪਿੰਡ ਦੇ ਅਗਲੇ ਜਥੇ ਨਾਲ ਤੁਸੀਂ ਵੀ ਇੱਕ ਦੋ ਦਿਨ ਲਈ ਆ ਜਾਇਓ।’’

‘‘ਮੇਰੀ ਗੱਲ ਸੁਣੋ, ਜੇ ਤੁਸੀਂ ਕੱਲਿਆ ਨੇ ਜਾਣਾ ਤਾਂ ਚਲੇ ਜਾਓ। ਬਾਹਰ ਸੱਥ ’ਚ ਜਾਣ ਵਾਲੀ ਪਿੰਡ ਦੀ ਸਾਂਝੀ ਗੱਡੀ ਤੁਹਾਨੂੰ ਉਡੀਕੀ ਜਾਂਦੀ ਹੈ। ਐਵੇਂ ਸਾਨੂੰ ਪੁੱਠੀਆਂ ਜਿਹੀਆਂ ਮੱਤਾਂ ਨਾ ਦਿਓ। ਸੁੱਖ ਨਾਲ ਸਾਡੇ ਸਾਰਿਆਂ ਦੀ ਹਾਜ਼ਰੀ ਨੂੰ ਤੁਸੀਂ ਹੀ ਵਾਧੂ ਹੋ।’’ ਕੁਲਵੀਰ ਨੇ ਹੱਸਦੇ ਹੋਏ ਏਨਾ ਕਹਿ ਕੇ ਦਿਲਬਾਗ ਨੂੰ ਘਰੋਂ ਵਿਦਾ ਕੀਤਾ। ਇਧਰ ਅਜੇ ਰੋਟੀ ਟੁੱਕ ਤੇ ਪਸ਼ੂਆਂ ਦੀ ਸਾਂਭ-ਸੰਭਾਲ ਕਰ ਕੇ ਕੁਲਵੀਰ ਆਪਣੀਆਂ ਕੁੜੀਆਂ ’ਚ ਬੈਠ ਕੇ ਦਿਲਬਾਗ ਦੀ ਗੱਲ ਤੋਰਨ ਹੀ ਲੱਗੀ ਸੀ ਕਿ ਉਸੇ ਵੇਲੇ ਦਿਲਬਾਗ ਨੇ ਬੇਟੀ ਨਵਰੀਤ ਨੂੰ ਫੋਨ ਕਰਕੇ ਕਿਹਾ, ‘‘ਬੱਚੇ! ਅਸੀਂ ਹਰਿਆਣਾ ’ਚ ਦਾਖ਼ਲ ਹੋ ਚੁੱਕੇ ਹਾਂ। ਜੇਕਰ ਤੂੰ ਸੱਚ ਪੁੱਛੇਂ ਤਾਂ ਇਨ੍ਹਾਂ ਹਰਿਆਣੇ ਵਾਲੇ ਭਰਾਵਾਂ ਨੇ ਨਜ਼ਾਰਾ ਲਿਆਂਦਾ ਪਿਆ। ਥਾਂ-ਥਾਂ ’ਤੇ ਦੁੱਧ ਖੀਰਾਂ ਦੇ ਲੰਗਰ। ਪਤਾ ਨਹੀਂ ਕਾਹਦੇ-ਕਾਹਦੇ ਲੰਗਰ ਲਾਏ ਪਏ ਆ। ਸਾਡੇ ਲੀਡਰਾਂ ਨੇ ਐਵੇਂ ਹੀ ਦੋਵੇਂ ਭਰਾਵਾਂ ਨੂੰ ਪਾੜੀ ਰੱਖਿਆ। ਬਾਕੀ ਸਵੇਰੇ ਗੱਲ ਕਰੂੰਗਾ ਟਕਾਣੇ ’ਤੇ ਪਹੁੰਚ ਕੇ।’’ ਦੂਸਰੇ ਦਿਨ ਸੁਵਖਤੇ ਫਿਰ ਨਵਰੀਤ ਨਾਲ ਗੱਲ ਕਰ ਕੇ ਦਿਲਬਾਗ ਨੇ ਪਹਿਲੀ ਜਾਣਕਾਰੀ ਨਵਰੀਤ ਨੂੰ ਇਹੀ ਦਿੱਤੀ, ‘‘ਬੱਚੇ! ਮੈਂ ਆਪਣੀ ਦਵਾਈ ਵੀ ਟਾਈਮ ਨਾਲ ਲੈ ਲਈ। ਆਪਣੀ ਮਾਂ ਨੂੰ ਦੱਸ ਦੇਈਂ।’’ ਉਸ ਦਿਨ ਤੋਂ ਬਾਅਦ ਉਹ ਰੋਜ਼ ਨੇਮ ਨਾਲ ਧਰਨੇ ’ਚੋਂ ਘਰੇ ਫੋਨ ’ਤੇ ਸਾਰੇ ਜਣਿਆਂ ਨਾਲ ਗੱਲ ਜ਼ਰੂਰ ਕਰਦਾ ਤੇ ਨਾਲ-ਨਾਲ ਸਰਕਾਰ ਵੱਲੋਂ ਹੋ ਰਹੀਆਂ ਕੋਝੀਆਂ ਚਾਲਾਂ ਦੀ ਛਾਣ-ਬੀਣ ਕਰ ਕੇ ਉਸ ਦੇ ਪੁਖ਼ਤਾ ਹੱਲ ਲਈ ਨਵਰੀਤ ਦੀ ਸਲਾਹ ਵੀ ਮੰਗ ਲੈਂਦਾ। ਇਧਰ ਹਫ਼ਤਾ ਕੁ ਲੰਘਣ ਸਾਰ ਨਵਰੀਤ ਦੇ ਪੀ.ਸੀ.ਐੱਸ ਦੇ ਫਾਈਨਲ ਪੇਪਰ ਦੀ ਤਾਰੀਖ਼ ਵੀ ਉਸ ਦੀ ਮੇਲ ’ਤੇ ਪਾ ਦਿੱਤੀ ਗਈ। ਆਪਣੇ ਵਾਅਦੇ ਮੁਤਾਬਿਕ ਉਸ ਨੇ ਪਾਪਾ ਨੂੰ ਫੋਨ ਕਰ ਕੇ ਪੂਰੇ ਹਫ਼ਤੇ ਬਾਅਦ ਘਰੇ ਆਉਣ ਲਈ ਕਹਿ ਦਿੱਤਾ। ਇੰਤਜ਼ਾਰ ’ਚ ਲੰਘਦੇ ਦਿਨ ਉਸ ਦੇ ਪਰਿਵਾਰ ਨੂੰ ਪਹਾੜਾਂ ਜਿੱਡੇ ਲੱਗਦੇ। ਅਖੀਰ ਜਦੋਂ ਨਵਰੀਤ ਦੇ ਪੇਪਰਾਂ ’ਚ ਆਖ਼ਰੀ ਦੋ ਦਿਨ ਰਹਿ ਗਏ ਤਾਂ ਉਸ ਨੇ ਫੋਨ ’ਤੇ ਦੁਬਾਰਾ ਫਿਰ ਆਪਣੇ ਪਾਪਾ ਨੂੰ ਕਿਹਾ, ‘‘ਪਾਪਾ ਜੀ! ਤੁਸੀਂ ਤਾਂ ਕਹਿੰਦੇ ਸੀ ਕਿ ਮੇਰੇ ਪੇਪਰ ਤੋਂ ਪਹਿਲਾਂ ਝੱਟ ਵਾਪਸ ਆ ਜਾਓਗੇ।’’

‘‘ਆਵਾਂਗਾ ਕਿਉਂ ਨਹੀਂ ਬੱਚੇ! ਤੂੰ ਫ਼ਿਕਰ ਕਿਹੜੀ ਗੱਲ ਦਾ ਕਰਦੀ ਐਂ ਮੇਰੇ ਹੁੰਦੇ।’’

‘‘ਨਹੀਂ...ਪਾਪਾ ਜੀ... ਤੁਸੀਂ ਮੈਥੋਂ ਕੁਝ ਲੁਕਾਉਂਦੇ ਪਏ ਹੋ। ਤੁਹਾਡੀ ਆਵਾਜ਼ ਦੱਸਦੀ ਹੈ। ਤੁਸੀਂ ਪੂਰੀ ਤਰ੍ਹਾਂ ਠੀਕ ਨਹੀਂ ਲੱਗਦੇ... ਸੱਚ ਦੱਸਿਓ ਤੁਹਾਨੂੰ ਮੇਰੀ ਸਹੁੰ...।’’

‘‘ਬੱਚੇ! ਮੈਂ ਤੈਨੂੰ ਬਚਪਨ ਤੋਂ ਕੀ ਸਿਖਾਇਆ ਸੀ? ਮੈਨੂੰ ਲੱਗਦਾ ਤੂੰ ਭੁੱਲ ਗਈ। ਇਹ ਸਹੁੰਆਂ ਨਾ ਤਾਂ ਕਿਸੇ ਦੀਆਂ ਖਾਈਦੀਆਂ ਤੇ ਨਾ ਹੀ ਕਿਸੇ ਨੂੰ ਖਵਾਈਦੀਆਂ। ਇਹ ਕੰਮ ਤਾਂ ਕਮਜ਼ੋਰ ਦਿਲ ਵਾਲੇ ਕਰਦੇ ਨੇ। ਅਸਲ ’ਚ ਮੈਨੂੰ ਇੱਕ ਦਿਨ ਦਰਦ ਜਿਹਾ ਉੱਠਿਆ ਸੀ ਸੀਨੇ ’ਚ। ਹੁਣ ਮੈਂ ਬਿਲਕੁਲ ਠੀਕ ਹਾਂ ਐਵੇਂ ਠੰਢ ਲੱਗ ਗਈ ਸੀ।’

‘‘ਪਾਪਾ ਜੀ,’’ ਉਹ ਬਹੁਤ ਜ਼ੋਰ ਦੀ ਬੋਲੀ, ‘‘ਤੁਸੀਂ ਐਡੀ ਵੱਡੀ ਗੱਲ ਮੈਥੋਂ... ਲੁਕਾਈ ਕਿਵੇਂ...?’

‘‘ਨਹੀਂ ਨਹੀਂ ਬੱਚੇ, ਹੁਣ ਮੈਂ ਬਿਲਕੁਲ ਠੀਕ ਆਂ। ਡਾਕਟਰ ਤੋਂ ਦਵਾਈ ਚੱਲਦੀ ਸੀ। ਤੂੰ ਪੇਪਰਾਂ ਦੀ ਤਿਆਰੀ ਰੱਖੀਂ। ਮੈਂ ਅੱਜ ਜਾਂ ਕੱਲ੍ਹ ਪਹੁੰਚ ਰਿਹਾਂ। ਕੱਲ੍ਹ ਆਪਣੇ ਪਿੰਡੋਂ ਦੂਸਰੀ ਵਾਰੀ ਵਾਲੇ ਲੋਕ ਆ ਰਹੇ ਨੇ ਉਸੇ ਗੱਡੀ ’ਚ ਮੈਂ ਮੁੜ ਆਉਣਾ। ਤੂੰ ਪੇਪਰ ’ਤੇ ਜਾਣ ਤੋਂ ਲੇਟ ਨਾ ਹੋਵੀਂ। ਅਬਲੀ ਤਾਂ ਤੇਰੇ ਘਰੇ ਹੁੰਦੇ-ਹੁੰਦੇ ਮੈਂ ਪਹੁੰਚ ਜਾਊਂ। ਨਹੀਂ ਤਾਂ ਤੂੰ ਸਵੇਰੇ ਨਿਕਲ ਜਾਵੀਂ ਵਕਤ ਸਿਰ। ਬਾਕੀ ਆਪਣੀ ਮੰਮੀ ਤੇ ਛੋਟੀ ਨੂੰ ਨਾ ਦੱਸੀਂ ਐਵੇਂ ਫ਼ਿਕਰ ਕਰਨਗੀਆਂ।’’ ਦਿਲਾਂ ਨੂੰ ਦਿਲਾਂ ਦੀ ਰਾਹ ਹੋਣ ਕਰਕੇ ਕੁਲਵੀਰ ਨੇ ਕਿਹਾ, ‘‘ਕਿਉਂ ਕੁੜੇ, ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ। ਤੁਸੀਂ ਪਿਉ ਧੀਆਂ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਮੇਰੇ ਤਾਂ ਆਪ ਕਈ ਦਿਨਾਂ ਤੋਂ ਦਿਲ ਨੂੰ ਡੋਬ ਜਿਹੇ ਪਈ ਜਾਂਦੇ ਨੇ, ਪਰ ਦੱਸਦੀ ਕਿਸ ਕੋਲੇ ਕੋਈ ਸੁਣਨ ਵਾਲਾ ਤਾਂ ਹੋਵੇ? ਮੈਨੂੰ ਤਾਂ ਚੰਦਰਾ ਦੱਸਦਾ ਹੀ ਨਹੀਂ ਕੁਸ਼। ਸਾਰੀ ਉਮਰ ਰੱਬ ਦੇ ਬੰਦੇ ਨੇ ਕਦੇ ਸਿਰ ਦੁਖਦੇ ਦਾ ਉਲਾਂਮ੍ਹਾ ਨਹੀਂ ਦਿੱਤਾ। ਕਮ ਸੇ ਕਮ ਹੁਣ ਤੂੰ ਹੀ ਦੱਸਦੇ ਉਸ ਨੂੰ ਹੋਇਆ ਕੀ ਐ?’’

‘‘ਹੋਣਾ ਕੀ ਏ ਮਾਂ, ਮਾੜੀ-ਮੋਟੀ ਠੰਢ ਲੱਗ ਗਈ ਸੀ। ਹੁਣ ਤਾਂ ਪਾਪਾ ਨੌਂ-ਬਰ-ਨੌਂ ਏ। ਐਵੇਂ ਤੂੰ ਤੇ ਛੋਟੀ ਕੋਈ ਫ਼ਿਕਰ ਨਾ ਕਰੋ। ਉਨ੍ਹਾਂ ਕੱਲ੍ਹ ਸਵੇਰੇ ਆ ਜਾਣਾ।’’

‘‘ਮੈਂ ਤਾਂ ਕਹਿੰਨੀ ਆਂ ਪੁੱਤ, ਤੂੰ ਵੀ ਰਹਿਣ ਦੇ ਪੇਪਰ ’ਤੇ ਜਾਣ ਨੂੰ। ਮੈਨੂੰ ਤਾਂ ਡਰ ਜਿਹਾ ਲੱਗੀ ਜਾਂਦਾ।’’‘‘ਜਾਵਾਂ ਕਿਵੇਂ ਨਾ ਮਾਂ? ਪਾਪਾ ਨੇ ਜਿਸ ਬੂਟੇ ਨੂੰ ਪਾਣੀ ਤੇ ਖਾਦ ਦੀ ਥਾਂ ਆਪਣਾ ਖ਼ੂਨ ਪਾ-ਪਾ ਕੇ ਵੱਡਾ ਕੀਤਾ ਹੁਣ ਉਸ ਨੂੰ ਵੇਲਾ ਆਇਆ ਫੁੱਲ ਲੱਗਣ ਦਾ ਤਾਂ ਉਹ ਪੁੱਟ ਕੇ ਕਿਵੇਂ ਸੁੱਟ ਦੇਈਏ? ਬਾਕੀ ਕੱਲ੍ਹ ਨੂੰ ਛੋਟੀ ਸਾਰਾ ਦਿਨ ਘਰੇ ਹੀ ਹੈ ਤੇਰੇ ਕੋਲ।’’ ਨਵਰੀਤ ਐਨਾ ਕਹਿ ਕੇ ਪੂਰੀ ਰਾਤ ਆਪਣੇ ਪੇਪਰ ਦੀ ਤਿਆਰੀ ਕਰਦੀ ਰਹੀ ਤੇ ਦੂਸਰੇ ਦਿਨ ਸੁਵਖਤੇ ਹੀ ਪਹਿਲੀ ਬੱਸ ਚੰਡੀਗੜ੍ਹ ਨਿਕਲਣ ਤੋਂ ਪਹਿਲਾਂ ਮਾਂ ਨਾਲ ਸਲਾਹ ਕਰ ਕੇ ਪਾਪਾ ਨੂੰ ਫੋਨ ਕਰਨ ਤੋਂ ਇਸ ਗੱਲ ਲਈ ਪਾਸਾ ਵੱਟ ਲਿਆ ਕਿ ਸਵੇਰੇ-ਸਵੇਰੇ ਕਾਹਨੂੰ ਤੰਗ ਕਰਨਾ। ਬਾਕੀ ਗੱਲਾਂ ਵਾਪਸ ਆ ਕੇ ਹੋਣਗੀਆਂ। ਆਪਣੇ ਪਾਪਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਸਤੇ ’ਚ ਨਵਰੀਤ ਨੇ ਸਫ਼ਰ ਕਰਦਿਆਂ ਵੀ ਆਪਣਾ ਇੱਕ ਮਿੰਟ ਵੀ ਅਜਾਈਂ ਨਹੀਂ ਜਾਣ ਦਿੱਤਾ। ਸੈਂਟਰ ਪਹੁੰਚ ਕੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਉਸ ਨੇ ਇੱਕ ਵਾਰ ਪਾਪਾ ਨੂੰ ਫੋਨ ਜ਼ਰੂਰ ਲਾਇਆ, ਪਰ ਅੱਗਿਓਂ ਕੋਈ ਜਵਾਬ ਨਾ ਮਿਲਣ ਕਰਕੇ ਆਪਣੇ ਸਮੇਂ ਨੂੰ ਵੇਖ ਉਹ ਫੋਨ ਜਮ੍ਹਾਂ ਕਰਵਾ ਸੈਂਟਰ ਵਾਲੇ ਕਮਰੇ ’ਚ ਦਾਖ਼ਲ ਹੋ ਗਈ। ਪੇਪਰ ਨੂੰ ਪੂਰੀ ਇਕਾਗਰਤਾ ਨਾਲ ਅਟੈਂਡ ਕਰਨ ਤੋਂ ਬਾਅਦ ਉਸ ਨੇ ਕੁਝ ਘੰਟਿਆਂ ਬਾਅਦ ਬਾਹਰ ਆ ਕੇ ਫੋਨ ਨੂੰ ਬੰਦ ਪਿਆ ਵੇਖਿਆ। ਸਾਮਾਨ ਲੈ ਕੇ ਉਹ ਕਾਹਲੀ ਨਾਲ ਆਟੋ ਫੜ ਖਰੜ ਵਾਲੇ ਬੱਸ ਸਟੈਂਡ ’ਤੇ ਉਤਰ ਗਈ। ਫਿਰ ਆਪਣੇ ਪਿੰਡ ਮਾਜਰੀ ਵਾਲੀ ਬੱਸ ਨੂੰ ਕੁਝ ਮਿੰਟ ਉਡੀਕਣ ਤੋਂ ਬਾਅਦ ਜਦੋਂ ਉਸ ਨੂੰ ਚੈਨ ਨਹੀਂ ਆਇਆ ਤਾਂ ਉਹਨੇ ਜਕੋ-ਤਕੀ ’ਚ ਕਿਸੇ ਤੋਂ ਫੋਨ ਫੜ ਕੇ ਜਿਵੇਂ ਹੀ ਘਰੇ ਕਾਲ ਕੀਤੀ ਤਾਂ ਬਹੁਤ ਸਾਰੀਆਂ ਕਾਲਾਂ ਵੱਜਣ ਤੋਂ ਬਾਅਦ ਵੀ ਕਿਸੇ ਨੇ ਫੋਨ ਨਾ ਚੁੱਕਿਆ। ਇਸ ਕਰਕੇ ਉਹ ਆਪਣੇ ਪਾਪਾ ਬਾਰੇ ਹੋਰ ਵੀ ਫ਼ਿਕਰਮੰਦ ਹੋ ਕੇ ਆਪਣੀ ਬੱਸ ਦੀ ਉਡੀਕ ਕਰਦੀ ਕਈ ਵਾਰ ਅੱਖਾਂ ਭਰ-ਭਰ ਅੰਦਰਲੀ ਵੇਦਨਾ ਨੂੰ ਅੰਦਰ ਹੀ ਮੋੜਦੀ ਰਹੀ। ਪਾਪਾ ਦੀਆਂ ਯਾਦਾਂ ਦਾ ਸਮੁੰਦਰ ਉਸ ਦੇ ਸੀਨੇ ਅੰਦਰ ਕੋਹਰਾਮ ਮਚਾਉਣ ਲੱਗਾ। ਫਿਰ ਉਹ ਰਹਿ-ਰਹਿ ਕੇ ਹੋਰ ਵੀ ਬਹੁਤ ਕੁਝ ਸੋਚਣ ਲੱਗੀ ਕਿਤੇ ਪਾਪਾ ਨੂੰ... ਕੁਸ਼... ਕੁਝ ਹੀ ਪਲ ਆਪਣੇ ਆਪ ਨੂੰ ਧਰਵਾਸ... ਨਹੀਂ... ਪਾਪਾ... ਨੇ ਅਜੇ ਕੱਲ੍ਹ... ਮੇਰੇ ਨਾਲ ਆਉਣ ਦਾ ਵਾਅਦਾ ਕੀਤਾ ਸੀ। ਉਹ ਜ਼ਰੂਰ ਮੇਰੇ ਜਾਂਦੀ ਨੂੰ ਘਰੇ ਹੀ ਹੋਣਗੇ...। ਇਹੋ ਸੋਚਾਂ ਸੋਚਦੀ-ਸੋਚਦੀ ਉਹ ਕਦੋਂ ਪਿੰਡ ਵਾਲੀ ਬੱਸ ’ਚ ਬੈਠ ਗਈ ਉਸ ਨੂੰ ਖ਼ੁਦ ਵੀ ਪਤਾ ਨਹੀਂ ਚੱਲਿਆ। ਪਿੰਡ ਵਾਲੇ ਬੱਸ ਸਟੈਂਡ ਤੋਂ ਕੁਝ ਦੂਰ ਫਿਰਨੀ ’ਤੇ ਆਪਣੇ ਘਰ ਮੂਹਰੇ ਇਕੱਠ ਹੋਇਆ ਵੇਖ ਇੱਕ ਵਾਰੀ ਤਾਂ ਉਸ ਦਾ ਤ੍ਰਾਹ ਨਿਕਲ ਗਿਆ। ਥੋੜ੍ਹੀ ਦੇਰ ਬਾਅਦ ਬੱਸ ਰੁਕਣ ਸਾਰ ਉਹ ਜਿਵੇਂ ਹੀ ਘਰੇ ਵੜੀ ਤਾਂ ਸਾਹਮਣੇ ਮੰਜੇ ’ਤੇ ਜਾਨ ਤੋਂ ਪਿਆਰੇ ਪਾਪਾ ਨੂੰ ਚਿੱਟੇ ਕਫ਼ਨ ’ਚ ਲਪੇਟੇ ਵੇਖ ਉਸ ਨੇ ਪਾਪਾ ਦੀ ਲੋਥ ਨੂੰ ਜੱਫੀ ਪਾਈ। ਇੱਕ ਵਾਰ ਉੱਥੇ ਖੜ੍ਹੇ ਲੋਕਾਂ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਵਿਰਲਾਪ ਨਾਲ ਧਰਤੀ ਹੁਣੇ ਹੀ ਫਟ ਜਾਵੇਗੀ ਤੇ ਆਦਿ ਕਾਲ ਤੋਂ ਖੜ੍ਹਾ ਆਸਮਾਨ ਥੱਲੇ ਡਿੱਗ ਪਵੇਗਾ। ਨਵਰੀਤ ਦੀ ਅਜਿਹੀ ਹਾਲਾਤ ਵੇਖ ਕੇ ਉਸ ਦੀ ਮਾਂ ਕੁਲਵੀਰ ਤੇ ਛੋਟੀ ਭੈਣ ਨੇ ਉਸ ਨੂੰ ਆਪਣੇ ਕਲਾਵੇ ’ਚ ਲੈ ਕੇ ਚੁੱਪ ਕਰਵਾਉਣਾ ਚਾਹਿਆ ਤਾਂ ਉਹ ਪਾਪਾ ਨੂੰ ਹਲੂਣਦੀ ਹੋਈ ਕਹਿਣ ਲੱਗੀ, ‘‘ਪਾਪਾ, ਮੈਂ ਤੁਹਾਨੂੰ ਹੱਕਾਂ ਦੀ ਲੜਾਈ ਲਈ ਧਰਨੇ ’ਤੇ ਜਾਣ ਨੂੰ ਕਿਹਾ ਸੀ... ਤੁਸੀਂ ਤਾਂ ਦੁਨੀਆਂ ਤੋਂ ਹੀ ਚਲੇ ਗਏ। ਮੇਰੇ ਕੋਲੋਂ ਦੂਰ ਜਾਣ ਵੇਲੇ ਆਪਣੀ ਪਿਆਰੀ ਬੇਟੀ... ਤੇ ਪਰਿਵਾਰ ਲਈ ਕੁਝ ਵੀ ਨਹੀਂ ਸੋਚਿਆ?’’ ਕੁਝ ਦੇਰ ਮਗਰੋਂ ਜਿਵੇਂ ਹੀ ਦਰਦ ਹੰਝੂ ਬਣ ਕੇ ਉਸ ਦੇ ਅੰਦਰੋਂ ਨਿਕਲਿਆ ਤਾਂ ਕੁਝ ਸਿਆਣੇ ਬੰਦੇ ਤੇ ਬੁੜੀਆਂ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ, ‘‘ਪੁੱਤ, ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ। ਆਪਾਂ ਹੁਣ ਮਿੱਟੀ ਨੂੰ ਜਲਦੀ ਕਿਉਂਟੀਏ।’’ਲੋਕਾਂ ਦੀਆਂ ਗੱਲਾਂ ਮੰਨ ਨਵਰੀਤ ਮਨ ਨੂੰ ਕਰੜਾ ਕਰ ਕੇ ਆਪਣੇ ਪਾਪਾ ਦੀ ਲੋਥ ਕੋਲੋਂ ਉੱਠ ਕੇ ਕੁਝ ਹੀ ਦੂਰੀ ’ਤੇ ਬੈਠੇ ਬੰਦਿਆਂ ’ਚ ਆਪਣੇ ਪਾਪਾ ਦੇ ਬਚਪਨ ਤੋਂ ਸਾਥੀ ਰਹੇ ਬਘੇਲ ਸਿਆਂ ਦੇ ਗਲ ਲੱਗ ਕੇ ਦੁਬਾਰਾ ਫਿਰ ਹੁੱਬਕੀ-ਹੁੱਬਕੀ ਰੋਂਦੀ ਹੋਈ ਉਸ ਨੂੰ ਕਹਿਣ ਲੱਗੀ, ‘‘ਚਾਚਾ ਜੀ, ਤੁਸੀਂ ਤਾਂ ਨਾਲ ਰਹੇ ਹੋ ਸਾਰੀ ਉਮਰ ਪਾਪਾ ਦੇ। ਮੈਨੂੰ ਇੱਕ ਫੋਨ ਤਾਂ ਕਰ ਦਿੰਦੇ। ਮੈਂ ਵੀ ਜਾਂਦੀ ਵਾਰੀ ਪਾਪਾ ਨੂੰ ਘੱਟੋ-ਘੱਟ ਇਹ ਤਾਂ ਦੱਸ ਦਿੰਦੀ ਕਿ ਪਾਪਾ ਤੇਰੀ ਲਾਡੋ ਨੇ ਪੇਪਰ ਐਨੀ ਸ਼ਿੱਦਤ ਤੇ ਇਕਾਗਰ ਚਿੱਤ ਹੋ ਕੇ ਦਿੱਤੇ ਨੇ ਕਿ ਆਉਣ ਵਾਲੇ ਕੁਝ ਦਿਨਾਂ ’ਚ ਉਹ ਪਾਪਾ ਦੇ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਪਨੇ ਜਲਦੀ ਹੀ ਪੂਰੇ ਕਰ ਦੇਵੇਗੀ।’’

‘‘ਧੀਏ, ਐਡੀ ਕੋਈ ਗੱਲ ਨਹੀਂ ਸੀ। ਪਤਾ ਨੀ ਕੁਦਰਤ ਦਾ ਕੀ ਭਾਣਾ ਵਰਤ ਗਿਆ? ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਆਇਆ ਤੇਰੇ ਬਾਰੇ ਸਾਰੇ ਰਾਹ। ਹਾਂ! ਤੈਨੂੰ ਯਾਦ ਕਰਕੇ ਕਹਿੰਦਾ ਸੀ ਅੱਜ ਮੇਰੀ ਨਵਰੀਤ ਦਾ ਪੇਪਰ ਐ। ਬੱਸ! ਥੋੜ੍ਹੇ ਦਿਨਾਂ ਤਾਈਂ ਉਹਨੇ ਅਫ਼ਸਰ ਬਣ ਜਾਣਾ। ਫਿਰ ਦੇਖੀਂ ਆਪਾਂ ਕਿਸੇ ਕਿਰਤੀ ਤੇ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਣਾ। ਤੇਰੇ ਪਾਪਾ ਦੇ ਕਹਿਣ ’ਤੇ ਅਸੀਂ ਵੀ ਸਾਰਿਆਂ ਨੇ ਤੈਨੂੰ ਸੈਂਕੜੇ ਫੋਨ ਲਾਏ ਬਾਅਦ ’ਚ। ਪਰ ਪਤਾ ਨਹੀਂ ਕਿਉਂ ਕੁਝ ਸਮੇਂ ਵਿੱਚ ਤੇਰਾ ਫੋਨ ਬੰਦ ਆਉਣ ਲੱਗ ਪਿਆ। ਬੱਚੇ ਇੱਕ ਸਾਧਾਰਨ ਪਰਿਵਾਰ ਦੇ ਜ਼ਿਮੀਂਦਾਰ ਦੀ ਐਡੀ ਵੱਡੀ ਸੋਚ ਨੂੰ ਅਸੀਂ ਵੀ ਸਾਰੇ ਸਿਜਦਾ ਕਰਦੇ ਹਾਂ ਜਿਸਨੇ ਸਾਰੀ ਉਮਰ ਲੋਕ ਘੋਲਾਂ ਲਈ ਤੇ ਸੰਘਰਸ਼ੀ ਲੋਕਾਂ ਦੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਲਈ ਲਾ ਦਿੱਤੀ।’’ਠਾਠਾਂ ਮਾਰਦੇ ਇਕੱਠ ’ਚ ਬਘੇਲ ਸਿਆਂ ਦੀ ਗੱਲ ਪੂਰੀ ਹੋਣ ਸਾਰ ਕਿਸੇ ਲਾਗੀ ਨੇ ਉਸ ਦਾ ਮੋਢਾ ਹਲੂਣ ਕੇ ਹੌਲੀ ਦੇਣੇ ਮਗਰੋਂ ਉਸ ਦੇ ਕੰਨ ’ਚ ਜਿਵੇਂ ਹੀ ਇਹ ਗੱਲ ਕਹੀ, ‘‘ਬੇਲੀ ਸਿਆਂ, ਮੇਰਾ ਵੀਰ ਆਪਾਂ ਹੁਣ ਚੱਲੀਏ। ਮੂਹਰੇ ਆਥਣ ਹੁੰਦਾ ਜਾਂਦਾ। ਦਿਲਬਾਗ ਦੇ ਕਾਨ੍ਹੀ ਲੱਗਣ ਲਈ ਰਿਸ਼ਤੇਦਾਰੀ ਦੇ ਚਾਰ ਮੁੰਡੇ ਤਿਆਰ ਕਰ ਲਵੋ।’’ਇਧਰ ਲਾਗੀ ਦੀ ਕਹੀ ਹੋਈ ਗੱਲ ਨਵਰੀਤ ਦੇ ਕੰਨੀਂ ਪਈ ਤਾਂ ਉਹਨੇ ਉਸੇ ਵਕਤ ਕੋਲ ਖੜ੍ਹੇ ਬਘੇਲ ਸਿਆਂ ਨੂੰ ਕਿਹਾ, ‘‘ਚਾਚਾ ਜੀ, ਹੱਕਾਂ ਲਈ ਸ਼ਹੀਦ ਹੋਏ ਪਾਪਾ ਦੇ ਕਾਨ੍ਹੀ ਲੱਗਣ ਲਈ ਭਾਵੇਂ ਪੂਰਾ ਇਲਾਕਾ ਖੜ੍ਹਾ ਹੈ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਮੂਹਰੇ ਕਾਨ੍ਹੀਂ ਅਸੀਂ ਦੋਵੇਂ ਭੈਣਾਂ ਲੱਗੀਏ। ਜਿਸ ਬਾਪ ਨੇ ਸਾਨੂੰ ਮੋਢਿਆਂ ’ਤੇ ਚੱਕ-ਚੱਕ ਸਾਰਾ ਬਚਪਨ ਖਿਡਾਇਆ ਅੱਜ ਸਾਨੂੰ ਵੀ ਉਸ ਦੀ ਮੁਹੱਬਤ, ਪਿਆਰ ਦਾ ਥੋੜ੍ਹਾ ਜਿਹਾ ਮੁੱਲ ਮੋੜ ਲੈਣ ਦਿਓ।’’ ਬਘੇਲ ਸਿਆਂ ਤੋਂ ਆਗਿਆ ਲੈ ਕੇ ਨਵਰੀਤ ਨੇ ਛੋਟੀ ਭੈਣ ਨਾਲ ਲੱਗ ਬਾਪ ਦੀ ਅਰਥੀ ਦੇ ਸਿਰੇ ਨੂੰ ਹੱਥ ਪਾਉਣ ਤੋਂ ਪਹਿਲਾਂ ਇਹ ਆਖ਼ਰੀ ਸ਼ਬਦ ਕਹਿ ਕੇ ਅਰਥੀ ਚੁੱਕ ਲਈ, ‘‘ਪਾਪਾ ਜੀ, ਤੁਸੀਂ ਸਾਰੀ ਉਮਰ ਹੱਕੀ ਸੰਘਰਸ਼ਾਂ ਲਈ ਹਰ ਨਾਇਨਸਾਫ਼ੀ ਵਿਰੁੱਧ ਲੜਦੇ ਰਹੇ ਹੋ। ਉਵੇਂ ਹੀ ਆਉਣ ਵਾਲੇ ਸਮੇਂ ’ਚ ਤੁਹਾਡੀ ਬੇਟੀ ਇਸ ਸਿਸਟਮ ’ਚ ਰਹਿ ਕੇ ਕਿਰਤੀਆਂ ਤੇ ਕਿਸਾਨਾਂ ਦੀ ਲੜਾਈ ਲੜਦੀ ਰਹੇਗੀ ਸਾਰੀ ਉਮਰ।’’