ਨੇਬਰਾਸਕਾ ਦੀ ਰਾਜਧਾਨੀ ਵਿਚ ਗਵਰਨਰ ਦੇ ਦਫਤਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਸਥਾਪਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨੇਬਰਾਸਕਾ ਰਾਜ ਦੀ ਰਾਜਧਾਨੀ ਲਿਨਕੋਲਨ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਗਵਰਨਰ ਦੇ ਦਫਤਰ ਵਿਚ ਕਾਂਸੀ ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਗਵਰਨਰ ਪਿਲੇਨ, ਭਾਰਤੀ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਤੇ ਹੋਰ ਅਹਿਮ ਸਖਸ਼ੀਅਤਾਂ ਹਾਜਰ ਸਨ। ਇਸ ਮੌਕੇ ਹੋਏ ਸਮਾਗਮ ਵਿਚ ਹਰ ਸਾਲ ਸਮੁੱਚੇ ਰਾਜ ਵਿਚ 6 ਦਸੰਬਰ ਨੂੰ ਸਰਕਾਰੀ ਪੱਧਰ 'ਤੇ ਮਹਾਤਮਾ ਗਾਂਧੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਸਮਾਗਮ ਵਿਚ ਬੁਲਾਰਿਆਂ ਨੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਖਾਸ ਤੌਰ 'ਤੇ ਉਨਾਂ ਦੇ ਅਹਿੰਸਾਵਾਦੀ ਸਿਧਾਂਤ ਦੀ ਅੱਜ ਦੇ ਸਮੇ ਵਿਚ ਲੋੜ ਉਪਰ ਜੋਰ ਦਿੱਤਾ। ਗਵਰਨਰ ਨੇ ਕਿਹਾ ਕਿ ਇਹ ਮੂਰਤੀ ਸਾਨੂੰ ਮਹਾਤਮਾ ਦੀਆਂ ਸਿੱਖਿਆਵਾਂ ਨੂੰ ਯਾਦ ਕਰਵਾਉਂਦੀ ਰਹੇਗੀ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅਪਣਾ ਕੇ ਸਮਾਜ ਵਿਚ ਅਮਨ ਤੇ ਭਾਈਚਾਰੇ ਨੂੰ ਬੜਾਵਾ ਦਿੱਤਾ ਜਾ ਸਕਦਾ ਹੈ। ਲੈਫਟੀਨੈਂਟ ਗਵਰਨਰ ਜੋਇ ਕੈਲੀ ਤੇ ਸਾਬਕਾ ਨੇਬਰਾਸਕਾ ਸੈਨਟ ਮੈਂਬਰ ਬੇਨ ਨੈਲਸਨ ਨੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ ਬਾਰੇ ਬੋਲਦਿਆਂ ਕਿਹਾ ਕਿ ਉਨਾਂ ਦੀ ਅਹਿੰਸਾ ਤੇ ਅੰਦੋਲਨ ਸਤਿਆਗ੍ਰਹਿ ਪ੍ਰਤੀ ਪਹੁੰਚ ਅੱਜ ਦੀਆਂ ਚੁਣੌਤੀਆਂ ਨੂੰ ਹੱਲ ਕਰ ਸਕਦੀ ਹੈ। ਸਮਾਗਮ ਵਿਚ ਕਾਫੀ ਗਿਣਤੀ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕ ਵੀ ਹਾਜਰ ਸਨ।
Comments (0)