ਮਸ਼ਹੂਰ ਹਾਕੀ ਵੈਟਰਨ ਮੁਹੰਮਦ ਸ਼ਾਹਿਦ

ਮਸ਼ਹੂਰ ਹਾਕੀ ਵੈਟਰਨ ਮੁਹੰਮਦ ਸ਼ਾਹਿਦ

ਖੇਡ ਸੰਸਾਰ

1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ ਖੇਡਣ ਵਾਲੇ ਏਸ਼ੀਅਨ ਖੇਡਾਂ, ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਮੁਹੰਮਦ ਸ਼ਾਹਿਦ, 1960 'ਚ ਵਾਰਾਨਸੀ ਵਿਖੇ ਪੈਦਾ ਹੋਏ। ਇਹ ਉਹੀ ਸਾਲ ਸੀ ਜਦੋਂ ਭਾਰਤ ਪਹਿਲੀ ਵਾਰ ਉਲੰਪਿਕ ਹਾਕੀ 'ਚ ਗੋਲਡ ਮੈਡਲ ਤੋਂ ਬਗੈਰ ਮੁੜਿਆ ਸੀ। ਸਕੂਲ ਦੇ ਦਿਨਾਂ 'ਚ ਛੇਤੀ ਉਨ੍ਹਾਂ ਨੇ ਹਾਕੀ ਨੂੰ ਚੁਣ ਲਿਆ। ਲਖਨਊ ਸਪੋਰਟਸ ਹੋਸਟਲ ਨੇ ਉਨ੍ਹਾਂ ਦੇ ਕੈਰੀਅਰ 'ਚ ਇਕ ਅਹਿਮ ਰੋਲ ਅਦਾ ਕੀਤਾ। 1979 'ਚ ਆਗਾ ਖ਼ਾਨ ਕੱਪ ਟੂਰਨਾਮੈਂਟ 'ਚ ਸ਼ਾਹਿਦ ਲਖਨਊ ਸਪੋਰਟਸ ਹੋਸਟਲ ਵਲੋਂ ਖੇਡੇ। ਉਨ੍ਹਾਂ ਦਿਨਾਂ ਵਿਚ ਇਸ ਨੌਨਿਹਾਲ ਹਾਕੀ ਖਿਡਾਰੀ ਨੇ ਭਾਰਤੀ ਹਾਕੀ 'ਚ ਇਕ ਤਹਿਲਕਾ ਜਿਹਾ ਮਚਾਇਆ ਹੋਇਆ ਸੀ। ਹਾਕੀ ਪੰਡਿਤ, ਹਾਕੀ ਸਮੀਖਿਅਕਾਂ ਨੇ ਉਸ ਨੂੰ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਲਈ ਇਕ ਬਹੁਤ ਵੱਡੀ ਆਸ ਮੰਨਿਆ। ਇਥੋਂ ਹੀ ਉਸ ਨੂੰ ਭਾਰਤੀ ਟੀਮ ਲਈ ਪ੍ਰਵਾਨ ਕਰ ਲਿਆ ਗਿਆ। ਕੁਝ ਜੂਨੀਅਰ ਪੱਧਰ ਦੇ ਕੌਮਾਂਤਰੀ ਟੂਰਨਾਮੈਂਟਾਂ 'ਚ ਉਸ ਦੀ ਖੇਡ ਕਲਾ ਹੋਰ ਚਮਕੀ। ਜ਼ਿਕਰਯੋਗ ਹੈ ਕਿ ਉਹ ਅਜੇ 19 ਸਾਲਾਂ ਤੋਂ ਵੀ ਘੱਟ ਉਮਰ ਦੇ ਸੀ ਕਿ ਉਸ ਦੀ ਸੀਨੀਅਰ ਟੀਮ 'ਚ ਚੋਣ ਹੋ ਗਈ।1980 ਵਾਲੇ ਦਹਾਕੇ ਦਾ ਭਾਰਤੀ ਹਾਕੀ ਦੇ ਇਸ ਮਹਾਨ 'ਇਨਸਾਈਡ ਲੈਫਟ ਫਾਰਵਰਡ' ਖਿਡਾਰੀ 'ਚ ਇਕ ਉੱਤਮ ਖਿਡਾਰੀ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਇਹ ਮੁਹੰਮਦ ਸ਼ਾਹਿਦ ਵਰਗੇ ਖਿਡਾਰੀਆਂ ਦੀ ਬਦੌਲਤ ਹੀ ਹੈ ਕਿ ਹਾਕੀ ਇਕ ਲੋਕਪ੍ਰਿਯ ਖੇਡ ਬਣੀ ਰਹੀ। ਮੰਨਿਆ ਜਾਂਦਾ ਕਿ ਜਦੋਂ ਵੀ ਉਹ ਵਿਰੋਧੀ ਟੀਮ ਦੇ ਡਿਫੈਂਡਰਾਂ ਦਾ ਸਾਹ ਸੁੱਕ ਜਾਂਦਾ ਸੀ ਕਿਉਂਕਿ ਉਨ੍ਹਾਂ ਲਈ ਉਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਸੀ। ਉਸ ਦਾ ਹਮਲਾ ਹਮੇਸ਼ਾ ਭਾਰਤੀ ਝੋਲੀ 'ਚ ਜਾਂ ਤਾਂ ਗੋਲ ਪਾ ਦਿੰਦਾ ਜਾਂ ਪਨੈਲਟੀ ਕਾਰਨਰਜ਼ ਜਾਂ ਸਟਰੋਕ।ਟੀਮ ਦੇ ਸੈਂਟਰ ਫਾਰਵਰਡ ਲਈ ਬਹੁਤ ਖੂਬਸੂਰਤ ਮੂਵ ਬਣਾਉਂਦੇ ਰਹੇ। ਉਨ੍ਹਾਂ ਦੀ ਖੇਡ ਨੇ ਬੇਸ਼ੁਮਾਰ ਲੋਕਾਂ ਨੂੰ ਹਾਕੀ ਵੱਲ ਖਿੱਚਿਆ ਵੀ। ਸੱਚ ਤਾਂ ਇਹ ਹੈ ਕਿ 80 ਦੇ ਦਹਾਕੇ 'ਚ ਭਾਰਤੀ ਹਾਕੀ 'ਚ ਵਾਪਰੀ ਸਭ ਤੋਂ ਅਹਿਮ ਚੀਜ਼ ਹੀ ਸ਼ਾਹਿਦ ਸੀ।

1976 ਮਾਂਟਰੀਅਲ ਉਲੰਪਿਕ ਹਾਕੀ ਜਦੋਂ ਪਹਿਲੀ ਵਾਰ ਐਸਟਰੋਟਰਫ਼ ਮੈਦਾਨ 'ਚ ਸਫਲਤਾਪੂਰਵਕ ਕਰਵਾਈ ਤਾਂ ਹਾਕੀ ਸਮੀਖਿਅਕਾਂ ਨੇ ਮੰਨਿਆ ਕਿ ਭਾਰਤ ਤੇ ਪਾਕਿਸਤਾਨ ਜਿਸ ਸ਼ਾਨਦਾਰ ਏਸ਼ੀਅਨ ਸ਼ੈਲੀ ਲਈ ਸਾਰੀ ਦੁਨੀਆ 'ਚ ਜਾਣੇ ਜਾਂਦੇ ਰਹੇ ਹਨ ਤੇ ਜਿਸ ਸਦਕਾ ਉਹ ਹਾਕੀ ਦੀ ਦੁਨੀਆ ਦੇ ਬਾਦਸ਼ਾਹ ਬਣੇ ਰਹੇ, ਉਸ ਨੂੰ ਜ਼ਰੂਰ ਝਟਕਾ ਲੱਗੇਗਾ। ਪਰ ਮੁਹੰਮਦ ਦੇ ਸੰਦਰਭ 'ਚ ਇਹ ਗੱਲ ਠੀਕ ਸਾਬਤ ਨਾ ਹੋਈ। ਉਨ੍ਹਾਂ ਨੇ ਸਿੰਥੈਟਿਕ ਟਰਫ 'ਤੇ ਵੀ ਆਪਣੀ ਕਲਾ ਦੇ ਜਾਦੂ ਨਾਲ, ਆਪਣੀ ਠਾਠਦਾਰ ਸ਼ੈਲੀ ਨੂੰ ਬਰਕਰਾਰ ਰੱਖਿਆ। ਇਹ ਵੀ ਉਸ ਦੀ ਇਸ ਖੇਡ ਖੇਤਰ 'ਚ ਇਕ ਮਹਾਨ ਦੇਣ ਹੈ। ਉਨ੍ਹਾਂ ਨੇ ਇਹੀ ਸਾਬਤ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਕਿ ਧਿਆਨ ਚੰਦ ਦੇ ਵਾਰਿਸ ਐਸਟਰੋਟਰਫ ਮੈਦਾਨ 'ਤੇ ਵੀ ਕਿਸੇ ਨਾਲੋਂ ਘੱਟ ਨਹੀਂ।ਦੁਨੀਆ ਦਾ ਕੋਈ ਵੀ ਖਿਡਾਰੀ ਚਾਹੇ ਕਿੰਨਾ ਹੀ ਮਹਾਨ ਕਿਉਂ ਨਾ ਹੋਵੇ, ਉਹ ਆਲੋਚਨਾ ਤੋਂ ਬਚ ਨਹੀਂ ਸਕਦਾ। ਸ਼ਾਇਦ ਇਹ ਟੈਕਸ ਹੈ, ਜਿਹੜਾ ਉਸ ਨੂੰ ਆਪਣੀ ਮਹਾਨਤਾ ਦੇ ਬਦਲੇ ਜ਼ਰੂਰ ਹੀ ਤਾਰਨਾ ਪੈਂਦਾ ਹੈ। ਮੁਹੰਮਦ ਸ਼ਾਹਿਦ ਨੂੰ ਵੀ ਆਪਣੇ ਹਿੱਸੇ ਦੀ ਆਲੋਚਨਾ ਬਰਦਾਸ਼ਤ ਕਰਨੀ ਪਈ। ਉਹ ਇਹ ਸੀ ਕਿ ਉਸ ਦਾ ਡਰਿਬਲਿੰਗ ਸਟਾਈਲ ਸਮਝਿਆ ਜਾਂਦਾ ਸੀ ਕਿ ਸਿੰਥੈਟਿਕ ਟਰਫ ਲਈ ਯੋਗ ਨਹੀਂ, ਜਦੋਂ ਵੀ ਕਦੇ ਦੇਸ਼ ਹਾਰਦਾ, ਉਨ੍ਹਾਂ ਵੱਲ ਹੀ ਉਂਗਲਾਂ ਉਠਦੀਆਂ ਪਰ ਮੁਹੰਮਦ ਸ਼ਾਹਿਦ ਹੁਰਾਂ ਹਮੇਸ਼ਾ ਆਪਣੀ ਸ਼ੈਲੀ ਦੀ ਤਰਫ਼ਦਾਰੀ ਕੀਤੀ, ਇਹ ਕਹਿੰਦਿਆਂ 'ਰੱਬ ਨੇ ਮੈਨੂੰ ਇਸ ਡਰਿਬਲਿੰਗ ਸਟਾਈਲ ਦੀ ਕਲਾ ਨਾਲ ਨਿਵਾਜਿਆ ਹੈ, ਮੈਂ ਕਿਸੇ ਵੀ ਟ੍ਰੇਨਿੰਗ ਅਤੇ ਅਭਿਆਸ ਤੋਂ ਬਗੈਰ ਹੀ ਸਭ ਕੁਝ ਕਰਦਾ ਹਾਂ।ਮੈਂ ਹਾਕੀ ਨੂੰ ਕਿਸੇ ਤਰ੍ਹਾਂ ਹੀ ਖੇਡ ਕੇ ਆਨੰਦਿਤ ਹੁੰਦਾ ਹਾਂ। ਫਿਰ ਵੀ ਇਸ ਜੁਝਾਰੂ ਖਿਡਾਰੀ ਨੇ ਸਿੰਥੈਟਿਕ ਟਰਫ ਦੀ ਲੋੜ ਮੁਤਾਬਿਕ ਕੁਝ ਹੋਰ ਪ੍ਰਭਾਵਸ਼ਾਲੀ ਤੇ ਯੋਗ ਤਕਨੀਕ ਸਿੱਖੀ। ਸ਼ਾਹਿਦ ਦੀ ਖੇਡ ਦੀ ਮਹੱਤਤਾ ਨੂੰ, ਉਸ ਵਲੋਂ ਸਕੋਰ ਕੀਤੇ ਗੋਲਾਂ ਦੇ ਆਧਾਰ 'ਤੇ ਨਹੀਂ ਜਾਣਿਆ ਜਾ ਸਕਦਾ, ਬਲਕਿ ਹਰ ਮੈਚ 'ਚ ਉਸ ਵਲੋਂ ਕੀਤੇ ਗਏ ਯਤਨਾਂ ਦੇ ਫਲਸਰੂਪ ਮਿਲੇ ਵੱਧ ਤੋਂ ਵੱਧ ਪਲੈਨਟੀ ਕਾਰਨਰ ਅਤੇ ਸਟਰੋਕਾਂ ਦੀ ਗਿਣਤੀ 'ਚ ਲੱਭਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਾਹਿਦ ਦਾ ਆਪਣੇ ਖੇਡ ਕੈਰੀਅਰ ਦੌਰਾਨ ਮਹਿੰਦਰਪਾਲ ਸਿੰਘ ਨਾਲ ਕਾਫੀ ਵਧੀਆ ਤਾਲ-ਮੇਲ ਸੀ। 

 

ਪ੍ਰੋਫੈਸਰ ਪਰਮਜੀਤ ਸਿੰਘ