ਦੁਬਈ ਨੇ ਸਮਾਜ ਸੇਵੀ ਐੱਸਪੀ ਸਿੰਘ ਉਬਰਾਏ ਨੂੰ ਸਨਮਾਨਿਤ ਕੀਤਾ

ਦੁਬਈ ਨੇ ਸਮਾਜ ਸੇਵੀ ਐੱਸਪੀ ਸਿੰਘ ਉਬਰਾਏ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ: ਲੋੜਵੰਦ ਲੋਕਾਂ ਦੀ ਮਦਦ ਲਈ ਵਿਸ਼ਵ ਭਰ ਵਿਚ ਕੰਮ ਕਰਨ ਵਾਲੇ ਸਿੱਖ ਐੱਸਪੀ ਸਿੰਘ ਓਬਰਾਏ ਨੂੰ ਡੁਬਈ ਦੀ ਜਨਰਲ ਡਾਇਰੈਕਟੋਰੇਟ ਆਫ਼ ਰੈਜੀਡੈਂਸੀ ਐਂਡ ਵਿਦੇਸ਼ੀ ਮਾਮਲਿਆਂ ਵੱਲੋਂ 10 ਸਾਲ ਦਾ ਗੋਲਡ ਕਾਰਡ ਦਿੱਤਾ ਗਿਆ ਹੈ। ਉਕਤ ਕਾਰਡ ਦਾ ਸਬੰਧ 10 ਸਾਲ ਦੇ ਦੁਬਈ ਵੀਜ਼ਾ ਤੋਂ ਹੈ, ਜੋ ਕਿ ਦੁਬਈ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਨੂੰ ਨਹੀਂ ਦਿੱਤਾ ਗਿਆ। 

ਉਕਤ ਕਾਰਡ ਹਾਸਿਲ ਕਰਨ ਮਗਰੋਂ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਤੇ ਅਪੈਕਸ ਗਰੁੱਪ ਆਫ ਕੰਪਨੀ ਦੇ ਚੇਅਰਮੈਨ ਐੱਸਪੀ ਸਿੰਘ ਓੁਬਰਾਏ ਨੇ ਕਿਹਾ ਕਿ ਇਸ ਸਨਮਾਨ ਲਈ ਉਹ ਯੂਏਈ ਪ੍ਰਸ਼ਾਸਨ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਸੁੰਦਰ ਦੇਸ਼ ਦੇ ਵਿਕਾਸ ਵਿਚ ਉਨ੍ਹਾਂ ਵਲੋਂ ਪਾਏ ਗਏ ਨਿਗੂਣੇ ਜਿਹੇ ਯੋਗਦਾਨ ਦੀ ਕਦਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀਆਂ ਖੁੱਲ੍ਹੀ ਸੋਚ ਵਾਲੀਆਂ ਤੇ ਕਾਰੋਬਾਰ ਪੱਖੀ ਨੀਤੀਆਂ ਨੇ ਨਾ ਸਿਰਫ਼ ਕਾਰੋਬਾਰ ਕਰਨ ਲਈ ਹੌਂਸਲਾ ਦਿੱਤਾ ਸਗੋਂ ਹਰੇਕ ਖੇਤਰ ਵਿਚ ਮਦਦ ਵੀ ਕੀਤੀ। ਓਬਰਾਏ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਨੂੰ ਇਹ ਮਾਣ ਮਿਲਿਆ ਹੈ।

ਨੌਕਰੀ ਕਰਨ ਲਈ ਗਏ ਸੀ ਵੀਜ਼ੇ 'ਤੇ
ਐੱਸਪੀ ਸਿੰਘ ਓਬਰਾਏ 1977 'ਚ 20 ਸਾਲ ਦੀ ਉਮਰ ਵਿਚ ਦੁਬਈ 'ਚ ਨੌਕਰੀ ਕਰਨ ਲਈ ਵੀਜ਼ੇ 'ਤੇ ਗਏ ਸਨ। ਲਗਾਤਾਰ ਮਿਹਨਤ ਤੇ ਵੱਡੀ ਸੋਚ ਰੱਖਦਿਆਂ ਓਬਰਾਏ ਨੇ 15 ਸਾਲ ਬਾਅਦ 1993 ਵਿਚ ਦੁਬਈ ਵਿਚ ਕਾਰੋਬਾਰ ਦੇ ਖੇਤਰ ਵਿਚ ਪੈਰ ਰੱਖਿਆ। ਐੱਸਪੀ ਸਿੰਘ ਓਬਰਾਏ ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਦੁਬਈ ਦੇ ਸਾਫ਼-ਸੁਥਰੇ ਪ੍ਰਬੰਧ ਸਦਕਾ ਉਹ ਅੱਗੇ ਹੀ ਵਧਦੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਦਿੱਤਾ ਗਿਆ ਇਹ ਗੋਲਡ ਕਾਰਡ ਯੂਏਈ ਦੇ ਨਿਰੰਤਰ ਵਾਧੇ ਦਾ ਹਿੱਸਾ ਬਣਨ ਲਈ ਉਨਾਂ ਨੂੰ ਉਤਸ਼ਾਹਿਤ ਕਰਦਾ ਰਹੇਗਾ।

ਸਿਰਫ ਕਾਰੋਬਾਰ ਨਹੀਂ ਸਗੋਂ ਸਮਾਜ ਸੇਵਾ ਦੇ ਕੰਮਾਂ 'ਤੇ ਵੀ ਲੱਗੀ ਮੋਹਰ
ਸਰਬੱਤ ਦਾ ਭਲਾ ਟਰੱਸਟ ਅਧੀਨ ਵਿਸ਼ਵ ਭਰ ਵਿਚ ਸਮਾਜ ਦੇ ਲੋੜਵੰਦ ਖੇਤਰ ਦੀ ਸੇਵਾ ਕਰ ਰਹੇ ਓੁਬਰਾਏ ਨੇ ਕਿਹਾ ਕਿ ਕੇਵਲ ਕਾਰੋਬਾਰ ਹੀ ਨਹੀਂ ਸਗੋਂ ਯੂਏਈ ਨੇ ਉਨ੍ਹਾਂ ਵੱਲੋਂ ਸ਼ੁਰੂ ਇਸ ਸਮਾਜ ਸੇਵਾ ਦੇ ਕੰਮ 'ਤੇ ਵੀ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੇ ਦਿਲ ਵਾਲੇ ਲੋਕਾਂ ਦਾ ਇਹ ਦੇਸ਼ ਕੇਵਲ ਕਾਰੋਬਾਰ ਵਿਚ ਵਾਧੇ ਲਈ ਹੀ ਉਨ੍ਹਾਂ ਦਾ ਮਾਰਗਦਰਸ਼ਕ ਨਹੀਂ ਬਣਿਆ ਸਗੋਂ ਉਨ੍ਹਾਂ ਨੂੰ ਕਈ ਖੇਤਰਾਂ ਵਿਚ ਅੱਗੇ ਵਧਣ ਦਾ ਮੌਕਾ ਵੀ ਇਸ ਦੇਸ਼ ਨੇ ਦਿੱਤਾ ਹੈ।