ਦੁਨੀਆ ਦੇ ਸਭ ਤੋਂ ਵੱਡੇ ਜੰਗਲ ਐਮਾਜ਼ੋਨ ਦੀ ਅੱਗ ਨਾਲ ਹੋ ਰਿਹਾ ਸੱਭਿਆਚਾਰਕ ਕਤਲੇਆਮ

ਦੁਨੀਆ ਦੇ ਸਭ ਤੋਂ ਵੱਡੇ ਜੰਗਲ ਐਮਾਜ਼ੋਨ ਦੀ ਅੱਗ ਨਾਲ ਹੋ ਰਿਹਾ ਸੱਭਿਆਚਾਰਕ ਕਤਲੇਆਮ
ਐਮਾਜ਼ੋਨ ਜੰਗਲ ਦੇ ਮੂਲ ਨਿਵਾਸੀ

ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਵੱਡੇ ਵਰਖਾਜੰਗਲ ਐਮਾਜ਼ੋਨ ਵਿੱਚ ਲੱਗੀ ਅੱਗ ਨੇ ਸਾਰੀ ਦੁਨੀਆ ਨੂੰ ਫਿਕਰਮੰਦ ਕੀਤਾ ਹੈ। ਐਮਾਜ਼ੋਨ ਜੰਗਲ ਵਿੱਚ ਬਨਸਪਤੀ, ਰੁੱਖ ਅਤੇ ਇਸ ਕੁਦਰਤੀ ਘਰ ਦੇ ਵਾਸੀ ਜਾਨਵਰ, ਪੰਛੀ ਅੱਗ ਵਿੱਚ ਸੜ ਰਹੇ ਹਨ। ਇਸ ਜੰਗਲ ਨੂੰ ਇਸ ਧਰਤੀ ਦੇ ਗੁਰਦਿਆਂ ਦਾ ਖਿਤਾਬ ਦਿੱਤਾ ਗਿਆ ਹੈ। 

ਐਮਾਜ਼ੋਨ ਜੰਗਲ ਵਿੱਚੋਂ ਉੱਠ ਰਹੀਆਂ ਅੱਗ ਦੀਆਂ ਲਪਟਾਂ ਅਤੇ ਧੂੰਏ ਦੇ ਗੁਬਾਰ ਸਾਰੀਆਂ ਦੁਨੀਆ ਨੂੰ ਚਿੰਤਤ ਕਰ ਰਹੇ ਹਨ ਅਤੇ ਇਸ ਨੁਕਸਾਨ ਨੂੰ ਠੱਪ ਪਾਉੇਣ ਲਈ ਕਾਰਜ ਉਲੀਕਣ ਦੀ ਗੱਲ ਹੋ ਰਹੀ ਹੈ। ਪਰ ਸਵਾਲ ਇਹ ਹੈ ਕਿ ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ?

ਕਈ ਦੇਸ਼ਾਂ ਵਿੱਚ ਫੈਲੇ ਹੋਏ ਐਮਾਜ਼ੋਨ ਜੰਗਲ ਦੇ ਸਭ ਤੋਂ ਵੱਡੇ ਖਿੱਤੇ ਦੇ ਪ੍ਰਬੰਧਕ ਬਰਾਜ਼ੀਲ ਦੇਸ਼ ਦੇ ਰਾਸ਼ਟਰਪਤੀ 'ਤੇ ਸਭ ਤੋਂ ਵੱਧ ਉਂਗਲਾਂ ਉੱਠ ਰਹੀਆਂ ਹਨ।

ਬਰਾਜ਼ੀਲ ਦੇ ਖੇਤਰ ਵਿੱਚ ਲੱਗੀ ਹੈ ਅੱਗ
ਐਮਾਜ਼ੋਨ ਜੰਗਲ ਲੈਟਿਨ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਫੈਲਿਆ ਹੈ ਪਰ ਇਸ ਦਾ ਤਕਰੀਬਨ 70 ਫੀਸਦੀ ਖੇਤਰ ਬਰਾਜ਼ੀਲ ਦੇਸ਼ ਵਿੱਚ ਪੈਂਦਾ ਹੈ। ਇਹ ਅੱਗ ਵੀ ਬਰਾਜ਼ੀਲ ਦੇ ਅਧੀਨ ਆਉਂਦੇ ਜੰਗਲੀ ਖੇਤਰ ਵਿੱਚ ਹੀ ਲੱਗੀ ਹੈ। ਸੈਟਲਾਈਟ ਰਿਪੋਰਟਾਂ ਤੋਂ ਮਿਲੇ ਵੇਰਵਿਆਂ ਮੁਤਾਬਿਕ ਜੰਗਲ ਦਾ ਇੱਕ ਵੱਡਾ ਇਲਾਕਾ ਅੱਗ ਦੀ ਲਪੇਟ ਵਿੱਚ ਆਇਆ ਹੈ।

ਲਗਾਤਾਰ ਅੱਗ ਦਾ ਸ਼ਿਕਾਰ ਹੋ ਰਿਹਾ ਐਮਾਜ਼ੋਨ
ਬਰਾਜ਼ੀਲ ਦੇ ਪੁਲਾੜ ਖੋਜ ਬਾਰੇ ਕੌਮੀ ਅਦਾਰੇ (INPE) ਮੁਤਾਬਿਕ ਇਸ ਸਾਲ ਜਨਵਰੀ ਅਤੇ ਅਗਸਤ ਮਹੀਨਿਆਂ ਦੇ ਸਮੇਂ ਦਰਮਿਆਨ ਐਮਾਜ਼ੋਨ ਜੰਗਲ ਵਿੱਚ ਅੱਗ ਲੱਗਣ ਦੀਆਂ 73,000 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 

ਅੱਗ ਲੱਗਣ ਦਾ ਕਾਰਨ?
ਉਂਝ ਜੰਗਲ ਵਿੱਚ ਇਸ ਸੁੱਕੇ ਮੌਸਮ ਦੌਰਾਨ ਕੁਦਰਤੀ ਤੌਰ 'ਤੇ ਵੀ ਅੱਗ ਲੱਗਦੀ ਹੈ ਪਰ ਵਾਤਾਵਰਨ ਪ੍ਰੇਮੀਆਂ ਅਤੇ ਗੈਰ-ਸਰਕਾਰੀ ਅਦਾਰਿਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਹੋਏ ਰਿਕਾਰਡ ਵਾਧੇ ਪਿੱਛੇ ਕਿਸਾਨਾਂ ਵੱਲੋਂ ਖੇਤੀ ਯੌਗ ਜ਼ਮੀਨ ਬਣਾਉਣ ਲਈ ਜੰਗਲ ਨੂੰ ਅੱਗ ਲਾ ਕੇ ਸਾਫ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਈਨਿੰਗ ਕਰਨ ਲਈ ਜੰਗਲ ਨੂੰ ਅੱਗ ਲਾ ਕੇ ਸਾਫ ਕੀਤਾ ਜਾ ਰਿਹਾ ਹੈ।

ਇਹਨਾਂ ਸਾਰੀਆਂ ਕਾਰਵਾਈਆਂ ਲਈ ਬਰਾਜ਼ੀਲ ਦੇ ਰਾਸ਼ਟਰਪਤੀ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ। 

ਐਮਾਜ਼ੋਨ ਦੀ ਧਰਤੀ ਲਈ ਮਹੱਤਤਾ
ਐਮਾਜ਼ੋਨ ਧਰਤੀ ਦਾ ਸਭ ਤੋਂ ਵੱਡਾ ਵਰਖਾ ਜੰਗਲ ਹੈ ਜੋ 5 ਮਿਲੀਅਨ ਸਕੁਏਅਰ ਕਿਲੋਮੀਟਰ ਤੋਂ ਵਡੇ ਖੇਤਰ ਵਿੱਚ ਫੈਲਿਆ ਹੋਇਆ ਹੈ ਜੋ 9 ਦੇਸ਼ਾਂ ਦੇ ਪ੍ਰਬੰਧਕੀ ਖੇਤਰ ਵਿੱਚ ਪੈਂਦਾ ਹੈ: ਬਰਾਜ਼ੀਲ, ਬੋਲੀਵੀਆ, ਕੋਲੰਬੀਆ, ਇਕੁਆਡੋਰ, ਫਰੈਂਚ ਗੁਇਆਨਾ, ਗੁਇਆਨਾ, ਪੇਰੂ, ਸੂਰੀਨੇਮ ਅਤੇ ਵੈਨੇਜ਼ੁਏਲਾ। 

ਇਹ ਜੰਗਲ ਧਰਤੀ 'ਤੇ ਕਾਰਬਨ ਦੀ ਮਾਤਰਾ ਨੂੰ ਕਾਬੂ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ ਜੋ ਜੀਵਨ ਲਈ ਅਤਿ ਜ਼ਰੂਰੀ ਹੈ। ਇਸ ਜੰਗਲ ਨੂੰ ਦੁਨੀਆ ਲਈ ਖਤਰਾ ਮੰਨੇ ਜਾ ਰਹੇ "ਗਲੋਬਲ ਵਾਰਮਿੰਗ" ਦੇ ਵਰਤਾਰੇ ਨੂੰ ਹੌਲੀ ਕਰਨ ਦਾ ਵੀ ਅਹਿਮ ਧੁਰਾ ਮੰਨਿਆ ਜਾਂਦਾ ਹੈ। 

ਇਹ ਜੰਗਲ ਜੀਵਨ ਲਈ ਜ਼ਰੂਰੀ ਆਕਸੀਜਨ ਦਾ 20 ਫੀਸਦੀ ਕੋਟਾ ਪੂਰਾ ਕਰਦਾ ਹੈ ਅਤੇ ਇਸ ਜੰਗਲ ਵਿੱਚ ਦੁਨੀਆ ਦੇ ਪੀਣ ਯੋਗ ਵਹਿੰਦੇ ਤਾਜ਼ੇ ਪਾਣੀ ਦਾ 20 ਫੀਸਦੀ ਭੰਡਾਰ ਹੈ।

ਇਹਨਾਂ ਗੱਲਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਧਰਤੀ 'ਤੇ ਜੀਵਨ ਲਈ ਇਸ ਜੰਗਲ ਦੀ ਕੀ ਅਹਿਮੀਅਤ ਹੈ। ਇਹ ਧਰਤੀ 'ਤੇ ਜੀਵਨ ਲਈ ਕੁਦਰਤੀ ਸੰਤੁਲਨ ਬਣਾਉਣ ਦਾ ਅਹਿਮ ਸੋਮਾ ਹੈ।

ਮਨੁੱਖੀ ਵਿਲੱਖਣਤਾ ਨੂੰ ਖਤਰਾ
ਇਹ ਜੰਗਲ 10 ਲੱਖ ਤੋਂ ਵੱਧ ਮੂਲ ਨਿਵਾਸੀ ਲੋਕਾਂ ਦਾ ਘਰ ਹੈ ਜੋ 400 ਤੋਂ ਵੱਧ ਕਬੀਲਿਆਂ ਵਿੱਚ ਰਹਿੰਦੇ ਹਨ। ਇਹਨਾਂ ਕਬੀਲਿਆਂ ਦੀ ਆਪਣੀ ਵਿਲੱਖਣ ਪਛਾਣ, ਵਿਲੱਖਣ ਬੋਲੀ, ਵਿਲੱਖਣ ਸੱਭਿਆਚਾਰ ਹੈ। ਇਹਨਾਂ ਦੀ ਜ਼ਿੰਦਗੀ ਅਤੇ ਜੀਵਨ ਜਾਚ ਇਸ ਜੰਗਲ ਦੇ ਆਲੇ ਦੁਆਲੇ ਹੀ ਘੁੰਮਦੀ ਹੈ। 

ਇਸ ਜੰਗਲ ਦੇ ਖਤਮ ਹੋਣ ਨਾਲ ਸਿਰਫ ਜੰਗਲੀ ਜੀਵਾਂ ਦਾ ਜੀਵਨ ਹੀ ਨਹੀਂ, ਬਲਕਿ ਇਹਨਾਂ ਮਨੁੱਖਾਂ ਦਾ ਘਰ ਵੀ ਇਹਨਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਰਿਹਾ ਹੈ ਜੋ ਦੁਨੀਆ ਤੋਂ ਕਈ ਸੱਭਿਆਚਾਰਾਂ ਦੇ ਖਾਤਮੇ ਦਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ ਇਹ ਜੰਗਲ ਦੀ ਅੱਗ ਸਿਰਫ ਵਾਤਾਵਰਨ ਦੀ ਮੌਤ ਨਹੀਂ ਬਲਕਿ ਇੱਕ ਤਰ੍ਹਾਂ ਦਾ ਸੱਭਿਆਚਾਰਕ ਕਤਲੇਆਮ ਵੀ ਹੋ ਨਿੱਬੜੇਗੀ।