ਜਦੋਂ ਮੈਂ ਟੂਣੇ ਵਾਲਾ ਲੱਡੂ ਖਾਧਾ - ਮਨਿੰਦਰ ਭਾਟੀਆ

ਜਦੋਂ ਮੈਂ ਟੂਣੇ ਵਾਲਾ ਲੱਡੂ ਖਾਧਾ -  ਮਨਿੰਦਰ ਭਾਟੀਆ

ਭਾਰਤ-ਪਾਕਿ ਵੰਡ ਤੋਂ ਬਾਅਦ ਮੇਰੇ ਮਾਤਾ-ਪਿਤਾ ਕਾਦੀਆਂ ਆ ਗਏ ਸਨ। ਇਹ ਜ਼ਿਲ੍ਹਾ ਗੁਰਦਾਸਪੁਰ ਦਾ ਆਖ਼ਰੀ ਕਸਬਾ ਹੈ। ਅੰਮਿ੍ਰਤਸਰ ਤੋਂ ਰੇਲਵੇ ਲਾਈਨ ਆ ਕੇ ਕਾਦੀਆਂ ਖ਼ਤਮ ਹੋ ਜਾਂਦੀ ਹੈ। ਮੇਰਾ ਜਨਮ ਇੱਥੇ ਹੀ 1958 ਵਿਚ ਹੋਇਆ ਸੀ ।

ਅਸੀਂ 1962 ਤਕ ਇੱਥੇ ਰਹੇ ਅਤੇ ਉਸ ਤੋਂ ਬਾਅਦ ਪਟਿਆਲੇ ਜਾਣ ਦਾ ਫ਼ੈਸਲਾ ਕਰ ਲਿਆ। ਉੱਥੇ ਜਾਣ ਦਾ ਫ਼ੈਸਲਾ ਇਸ ਲਈ ਕੀਤਾ, ਕਿਉਂਕਿ ਉੱਥੇ ਮੇਰੇ ਨਾਨਕੇ ਸਨ ਅਤੇ ਮੇਰਾ ਸਾਰਾ ਨਾਨਕਾ ਪਰਿਵਾਰ ਪੜਿ੍ਹਆ- ਲਿਖਿਆ ਸੀ। ਸਾਡੇ ਮਾਤਾ ਜੀ ਨੂੰ ਬਹੁਤ ਸ਼ੌਕ ਸੀ ਕਿ ਉਨ੍ਹਾਂ ਦੇ ਬੱਚੇ ਪੜ੍ਹੇ-ਲਿਖੇ ਹੋਣ। ਪਟਿਆਲੇ ਜਾਣ ਤੋਂ ਬਾਅਦ ਇਹ ਗੱਲ ਸੱਚ ਵੀ ਹੋ ਗਈ। ਸਾਡੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਸਾਡੇ ਦਾਦਕੇ ਪਰਿਵਾਰ ਦੇ ਪਹਿਲੇ ਮੈਂਬਰ ਸਨ ਜਿਨ੍ਹਾਂ ਨੇ ਦਸਵੀਂ ਪਾਸ ਕੀਤੀ।

ਸੋ, ਅਸੀਂ 1962 ਵਿਚ ਕਾਦੀਆਂ ਤੋਂ ਪਟਿਆਲੇ ਆ ਕੇ ਰਹਿਣ ਲੱਗ ਪਏ। ਸਾਡੀ ਮਾਂ ਸਾਨੂੰ ਮਾਸੀ ਕੋਲ ਛੱਡ ਕੇ ਵਾਪਸ ਕਾਦੀਆਂ ਚਲੀ ਗਈ ਸੀ ਕਿਉਂਕਿ ਉੱਥੇ ਸਾਡੇ ਦਾਦੀ ਜੀ ਬਿਮਾਰ ਸਨ। ਸਾਡੀ ਛੋਟੀ ਭੈਣ ਨੋਨੀ ਅਜੇ ਕੁਝ ਮਹੀਨਿਆਂ ਦੀ ਹੀ ਸੀ ਜੋ ਮਾਤਾ ਜੀ ਦੇ ਕੋਲ ਹੀ ਸੀ। ਮੈਂ, ਮੇਰੇ ਵੱਡੇ ਵੀਰ ਅਵਤਾਰ ਅਤੇ ਵੱਡੇ ਭੈਣ ਜੀ ਅੰਮਿ੍ਰਤ ਪਟਿਆਲੇ ਭਗਤੀ ਮਾਸੀ ਜੋ ਮਾਤਾ ਤੋਂ ਵੱਡੇ ਸਨ, ਕੋਲ ਰਹਿੰਦੇ ਸਾਂ। ਇਹ ਮਾਸੀ ਜੀ ਅਰੋੜਿਆਂ ਦੇ ਮੁਹੱਲੇ ਕਿਰਾਏ ’ਤੇ ਰਹਿੰਦੇ ਸਨ ਅਤੇ ਸਾਡੇ ਮਾਸੜ ਹਰਨਾਮ ਸਿੰਘ ਜੀ ਦੀ ਨੌਕਰੀ ਆਯੁਰਵੈਦਿਕ ਮਹਿਕਮੇ ਵਿਚ ਸੀ। ਉੱਥੇ ਹੀ ਮੈਨੂੰ ਮੁਹੱਲੇ ਦੇ ਇਕ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਸਕੂਲ ਦਾ ਇਕ ਬੜਾ ਹੀ ਦਿਲਚਸਪ ਕਿੱਸਾ ਮੈਨੂੰ ਅੱਜ ਵੀ ਯਾਦ ਹੈ। ਜਦੋਂ ਸਕੂਲ ਵਿਚ ਪਿਤਾ ਜੀ ਦਾ ਨਾਂ ਪੁੱਛਿਆ ਗਿਆ ਤਾਂ ਮੈਂ ਸਰਦਾਰ ਹਰਨਾਮ ਸਿੰਘ ਲਿਖਾ ਦਿੱਤਾ ਕਿਉਂਕਿ ਸਾਰੇ ਬੱਚੇ ਉਨ੍ਹਾਂ ਨੂੰ ਪਿਤਾ ਜੀ ਕਹਿੰਦੇ ਸਨ। ਮੇਰੀ ਇਸ ਗੱਲ ’ਤੇ ਸਾਰੇ ਹੀ ਬੜੇ ਹੱਸੇ। ਜਦੋਂ ਮਾਤਾ ਜੀ ਕਾਦੀਆਂ ਤੋਂ ਆ ਗਏ ਤਾਂ ਅਸੀਂ ਅਜੀਤ ਨਗਰ ਸਾਡੇ ਵੱਡੇ ਮਾਮਾ ਜੀ ਡਾ. ਜੀਤ ਸਿੰਘ ਸੀਤਲ ਜੋ ਭਾਸ਼ਾ ਵਿਭਾਗ ਵਿਚ ਡਾਇਰੈਕਟਰ ਸਨ, ਦੇ ਨੇੜੇ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗੇ।

ਮੇਰੇ ਮਾਮਾ ਜੀ ਸਾਈਕਲ ’ਤੇ ਹੀ ਦਫ਼ਤਰ ਜਾਂਦੇ ਸਨ ਅਤੇ ਸ਼ਾਮ ਨੂੰ ਜਦੋਂ ਦਫ਼ਤਰ ਤੋਂ ਵਾਪਸ ਆਉਂਦੇ ਤਾਂ ਉਨ੍ਹਾਂ ਦੇ ਸਾਈਕਲ ਦੀ ਟੋਕਰੀ ਵਿਚ ਮੂੰਗਫਲੀ ਪਾਈ ਹੁੰਦੀ ਸੀ। ਉਹ ਸਾਈਕਲ ਦੀ ਘੰਟੀ ਵਜਾਉਂਦੇ ਆਉਂਦੇ ਸਨ ਅਤੇ ਅਸੀਂ ਸਾਰੇ ਬੱਚੇ ਉਨ੍ਹਾਂ ਕੋਲ ਇਕੱਠੇ ਹੋ ਜਾਂਦੇ ਸਾਂ। ਮੈਨੂੰ ਆਰਮੀ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਮੈਨੂੰ ਯਾਦ ਹੈ ਕਿ ਸਾਨੂੰ ਸਾਰਿਆਂ ਨੂੰ ਸਕੂਲ ਤੋਂ ਇੱਕੋ ਜਿਹੇ ਬਸਤੇ ਮਿਲੇ ਸਨ। ਮੇਰੇ ਭੈਣ ਜੀ ਜੋ ਸਿਲਾਈ-ਕਢਾਈ ਜਾਣਦੇ ਸਨ, ਉਨ੍ਹਾਂ ਨੇ ਮੇਰੇ ਬਸਤੇ ’ਤੇ ਮੇਰਾ ਨਾਂ ਕਢਾਈ ਕਰ ਦਿੱਤਾ ਤੇ ਸਕੂਲ ਵਿਚ ਪਿ੍ਰੰਸੀਪਲ ਨੇ ਉਹ ਬਸਤਾ ਸਵੇਰ ਦੀ ਸਭਾ ਵਿਚ ਸਾਰੇ ਬੱਚਿਆਂ ਨੂੰ ਦਿਖਾਇਆ।

ਸਾਡੇ ਮਾਤਾ ਜੀ ਬੜੇ ਧਾਰਮਿਕ ਖ਼ਿਆਲਾਂ ਦੇ ਸਨ। ਉਨ੍ਹਾਂ ਨੇ ਅਜੀਤ ਨਗਰ ਵਿਚ ਹੀ ਬੀਬੀਆਂ ਦਾ ਜੱਥਾ ਬਣਾ ਲਿਆ ਜੋ ਲੋਕਾਂ ਦੇ ਘਰਾਂ ਵਿਚ ਜਾ ਕੇ ਪਾਠ ਕਰਦਾ ਸੀ ਅਤੇ ਉੱਥੋਂ ਮਿਲਣ ਵਾਲੀ ਮਾਇਆ ਨਾਲ ਮੁਹੱਲੇ ਵਿਚ ਗੁਰਦੁਆਰਾ ਬਣਾਇਆ ਜਾ ਰਿਹਾ ਸੀ। ਹਰੇਕ ਗੁਰਪੁਰਬ ’ਤੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਸਨ।

ਸੰਨ 1966 ਵਿਚ ਜਦੋਂ ਅਸੀਂ ਕਾਲਕਾ ਜਾਣ ਲੱਗੇ ਤਾਂ ਸਾਰੀਆਂ ਬੀਬੀਆਂ ਬਹੁਤ ਉਦਾਸ ਹੋ ਗਈਆਂ ਸਨ। ਮੇਰੇ ਵੱਡੇ ਵੀਰ ਜੀ ਅਵਤਾਰ ਢੁਡਿਆਲ ਖ਼ਾਲਸਾ ਸਕੂਲ ਅਤੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਮਹਿੰਦਰਾ ਕੰਨਿਆ ਮਹਾਵਿਦਿਆਲਾ ਸਕੂਲ ਵਿਚ ਪੜ੍ਹਦੇ ਸਨ। ਫਿਰ ਅਸੀਂ ਸੰਤ ਨਗਰ ਕਿਰਾਏ ’ਤੇ ਚਲੇ ਗਏ । ਜਦੋਂ ਸਾਰੇ ਮਾਮੇ ਤੇ ਮਾਸੀਆਂ ਇਕੱਠੇ ਹੁੰਦੇ ਸਨ ਤਾਂ ਸਾਡੀ ਇਕ ਹੋਰ ਮਾਸੀ ਨਿੰਨ੍ਹੀ ਅਤੇ ਮਾਸੜ ਜੀ ਡਾ. ਕਿਰਪਾਲ ਸਿੰਘ ਕੋਮਲ ਜੋ ਦੋਨੋਂ ਹੀ ਬੜੇ ਮਜ਼ਾਕੀਆ ਸੁਭਾਅ ਦੇ ਸਨ, ਆਪਣੀਆਂ ਗੱਲਾਂ

ਨਾਲ ਸਾਡੇ ਢਿੱਡੀਂ ਪੀੜਾਂ ਪਾ ਦਿੰਦੇ ਸਨ। ਸੰਨ 1965 ’ਚ ਭਾਰਤ-ਪਾਕਿਸਤਾਨ ਦੀ ਜੰਗ ਜਦੋਂ ਲੱਗੀ ਸੀ, ਉਸ ਦੀ ਮੈਨੂੰ ਸੋਝੀ ਹੈ।

ਉਸ ਵੇਲੇ ਬਲੈਕ-ਆਊਟ ਹੋ ਜਾਂਦਾ ਸੀ ਤੇ ਅਕਸਰ ਜਹਾਜ਼ ਉੱਤੋਂ ਦੀ ਬੜੇ ਨੇੜਿਓਂ ਲੰਘਦੇ ਸਨ। ਰਾਤ ਦੀ ਰੋਟੀ ਜਲਦੀ ਬਣ ਜਾਂਦੀ ਸੀ ਅਤੇ ਅਸੀਂ ਖਾ ਕੇ ਕਿੰਨੀ ਦੇਰ ਤਕ ਬਾਹਰ ਮੰਜਿਆਂ ’ਤੇ ਬੈਠੇ ਰਹਿੰਦੇ ਸਾਂ। ਕਈ ਵਾਰ ਤਾਂ ਘਰ ਦੇ ਪਿਛਲੇ ਪਾਸੇ ਖ਼ਾਲੀ ਥਾਂ ’ਤੇ ਬਣਾਏ ਹੋਏ ਮੋਰਚਿਆਂ ਵਿਚ ਲੁਕ ਜਾਂਦੇ ਸਾਂ। ਉਨ੍ਹਾਂ ਦਿਨਾਂ ਵਿਚ ਫ਼ੌਜ ਦੇ ਰਾਜੂ ਨਿਸ਼ਾਨਚੀ ਦਾ ਨਾਂ ਬਹੁਤ ਮਸ਼ਹੂਰ ਸੀ, ਜੋ ਪਾਕਿਸਤਾਨ ਦੇ ਜਹਾਜ਼ ਨੂੰ ਸੁੱਕਾ ਨਹੀਂ ਸੀ ਜਾਣ ਦਿੰਦਾ ਅਤੇ ਫੁੰਡ ਲੈਂਦਾ ਸੀ।

ਹਾਂ ਸੱਚ ਟੂਣੇ ਦੇ ਲੱਡੂ ਵਾਲੀ ਗੱਲ ਤਾਂ ਵਿਚ ਹੀ ਰਹਿ ਗਈ। ਮੇਰਾ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਸੀ। ਸਕੂਲ ਦੇ ਰਾਹ ਵਿਚ ਉਜਾੜ ਜਿਹਾ ਇਲਾਕਾ ਸੀ। ਉਸ ਵੇਲੇ ਮੈਂ ਸਕੂਲ ਪਹੁੰਚਣ ਤੋਂ ਪਹਿਲਾਂ ਰਾਹ ਵਿਚ ਕਈ ਜਗ੍ਹਾ ਰੁਕਦਾ ਹੁੰਦਾ ਸਾਂ। ਮੈਨੂੰ ਭੁੱਖ ਵੀ ਬੜੀ ਲੱਗਦੀ ਸੀ। ਮੈਨੂੰ ਅੱਧੀ ਛੁੱਟੀ ਲਈ ਦਿੱਤੀ ਗਈ ਰੋਟੀ ਮੈਂ ਸਕੂਲ ਜਾਂਦੇ-ਜਾਂਦੇ ਸਵੇਰੇ ਹੀ ਖਾ ਲੈਂਦਾ ਸਾਂ। ਮੈਨੂੰ ਵੱਡੇ ਹੋਣ ’ਤੇ ਇਹ ਦੱਸਿਆ ਗਿਆ ਕਿ ਮੈਂ ਬਹੁਤ ਹੀ ਸ਼ਰਾਰਤੀ ਹੁੰਦਾ ਸਾਂ।

ਇਕ ਵਾਰ ਮੈਂ ਅਤੇ ਮੇਰੇ ਵੱਡੇ ਵੀਰ ਜੀ ਸਕੂਲ ਜਾ ਰਹੇ ਸਾਂ ਤਾਂ ਇਕ ਚੌਕ ’ਚੋਂ ਵੀਰ ਜੀ ਆਪਣੇ ਸਕੂਲ ਵੱਲ ਚਲੇ ਗਏ ਅਤੇ ਮੈਂ ਉਨ੍ਹਾਂ ਦੇ ਜਾਣ ਤੋਂ ਬਾਅਦ ਥੋੜ੍ਹੀ ਜਿਹੀ ਅੱਗੇ ਜਾ ਕੇ ਫਿਰ ਪਿੱਛੇ ਮੁੜ ਆਇਆ ਕਿਉਂਕਿ ਚੌਕ ਦੇ ਕੋਲ ਕਿਸੇ ਨੇ ਇਕ ਡੂਨੇ ਵਿਚ ਲੱਡੂ ਅਤੇ ਹੋਰ ਖਾਣ ਦਾ ਸਾਮਾਨ ਪਾ ਕੇ ਰੱਖਿਆ ਹੋਇਆ ਸੀ ਜੋ ਮੈਂ ਜਾਂਦੇ ਹੋਏ ਦੇਖ ਲਿਆ ਸੀ। ਮੈਂ ਡੂਨਾ ਚੁੱਕਿਆ ਤੇ ਖਾ ਗਿਆ। ਮੈਨੂੰ ਇਸ ਤਰ੍ਹਾਂ ਕਰਦੇ ਨੂੰ ਵੀਰ ਜੀ ਨੇ ਪਿੱਛੇ ਮੁੜ ਕੇ ਦੇਖ ਲਿਆ ਸੀ।

ਉਨ੍ਹਾਂ ਨੇ ਸਕੂਲ ਜਾ ਕੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੇਰੇ ਵੀਰ ਜੀ ਨੂੰ ਕਿਹਾ ਕਿ ਹੁਣ ਤਕ ਤਾਂ ਤੇਰਾ ਭਰਾ ਮਰ ਗਿਆ ਹੋਵੇਗਾ ਕਿਉਂਕਿ ਉਹ ਕਿਸੇ ਨੇ ਟੂਣਾ ਕੀਤਾ ਹੋਇਆ ਸੀ ਅਤੇ ਟੂਣਾ ਖਾਣ ਵਾਲਾ ਬਚਦਾ ਨਹੀਂ। ਦੁਪਹਿਰ ਤੋਂ ਬਾਅਦ ਜਦੋਂ ਉਹ ਸਕੂਲੋਂ ਵਾਪਸ ਘਰ ਆਏ ਤਾਂ ਆਉਂਦਿਆਂ ਉਨ੍ਹਾਂ ਨੇ ਮੈਨੂੰ ਦੇਖ ਕੇ ਪੁੱਛਿਆ ਕਿ ਕੀ ਤੂੰ ਠੀਕ ਏਂ? ਜਦੋਂ ਮੈਂ ਕਿਹਾ ਕਿ ਮੈਂ ਠੀਕ ਹਾਂ ਤਾਂ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ। ਉਸ ਦਿਨ ਤੋਂ ਵੀਰ ਜੀ ਦਾ ਵਿਸ਼ਵਾਸ ਵਹਿਮਾਂ-ਭਰਮਾਂ ਤੋਂ ਉੱਠ ਗਿਆ। ਸੋ ਇਸ ਤਰ੍ਹਾਂ ਦੇ ਵਹਿਮ-ਭਰਮ ’ਚ ਨਹੀਂ ਪੈਣਾ ਚਾਹੀਦਾ। ਇਹ ਸਭ ਸਾਡਾ ਮਨ ਦਾ ਭਰਮ ਹੈ, ਹੋਰ ਕੁਝ ਨਹੀਂ।

-ਮੋਬਾਈਲ ਨੰ :99884-91002