ਹਿੰਦੂਤਵ ਹੁਕਮਰਾਨਾਂ ਨੇ ਸ਼ੁਰੂ ਕੀਤਾ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਪ੍ਰਚਾਰ, 2024 ਦੀਆਂ ਚੋਣਾਂ ਜਿੱਤਣ ਲਈ ‘ਸਰਜੀਕਲ ਸਟ੍ਰਾਈਕ’ ਵਰਗਾ : ਮਾਨ

ਹਿੰਦੂਤਵ ਹੁਕਮਰਾਨਾਂ ਨੇ ਸ਼ੁਰੂ ਕੀਤਾ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਪ੍ਰਚਾਰ, 2024 ਦੀਆਂ ਚੋਣਾਂ ਜਿੱਤਣ ਲਈ ‘ਸਰਜੀਕਲ ਸਟ੍ਰਾਈਕ’ ਵਰਗਾ : ਮਾਨ

 3 ਕਰੋੜ ਵਿਚੋਂ ਕਿੰਨੇ ਪ੍ਰਤੀਸ਼ਤ ਖ਼ਾਲਿਸਤਾਨੀ ਹਨ ਅਤੇ ਕਿੰਨੇ ਸਿੱਖ ਹਿੰਦੂਤਵ ਸੋਚ ਦੇ ਮਾਲਕ ਹਨ ?

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 22 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆ ਦੀ ਮੋਦੀ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵੱਲੋ ਜੋ ਇਕਦਮ ਸਮੁੱਚੇ ਇੰਡੀਆ ਅਤੇ ਕੌਮਾਂਤਰੀ ਪੱਧਰ ‘ਤੇ ਸਟੇਟਲੈਸ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਗੁੰਮਰਾਹਕੁੰਨ ਨਫਰਤ ਭਰੇ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ, ਇਹ ਕੋਈ ਆਪਣੇ ਆਪ ਵਿਚ ਵਾਪਰੀ ਘਟਨਾ ਨਹੀ, ਬਲਕਿ ਬੀਜੇਪੀ-ਆਰ.ਐਸ.ਐਸ ਦੇ ਸਿੱਖ ਵਿਰੋਧੀ ਦਿਮਾਗਾਂ, ਆਈ.ਬੀ, ਰਾਅ, ਐਨ.ਆਈ.ਏ ਅਤੇ ਇਨ੍ਹਾਂ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਸਾਂਝੀ ਸੋਚੀ ਸਮਝੀ ਵੋਟ ਰਣਨੀਤੀ ਦਾ ਹਿੱਸਾ ਹੈ । ਇਹੀ ਵਜਹ ਹੈ ਕਿ ਬੀਤੇ ਸਮੇ ਵਿਚ ਇਨ੍ਹਾਂ ਹੁਕਮਰਾਨਾਂ ਤੇ ਏਜੰਸੀਆ ਨੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਅਤੇ ਹੁਣੇ ਹੀ ਅੱਜ ਦੇ ਅਖਬਾਰਾਂ ਵਿਚ 14 ਸਿੱਖਾਂ ਨੂੰ ਖ਼ਾਲਿਸਤਾਨੀ ਕਰਾਰ ਦੇ ਕੇ ਸਾਨ ਫਰਾਂਸਿਸਕੋ ਦੇ ਇੰਡੀਅਨ ਸਫਾਰਤਖਾਨੇ ਉਤੇ ਹਮਲੇ ਕਰਨ ਦੇ ਦੋਸ਼ੀ ਠਹਿਰਾਕੇ ਉਨ੍ਹਾਂ ਦੀਆਂ ਫੋਟੋਆਂ ਸਮੇਤ ਮੀਡੀਏ ਤੇ ਅਖ਼ਬਾਰਾਂ ਵਿਚ ਜਾਰੀ ਕੀਤੀਆ ਹਨ ਤਾਂ ਕਿ ਸਮੁੱਚੇ ਇੰਡੀਆ ਵਿਚ ਵੱਸਣ ਵਾਲੀ ਬਹੁਗਿਣਤੀ ਹਿੰਦੂ ਕੌਮ ਅਤੇ ਬਾਹਰਲੇ ਮੁਲਕਾਂ ਦੇ ਨਿਵਾਸੀਆ ਦਾ ਧਿਆਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵੱਲ ਕੇਦਰਿਤ ਕਰਕੇ ਉਨ੍ਹਾਂ ਨੂੰ ਬਦਨਾਮ ਕਰਕੇ ਆਉਣ ਵਾਲੀਆ 2024 ਦੀਆਂ ਚੋਣਾਂ ਵਿਚ ਸਮੁੱਚੇ ਹਿੰਦੂਆਂ ਨੂੰ ਆਪਣੇ ਪੱਖ ਵਿਚ ਭੁਗਤਾਇਆ ਜਾ ਸਕੇ । ਇਹ ਅਮਲ ਉਸੇ ਤਰ੍ਹਾਂ ਦੇ ਬਾਲਾਕੋਟ ਸਰਜੀਕਲ ਸਟ੍ਰਾਈਕ ਵਰਗੇ ਹਨ । ਜਿਸ ਅਧੀਨ ਇਕ ਸਾਜਿਸ ਤਹਿਤ ਬੀਜੇਪੀ-ਆਰ.ਐਸ.ਐਸ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੇ ਉਪਰੋਕਤ ਬਾਲਾਕੋਟ ਸਰਜੀਕਲ ਸਟ੍ਰਾਈਕ ਕਰਕੇ ਸਮੁੱਚੇ ਇੰਡੀਆ ਵਿਚ ਆਪਣੀ ਵਾਹ-ਵਾਹ ਕਰਵਾਉਦੇ ਹੋਏ ਬਹੁਗਿਣਤੀ ਹਿੰਦੂ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਕੇ ਸਿਆਸੀ ਖੇਡ ਨੂੰ ਜਿੱਤਣ ਦਾ ਢੌਗ ਰਚਿਆ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵੱਲੋ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਸਮੁੱਚੇ ਸੰਸਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸੱਚ ਨੂੰ ਉਜਾਗਰ ਕਰਨ ਉਪਰੰਤ ਕੌਮਾਂਤਰੀ ਪੱਧਰ ਤੇ ਇੰਡੀਆ ਵਿਰੁੱਧ ਉੱਠ ਰਹੀ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਆਵਾਜ ਨੂੰ ਮੱਧਮ ਕਰਨ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕੀਤੇ ਜਾ ਰਹੇ ਨਫਰਤ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬੀਤੇ 76 ਸਾਲਾਂ ਤੋ ਇਥੋ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ ਨਾ ਦੇਣ ਦੀ ਬਾਦਲੀਲ ਢੰਗ ਨਾਲ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਦੇ ਹੁਕਮਰਾਨ, ਉੱਚੀ ਸੁੱਚੀ ਮਨੁੱਖਤਾ ਪੱਖੀ ਸੋਚ ਰੱਖਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਅਤੇ ਉਨ੍ਹਾਂ ਦੇ ਕਾਇਮ ਹੋਣ ਵਾਲੇ ਖ਼ਾਲਿਸਤਾਨ ਸਟੇਟ ਦੇ ਨਾਮ ਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਕਰਦੇ ਹੋਏ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ, ਗਰਮਦਲੀਏ ਨਾਮ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਉਹ ਸਾਨੂੰ ਜਨਤਕ ਤੌਰ ਤੇ ਦੱਸਣ ਕਿ ਕੇਵਲ 3 ਕਰੋੜ ਦੀ ਵਸੋ ਵਾਲੀ ਸਿੱਖ ਕੌਮ ਵਿਚ ਕਿੰਨੇ ਪ੍ਰਤੀਸ਼ਤ ਖ਼ਾਲਿਸਤਾਨੀ ਹਨ ਅਤੇ ਕਿੰਨੇ ਹਿੰਦੂਤਵ ਨਫਰਤ ਫੈਲਾਉਣ ਵਾਲੀ ਸੋਚ ਨਾਲ ਚੱਲਣ ਵਾਲੇ?