ਖਾਲਿਸਤਾਨ ਦੀ ਪ੍ਰਾਪਤੀ ਲਈ ਵਚਨਬੱਧਤਾ ਦੁਹਰਾਉਂਦਿਆਂ ਚੜ੍ਹਦੀਕਲਾ ਨਾਲ ਮਨਾਇਆ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ

ਖਾਲਿਸਤਾਨ ਦੀ ਪ੍ਰਾਪਤੀ ਲਈ ਵਚਨਬੱਧਤਾ ਦੁਹਰਾਉਂਦਿਆਂ ਚੜ੍ਹਦੀਕਲਾ ਨਾਲ ਮਨਾਇਆ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ

ਫਤਹਿਗੜ੍ਹ ਸਾਹਿਬ: ਦਿੱਲੀ ਤਖਤ ਖਿਲਾਫ ਸਿੱਖਾਂ ਦੇ ਮੋਜੂਦਾ ਅਜ਼ਾਦੀ ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੀਤੇ ਕੱਲ੍ਹ ਖਾਲਸਾਈ ਜਾਹੋ ਜਲਾਲ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਾਹਮਣੇ ਖੁੱਲ੍ਹੇ ਪੰਡਾਲ ਵਿਚ ਮਨਾਇਆ ਗਿਆ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ਾਰਾਂ ਦਾ ਇਕੱਠ ਹੋਇਆ ਤੇ ਸਟੇਜ ਤੋਂ ਪੰਥਕ ਆਗੂਆਂ ਨੇ ਵਿਚਾਰਾਂ ਦੀ ਸਾਂਝ ਪਾਈ।

ਇਸ ਦੌਰਾਨ ਸੰਬੋਧਨ ਕਰਦਿਆਂ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਲਈ ਵੱਖਰੇ ਰਾਜ ਖ਼ਾਲਿਸਤਾਨ ਦੀ ਮੰਗ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਗੁਆਂਢੀ ਮੁਲਕ ਨਾਲ ਜੰਗ ਲਗਾਉਣ ਦੀਆਂ ਗੱਲਾਂ ਕਰ ਕੇ ਨਿਰਦੋਸ਼ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੀ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਲਈ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਤੇ ਕੌਮੀ ਆਬਾਦੀ ਰਜਿਸਟਰ ਵਰਗੇ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਪਰ ਲੋਕ ਭਾਵਨਾਵਾਂ ਨੂੰ ਸਮਝਦੇ ਹੋਏ ਪੰਜਾਬ, ਰਾਜਸਥਾਨ, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਦੀਆਂ ਹਕੂਮਤਾਂ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਮਤੇ ਪਾ ਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਸੂਬਿਆਂ ਨੂੰ ਵੀ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਵੱਖ-ਵੱਖ ਰਾਜਾਂ ਵਿੱਚ ਗੁਰੂਘਰਾਂ ਨੂੰ ਢਾਹਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਗੁਰਸੇਵ ਸਿੰਘ ਹਰਪਾਲਪੁਰ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ, ਸਵਰਨ ਸਿੰਘ ਪੰਜਗਰਾਈਂ ਮੀਤ ਪ੍ਰਧਾਨ, ਹਰਪਾਲ ਸਿੰਘ ਚੀਮਾ ਦਲ ਖ਼ਾਲਸਾ, ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵ ਸਿੰਘ ਹਰਪਾਲਪੁਰ ਆਦਿ ਹਾਜ਼ਰ ਸਨ।

ਇਸ ਇਕੱਠ ਵਿਚ 19 ਮਤੇ ਸਰਬਸੰਮਤੀ ਨਾਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਜਿਨ੍ਹਾਂ ਵਿਚ ਜੇਕਰ ਅਮਰੀਕਾ ਵੈਨੇਜੁਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ. ਨੂੰ ਗੁਜ਼ਾਰਿਸ਼ ਕਰ ਸਕਦਾ ਹੈ ਤਾਂ ਕਾਨੂੰਨ ਅਨੁਸਾਰ ਹੋਂਦ 'ਚ ਆਈ ਸ਼੍ਰੋਮਣੀ ਕਮੇਟੀ ਚੋਣਾਂ ਕਿਉਂ ਨਹੀਂ ਕਰਵਾਈਆ ਜਾਂਦੀਆਂ, ਕੌਮੀ ਵਿਰਸੇ-ਵਿਰਾਸਤਾਂ ਨੂੰ ਸਾਜਸ਼ੀ ਢੰਗ ਨਾਲ ਖ਼ਤਮ ਕਰਨ ਦੀਆਂ ਕਾਰਵਾਈਆ ਸਹਿਣ ਨਹੀਂ ਕੀਤੀਆਂ ਜਾਣਗੀਆਂ, ਨਵੀਂ ਹੋਣ ਵਾਲੀ ਮਰਦਮ-ਸ਼ੁਮਾਰੀ ਸਮੇਂ ਸਮੁੱਚੀ ਸਿੱਖ ਕੌਮ ਆਪਣੀ 'ਸਿੱਖ ਕੌਮੀਅਤ' ਲਿਖਾਉਣ ਦੇ ਫਰਜ ਅਦਾ ਕਰੇ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਮਰਾਨ ਖਾਨ, ਜਰਨਲ ਬਾਜਵਾ ਅਤੇ ਮੋਦੀ ਦਾ ਧੰਨਵਾਦ ਆਦਿ ਮਤੇ ਸ਼ਾਮਿਲ ਹਨ।