ਕੇਸਾਂ ਦੀ ਵਿਰਾਸਤ

ਕੇਸਾਂ ਦੀ ਵਿਰਾਸਤ

ਅੱਜ ਦੇ ਪਦਾਰਥਵਾਦ ਦੇ ਯੁੱਗ ਵਿਚ ਕਿਸੇ ਵਿਅਕਤੀ ਲਈ ਜ਼ਿੰਦਗੀ ਦੀ ਸਭ ਤੋਂ ਵੱਧ ਸਕੂਨ ਤੇ ਪ੍ਰਾਪਤੀ ਵਾਲੀ ਘੜੀ ਉਹ ਸਮਝੀ ਜਾਂਦੀ ਹੈ, ਜਦੋਂ ਉਸ ਦੀ ਔਲਾਦ ਦੁਨਿਆਵੀ ਤੌਰ ‘ਤੇ ਆਪਣਾ ਇਕ ਮੁਕਾਮ ਹਾਸਲ ਕਰ ਲਵੇ ਅਤੇ ਆਰਥਿਕ ਤੌਰ ‘ਤੇ ਸਮਰੱਥ ਹੋ ਜਾਵੇ। ਸੰਸਾਰਕ ਜੀਵਨ ਵਿਚ ਹਰੇਕ ਮਾਂ-ਪਿਓ ਆਪਣੀ ਔਲਾਦ ਨੂੰ ਪੜ੍ਹਾ-ਲਿਖਾ ਕੇ ਕਿਸੇ ਉੱਚੇ ਸੰਸਾਰੀ ਰੁਤਬੇ ਦਾ ਧਾਰਨੀ ਬਣਾਉਣ ਅਤੇ ਮਾਇਕ ਪੱਖ ਤੋਂ ਅਮੀਰ ਵੇਖਣਾ ਲੋਚਦਾ ਹੈ। ਪਰ ਗੁਰਸਿੱਖੀ ਦਾ ਰਾਹ ਨਿਰਾਲਾ ਹੀ ਹੈ। ਗੁਰੂ ਦੇ ਸਿੱਖ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਹੈ ਕਿ ਉਸ ਦੀ ਔਲਾਦ ਉਸ ਦੀ ਵਿਰਾਸਤ ਨੂੰ ਅੱਗੇ ਤੋਰਨ ਦੇ ਸਮਰੱਥ, ਭਾਵ; ਸਿੱਖੀ ਸਰੂਪ ਵਿਚ ਹੋਵੇ। ਬਾਕੀ ਵਿੱਦਿਆ-ਪੜ੍ਹਾਈਆਂ, ਦੁਨਿਆਵੀ ਰੁਤਬੇ, ਧਨ-ਦੌਲਤ ਦੀ ਕਮਾਈ ਸਾਰੇ ਦੁਨਿਆਵੀ ਲੋਕ ਲਈ ਫਿਰਦੇ ਹਨ, ਜੋ ਗੁਰਸਿੱਖ ਲਈ ਤੁੱਛ ਹੈ।

ਜਿਹੜਾ ਸਰਮਾਇਆ ਸੱਚੇ ਗੁਰਸਿੱਖ ਕੋਲ ਉਸ ਦੀ ਸਿੱਖੀ ਸਰੂਪ ਤੇ ਜੀਵਨ-ਜਾਚ ਵਿਚ ਪ੍ਰਪੱਕ ਔਲਾਦ ਦੇ ਰੂਪ ਵਿਚ ਹੁੰਦਾ ਹੈ, ਉਹ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਇਸ ਧਾਰਨਾ ਦੀ ਤਰਜਮਾਨੀ ਸਾਡੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਡੀ ਸੰਸਾਰਕ ਜੀਵਨ-ਜਾਚ ਸਿਖਾਉਣ ਵਾਲੇ ਸਾਨੂੰ ਬਖਸ਼ੇ ਰਹਿਤਨਾਮਿਆਂ ਵਿਚੋਂ ਵੀ ਹੁੰਦੀ ਹੈ: 
''ਬਚਨ ਹੈ ਸ੍ਰੀ ਗੁਰੂ ਜੀ ਕਾ ਕਿ ਜੇ ਕੋਈ ਸਿਖ ਦਾ ਬੇਟਾ ਹੋਇ ਔਰ ਮੋਨਾ ਹੋਇ ਜਾਵੇ, ਤਿਸ ਕੀ ਜੜ ਸੁੱਕੀ ਔਰ ਜੋ ਮੋਨਾ, ਸਿਖ ਹੋਇ ਜਾਵੇ ਤਿਸ ਕੀ ਜੜ ਹਰੀ।'' (ਹਵਾਲਾ- ਰਹਿਤਨਾਮੇ, ਸੰਪਾਦਨਾ : ਪ੍ਰੋ. ਪਿਆਰਾ ਸਿੰਘ ਪਦਮ)

ਸ਼ੇਰ-ਏ-ਪੰਜਾਬ ਦੇ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਮਹਾਰਾਣੀ ਜਿੰਦਾਂ, ਜਿਹੜੀ ਅੰਗਰੇਜ਼ਾਂ ਵਲੋਂ ਕੈਦ ਕੀਤੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਵਿਯੋਗ 'ਚ ਅੰਨ੍ਹੀ ਹੋ ਗਈ ਸੀ। ਕਲਕੱਤੇ 'ਚ ਮੁੱਦਤਾਂ ਬਾਦ ਦੋਵਾਂ ਮਾਂ-ਪੁੱਤ ਦਾ ਮਿਲਾਪ ਹੋਇਆ ਤਾਂ ਅੰਗਰੇਜ਼ਾਂ ਵਲੋਂ ਇਸਾਈ ਬਣਾ ਲਏ ਆਪਣੇ ਪੁੱਤ ਦੇ ਸਿਰ 'ਤੇ ਹੱਥ ਫੇਰਦਿਆਂ ਜਦੋਂ ਉਸ ਨੂੰ ਪੁੱਤ ਦੇ ਸਿਰ 'ਤੇ ਜੂੜਾ ਨਾ ਲੱਭਿਆ ਤਾਂ ਉਸ ਨੇ ਧਾਹ ਮਾਰਦਿਆਂ ਆਖਿਆ ਸੀ, “ਨੀ ਤਕਦੀਰੇ! ਤੂੰ ਮੇਰੇ ‘ਤੇ ਇਹ ਕੀ ਕਹਿਰ ਢਾਹਿਆ ਈ, ਪਹਿਲਾਂ ਮੇਰੇ ਸਿਰ ਦਾ ਸਾਈਂ ਖੋਹਿਆ, ਫਿਰ ਰਾਜ ਖੋਹਿਆ ਤੇ ਹੁਣ ਮੈਥੋਂ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ। ਅੱਜ ਮੇਰੀ ਕੁੱਖ ਬਾਂਝ ਹੋ ਗਈ, ਮੇਰੀਆਂ ਰਗਾਂ 'ਚੋਂ ਕਲਗੀਧਰ ਦਾ ਖੂਨ ਮੁੱਕ ਗਿਐ...” ਤੇ ਅੰਤ ਮਾਂ ਦੇ ਇਸ ਤਰਲੇ ਨੇ ਦਲੀਪ ਸਿੰਘ ਨੂੰ ਮੁੜ ਸਿੰਘ ਸਜਣ ਲਈ ਪ੍ਰੇਰਿਤ ਕੀਤਾ ਸੀ।

ਸਿੱਖ ਘਰਾਂ ਅਤੇ ਗੁਰਦੁਆਰਿਆਂ ਅੰਦਰ ਦੋਵੇਂ ਵੇਲੇ ਨਿੱਤਨੇਮ ਤੋਂ ਬਾਅਦ ਅਰਦਾਸ ਹੁੰਦੀ ਹੈ ਅਤੇ ਇਸ ਅਰਦਾਸ ਦੌਰਾਨ ਸਿੱਖ ਇਕ ਰੂਹਾਨੀ ਤਸੱਵਰ ਰਾਹੀਂ ''ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ'' ਅਕਾਲ ਪੁਰਖ ਵਾਹਿਗੁਰੂ ਦੇ ਰੂਬਰੂ ਹੁੰਦਾ ਹੋਇਆ ''ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ'' ਦੀ ਦਾਤ ਮੰਗਦਾ ਹੈ। 

“ਵਾਹਿਗੁਰੂ ਸਾਨੂੰ ਤੇ ਸਾਡੀ ਔਲਾਦ ਨੂੰ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਦਾਤ ਬਖ਼ਸ਼ੇ...!” ਮੈਨੂੰ ਲੱਗਦਾ ਹੈ ਕਿ ਸਿੱਖ ਲਈ ਸੰਸਾਰਕ ਜੀਵਨ ਵਿਚ ਗੁਰੂ ਤੋਂ ਮੰਗਣ ਵਾਸਤੇ ਦੁਨੀਆ ਭਰ ਦੀ ਇਸ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੈ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)