ਲਾਹੌਰ ਦੇ ਇਤਿਹਾਸਕ ਕਿਲ੍ਹੇ ਵਿੱਚ ਸਥਾਪਿਤ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਯਾਦਗਾਰੀ ਬੁੱਤ

ਲਾਹੌਰ ਦੇ ਇਤਿਹਾਸਕ ਕਿਲ੍ਹੇ ਵਿੱਚ ਸਥਾਪਿਤ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਯਾਦਗਾਰੀ ਬੁੱਤ
ਮਹਾਰਾਜਾ ਰਣਜੀਤ ਸਿੰਘ ਦਾ ਯਾਦਗਾਰੀ ਬੁੱਤ

ਲਾਹੌਰ: ਲੰਬੇ ਸੰਘਰਸ਼ ਤੋਂ ਬਾਅਦ 19ਵੀਂ ਸਦੀ ਵਿੱਚ ਪੰਜਾਬ ਉੱਤੇ ਕਾਇਮ ਹੋਏ ਸਿੱਖ ਰਾਜ ਦੀ ਕਰੀਬ 40 ਸਾਲ ਅਗਵਾਈ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਦੇ ਰੂਪ ਵਿੱਚ ਉਹਨਾਂ ਦਾ ਅਰਬੀ ਘੋੜੇ 'ਤੇ ਬੈਠਿਆਂ ਦਾ ਇੱਕ ਵੱਡਾ ਬੁੱਤ ਉਸ ਸਮੇਂ ਦੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿੱਚ ਸਥਾਪਿਤ ਕੀਤਾ ਗਿਆ ਹੈ। 

ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਫੈਲੀਆਂ ਹੋਈਆਂ ਸਨ ਤੇ ਸਰਦਾਰ ਹਰੀ ਸਿੰਘ ਨਲੂਆ, ਜਥੇਦਾਰ ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਜਿਹੇ ਸੂਰਬੀਰ ਜਰਨੈਲ ਸਿੱਖ ਰਾਜ ਦੇ ਥੰਮ ਸਨ। ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਜਿਸ ਕਿਲ੍ਹੇ ਵਿੱਚ ਦਰਬਾਰ ਲਾਉਂਦੇ ਸਨ ਉਸ ਇਤਿਹਾਸਕ ਕਿਲ੍ਹੇ ਵਿੱਚ ਲਾਏ ਗਏ ਇਸ ਬੁੱਤ ਦਾ ਬੀਤੇ ਕੱਲ੍ਹ ਉਦਘਾਟਨ ਕੀਤਾ ਗਿਆ। 

ਇਸ ਬੁੱਤ ਨੂੰ ਲਾਹੌਰ ਦੇ ਕਿਲੇ ਵਿੱਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਪਾਕਿਸਤਾਨ ਦੇ ਸੀਨੀਅਰ ਅਫਸਰ ਸ਼ਾਮਲ ਹੋਏ। ਸਿੱਖ ਮਹਾਰਾਜੇ ਦਾ ਇਹ ਬੁੱਤ ਭਾਰਤ ਤੇ ਪਕਿਸਤਾਨ ਵਿੱਚ ਆਪਣੇ ਆਪ ਵਿੱਚ ਪਹਿਲਾ ਅਤੇ ਵਿਲੱਖਣ ਬੁੱਤ ਹੈ। ਇਸ ਪਹਿਲਕਦਮੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕਲਾ ਪ੍ਰੇਮੀਆਂ ’ਚ ਉਤਸ਼ਾਹ ਦਾ ਮਾਹੌਲ ਹੈ। ਇਸ ਬੁੱਤ ਨੂੰ ਤਿਆਰ ਕਰਨ ਵਾਲੇ ਕਲਾਕਾਰ ਨੇ ‘ਐਕਸਪ੍ਰੈਸ ਨਿਊਜ਼’ ਅਖਬਾਰ ਨੂੰ ਦੱਸਿਆ ਕਿ ਬੁੱਤ ਵਿੱਚ ਮਹਾਰਾਜੇ ਦੀਆਂ ਸਾਰੀਆਂ ਖੂਬੀਆਂ ਨੂੰ ਦਰਸਾਇਆ ਗਿਆ ਹੈ। ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ਕਹਾਰ ਬਹਾਰ ਉੱਤੇ ਬੈਠੇ ਹਨ। ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਤੋਹਫ਼ੇ ਵਿੱਚ ਦਿੱਤਾ ਸੀ। ਬੁੱਤ ਫਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫ਼ਉਦੀਨ ਸੋਜ਼ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ।

ਫਕੀਰ ਸੈਫਉਦੀਨ ਨੇ ਦੱਸਿਆ ਕਿ ਇਹ ਬੁੱਤ ਇਸ ਖਿੱਤੇ ਵਿੱਚ ਬਣੇ ਹੋਰਨਾਂ ਬੁੱਤਾਂ ਤੋਂ ਇਸ ਕਰਕੇ ਵਿਲੱਖਣ ਹੈ, ਕਿਉਂਕਿ ਇਸ ਨੂੰ ਤਿਆਰ ਕਰਨ ਲਈ ਫਾਈਬਰ ਕੋਲਡ ਬਰੌਨਜ਼ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਇਹ ਬੁੱਤ ਅੱਠ ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਹੈ।

ਇਸ ਬੁੱਤ ਨੂੰ ਤਿਆਰ ਕਰਾਉਣ ਵਾਲੇ ਸਿੱਖ ਹੈਰੀਟੇਜ ਫਾਊਂਡੇਸ਼ਨ ਯੂ.ਕੇ ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਨੇ ਕਿਹਾ ਕਿ ਉਹ ਇਨ੍ਹਾਂ ਯਾਦਗਾਰੀ ਪਲਾਂ ਦਾ ਹਿੱਸਾ ਬਣਨ ਉੱਤੇ ਬੇਹੱਦ ਖੁਸ਼ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ