ਅੰਮ੍ਰਿਤ ਪਰੰਪਰਾ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਤੇ ਕਾਰਵਾਈ ਦੀ ਮੰਗ ਕਰਨ ਵਾਲਿਆਂ ਨੂੰ ਚੁੱਕਿਆ

ਅੰਮ੍ਰਿਤ ਪਰੰਪਰਾ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਤੇ ਕਾਰਵਾਈ ਦੀ ਮੰਗ ਕਰਨ ਵਾਲਿਆਂ ਨੂੰ ਚੁੱਕਿਆ
ਪਰਦੀਪ ਸਿੰਘ ਖਾਲਸਾ

ਲੁਧਿਆਣਾ: ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁੱਝ ਨੌਜਵਾਨ ਸ਼ਰਾਬ ਨੂੰ ਅੰਮ੍ਰਿਤ ਦੀ ਨਕਲ ਕਰਦਿਆਂ ਪੀਣ ਦਾ ਨਾਟਕ ਕਰ ਰਹੇ ਸਨ ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਸੀ ਤੇ ਸਿੱਖ ਸੰਗਤਾਂ ਵਿੱਚ ਇਸ ਮੰਡੀਰ ਖਿਲਾਫ ਰੋਹ ਫੈਲਿਆ ਸੀ। ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਇਹ ਮੁੰਡੇ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਹਨ ਤੇ ਇਹਨਾਂ ਵਿੱਚੋਂ ਕੁੱਝ ਸ਼ਿਵ ਸੈਨਾ ਦੇ ਕਾਰਕੁੰਨ ਹਨ। 

ਇਹਨਾਂ ਵੱਲੋਂ ਅੰਮ੍ਰਿਤਪਾਣ ਦੀ ਪਰੰਪਰਾ ਦੀ ਕੀਤੀ ਗਈ ਬੇਅਦਬੀ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਪ੍ਰਸ਼ਾਸਨ ਨੂੰ ਕਿਹਾ ਗਿਆ। ਪਰ ਜਦੋਂ ਪੁਲਿਸ ਵੱਲੋਂ ਪਰਚਾ ਦਰਜ ਕਰਨ ਤੋਂ ਆਨਾਕਾਨੀ ਕੀਤੀ ਗਈ ਤਾਂ ਸਿੱਖ ਸੰਗਤਾਂ ਵੱਲੋਂ ਲੁਧਿਆਣਾ ਦੇ ਜਗਰਾਓਂ ਪੁਲ 'ਤੇ ਧਰਨਾ ਲਾ ਦਿੱਤਾ ਗਿਆ। 

ਪ੍ਰਸ਼ਾਸਨ ਵੱਲੋਂ ਕਾਰਵਾਈ ਦਾ ਭਰੋਸਾ ਦੇਣ ਮਗਰੋਂ ਸਿੱਖ ਸੰਗਤਾਂ ਵੱਲੋਂ ਧਰਨਾ ਚੁੱਕ ਲਿਆ ਗਿਆ ਸੀ ਪਰ ਅੱਜ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਵਜਾਏ ਧਰਨੇ ਵਿੱਚ ਅੱਗੇ ਹੋਏ ਸਿੱਖ ਨੌਜਵਾਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਇਸ ਧਰਨੇ ਦੌਰਾਨ ਅੱਗੇ ਲੱਗਣ ਵਾਲੇ ਸਿੱਖ ਨੌਜਵਾਨ ਪਰਦੀਪ ਸਿੰਘ ਨੂੰ ਸੁਧਾਰ ਪੁਲਿਸ ਵੱਲੋਂ ਚੁੱਕ ਲਿਆ ਗਿਆ। ਸਿੱਖ ਨੌਜਵਾਨ ਨੂੰ ਪੁਲਿਸ ਵੱਲੋਂ ਚੁੱਕਣ ਦੀ ਖਬਰ ਫੈਲਣ ਨਾਲ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਥਾਣੇ ਦੇ ਬਾਹਰ ਇਕੱਤਰ ਹੋ ਗਈਆਂ ਤੇ ਇਸ ਇਕੱਠ ਦੇ ਦਬਾਅ ਹੇਠ ਪੁਲਿਸ ਨੇ ਪਰਦੀਪ ਸਿੰਘ ਨੂੰ ਛੱਡ ਦਿੱਤਾ। 

ਪੁਲਿਸ ਦੇ ਇਸ ਰਵੱਈਏ ਨੇ ਇੱਕ ਵਾਰ ਫੇਰ ਪੰਜਾਬ ਪੁਲਿਸ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਵਜਾਏ ਪਰਦੀਪ ਸਿੰਘ ਨੂੰ ਡਰਾਉਣ ਦੇ ਇਰਾਦੇ ਨਾਲ ਚੁੱਕਣਾ ਸਾਬਿਤ ਕਰਦਾ ਹੈ ਕਿ ਪੁਲਿਸ ਵੀ ਦੋਸ਼ੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ