ਬਰਤਾਨਵੀ ਸਿੱਖ ਪਰਿਵਾਰ 'ਤੇ ਥਾਈਲੈਂਡ ਵਿੱਚ ਹਮਲਾ; ਪਤਨੀ ਤੇ ਬੱਚੇ ਨੂੰ ਬਚਾਉਂਦਿਆਂ ਸਿੱਖ ਦੀ ਮੌਤ

ਬਰਤਾਨਵੀ ਸਿੱਖ ਪਰਿਵਾਰ 'ਤੇ ਥਾਈਲੈਂਡ ਵਿੱਚ ਹਮਲਾ; ਪਤਨੀ ਤੇ ਬੱਚੇ ਨੂੰ ਬਚਾਉਂਦਿਆਂ ਸਿੱਖ ਦੀ ਮੌਤ
ਬਜਾਜ ਪਰਿਵਾਰ ਦੀ ਪੁਰਾਣੀ ਤਸਵੀਰ

ਲੰਡਨ: ਬਰਤਾਨੀਆ ਦੇ ਇੱਕ ਸਿੱਖ ਪਰਿਵਾਰ 'ਤੇ ਥਾਈਲੈਂਡ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਸ਼ਰਾਬੀ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ 34 ਸਾਲਾ ਅਮ੍ਰਿਤਪਾਲ ਸਿੰਘ ਬਜਾਜ ਦੀ ਮੌਤ ਹੋ ਗਈ। 

ਅਮ੍ਰਿਤਪਾਲ ਸਿੰਘ ਬਜਾਜ ਆਪਣੀ ਪਤਨੀ ਅਤੇ 2 ਸਾਲਾਂ ਦੇ ਪੁੱਤਰ ਸਮੇਤ ਥਾਈਲੈਂਡ ਘੁੰਮਣ ਗਏ ਹੋਏ ਸਨ। ਜਿਸ ਹੋਟਲ ਦੇ ਕਮਰੇ ਵਿੱਚ ਇਹ ਪਰਿਵਾਰ ਰੁਕਿਆ ਸੀ ਉਸ ਦੇ ਨਾਲ ਦੇ ਕਮਰੇ ਵਿੱਚ ਇੱਕ ਨੋਰਵੇ ਮੂਲ ਦਾ ਬੰਦਾ ਰੁਕਿਆ ਸੀ ਜਿਸ ਦੇ ਰੌਲੇ ਰੱਪੇ ਤੋਂ ਤੰਗ ਆ ਕੇ ਬਜਾਜ ਨੇ ਉਸ ਨਾਲ ਇਤਰਾਜ਼ ਪ੍ਰਗਟਾਇਆ ਸੀ। 

ਇਸ ਤੋਂ ਗੁੱਸੇ ਵਿੱਚ ਆਏ ਇਸ ਵਿਅਕਤੀ ਨੇ ਬਾਲਕੋਨੀ ਦੇ ਰਾਹੀਂ ਬਜਾਜ ਪਰਿਵਾਰ ਦੇ ਕਮਰੇ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਤੇ ਆਪਣੇ ਬੱਚੇ ਅਤੇ ਪਤਨੀ ਨੂੰ ਬਚਾਉਂਦਿਆਂ ਬਜਾਜ ਦੀ ਇਸ ਕਾਤਲ ਨਾਲ ਲੜਾਈ ਦੌਰਾਨ ਮੌਤ ਹੋ ਗਈ।

ਬਜਾਜ ਦੀ ਪਤਨੀ ਨੇ ਕਿਹਾ, "ਮੇਰੇ ਪਤੀ ਨੇ ਮੇਰੀ ਅਤੇ ਮੇਰੇ ਪੁੱਤਰ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਉਹ ਹਮੇਸ਼ਾ ਸਾਡੇ ਨਾਇਕ ਰਹਿਣਗੇ।"

ਬੰਦਨਾ ਕੌਰ ਬਜਾਜ ਨੇ ਦੱਸਿਆ ਕਿ ਹਮਲਾਵਰ ਨਗਨ ਅਵਸਥਾ ਵਿੱਚ ਉਹਨਾਂ ਦੇ ਕਮਰੇ ਅੰਦਰ ਦਾਖਲ ਹੋਇਆ ਤੇ ਉਸਨੇ ਹਮਲਾ ਕਰ ਦਿੱਤਾ। 

ਬੰਦਨਾ ਕੌਰ ਬਜਾਜ ਨੇ ਦੱਸਿਆ ਕਿ ਜਦੋਂ ਅਮ੍ਰਿਤਪਾਲ ਸਿੰਘ ਬਜਾਜ ਉਸ ਹਮਲਾਵਰ ਨਾਲ ਜੂਝ ਰਹੇ ਸਨ ਤਾਂ ਉਹਨਾਂ ਬੱਚੇ ਨੂੰ ਨਾਲ ਲੈ ਕੇ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਕਿ ਉਸ ਦਾ ਅਤੇ ਬੱਚੇ ਦਾ ਬਚਾਅ ਹੋ ਸਕੇ। 

ਇਸ ਹਮਲਾਵਰ ਨਾਲ ਜੂਝਦਿਆਂ ਅਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਅਤੇ ਹੁਣ ਬੰਦਨਾ ਕੌਰ ਬਜਾਜ ਆਪਣੇ ਦੋ ਸਾਲ ਦੇ ਬੱਚੇ ਵੀਰ ਸਿੰਘ ਨਾਲ ਇਕੱਲੀ ਰਹਿ ਗਈ ਹੈ। ਬਰਤਾਨਵੀ ਦੂਤਾਵਾਸ ਦੇ ਅਫਸਰ ਬਜਾਜ ਪਰਿਵਾਰ ਨਾਲ ਸੰਪਰਕ ਵਿੱਚ ਹਨ। 

ਨੋਰਵੀਅਨ ਵਿਦੇਸ਼ ਮਹਿਕਮੇ ਨੇ ਕਾਲਤ ਨੋਰਵੀਅਨ ਵਿਅਕਤੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।